'ਮੋਦੀ ਨੇ 8400 ਕਰੋੜ ਦਾ ਜਹਾਜ਼ ਖਰੀਦਿਆ, ਏਨੇ 'ਚ ਹੋ ਜਾਣੀਆਂ ਸੀ ਫ਼ੌਜੀਆਂ ਦੀਆਂ ਲੋੜਾਂ ਪੂਰੀਆਂ'
ਨਵੀਂ ਦਿੱਲੀ, 9 ਅਕਤੂਬਰ : ਵੀਵੀਆਈਪੀ ਜਹਾਜ਼ਾਂ ਦੀ ਪ੍ਰਾਪਤੀ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਹੈਰਾਨੀ ਜਤਾਈ ਹੈ ਕਿ ਮੋਦੀ ਦੇ ਜ਼ਹਾਜ 'ਤੇ ਖ਼ਰਚ ਕੀਤੀ ਗਈ ਰਾਸ਼ੀ ਵਿਚੋਂ ਸਿਆਚਿਨ-ਲੱਦਾਖ਼ ਸਰਹੱਦ 'ਤੇ ਤੈਨਾਤ ਸੈਨਿਕਾਂ ਲਈ ਕਿੰਨੀਆਂ ਚੀਜ਼ਾਂ ਖਰੀਦੀਆਂ ਜਾ ਸਕਦੀਆਂ ਹਨ। ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਚ ਅਪਣੀ ਮੁਹਿੰਮ ਦੌਰਾਨ, ਕਾਂਗਰਸ ਨੇਤਾ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ 'ਤੇ ਹਵਾਈ ਜਹਾਜ਼ ਵਿਚ ਹਜ਼ਾਰਾਂ ਕਰੋੜਾਂ ਰੁਪਏ ਬਰਬਾਦ ਕਰਨ ਦਾ ਦੋਸ਼ ਲਗਾਇਆ ਸੀ। ਰਾਹੁਲ ਗਾਂਧੀ ਨੇ ਸਿਆਚਿਨ ਅਤੇ ਲੱਦਾਖ਼ ਵਿਚ ਤੈਨਾਤ ਭਾਰਤੀ ਸੈਨਿਕਾਂ ਲਈ ਗਰਮ ਕਪੜੇ ਅਤੇ ਲੋੜੀਂਦੀਆਂ ਚੀਜ਼ਾਂ ਖਰੀਦਣ ਵਿਚ ਹੋ ਰਹੀ ਦੇਰੀ ਬਾਰੇ ਇਕ ਰਿਪੋਰਟ ਦਾ ਸਕਰੀਨ ਸ਼ਾਰਟ ਸਾਂਝਾ ਕਰਦਿਆਂ ਮੋਦੀ ਸਰਕਾਰ 'ਤੇ ਹਮਲਾ ਬੋਲਿਆ। ਉਹਨਾਂ ਲਿਖਿਆ, ''ਪ੍ਰਧਾਨ ਮੰਤਰੀ ਨੇ ਅਪਣੇ ਲਈ 8400 ਕਰੋੜ ਦਾ ਜਹਾਜ਼ ਖਰੀਦਿਆ। ਇਸ ਰਾਸ਼ੀ ਨਾਲ ਸਿਆਚਿਨ-ਲੱਦਾਖ਼ ਸਰਹੱਦ 'ਤੇ ਤੈਨਾਤ ਸਾਡੇ ਸਿਪਾਹੀਆਂ ਲਈ ਬਹੁਤ ਕੁਝ ਖਰੀਦਿਆ ਜਾ ਸਕਦਾ ਹੈ - ਗਰਮ ਕੱਪੜੇ: 30,00,000, ਜੈਕਟ, ਦਸਤਾਨੇ: 60,00,000, ਜੁੱਤੇ: 67,20,000, ਆਕਸੀਜਨ ਸਿਲੰਡਰ: 16,80,000. ਪ੍ਰਧਾਨ ਮੰਤਰੀ ਨੂੰ ਸਿਰਫ਼ ਅਪਣੇ ਅਕਸ ਦੀ ਚਿੰਤਾ ਹੈ ਨਾ ਕਿ ਸੈਨਿਕਾਂ ਦੀ।''