
ਇਹ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਿੱਤੀ।
ਚੰਡੀਗੜ੍ਹ - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਸਾਲ ਪਹਿਲਾਂ ਆਪਣੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨਾਲ ਕੀਤੇ ਵਾਅਦੇ, ਅਤੇ ‘ਆਪ’ ਦੇ ਸੱਤਾ 'ਚ ਆਉਣ ’ਤੇ ਫ਼ਿਜ਼ੀਕਲ ਟ੍ਰੇਨਿੰਗ ਇੰਸਟ੍ਰੱਕਟਰਜ਼ (ਪੀ.ਟੀ.ਆਈ.) ਨੂੰ ਰੈਗੂਲਰ ਕਰਨ ਦੇ ਵਾਅਦੇ ਨੂੰ ਯਾਦ ਕਰਵਾਉਣ ਲਈ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੱਕ ਇੱਕ ਰੋਸ ਮਾਰਚ ਕੱਢਿਆ ਜਾਵੇਗਾ। ਇਹ ਜਾਣਕਾਰੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਿੱਤੀ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਵੱਲੋਂ ਭਾਈ-ਭੈਣ ਦੇ ਪਵਿੱਤਰ ਰਿਸ਼ਤੇ ’ਤੇ ਕੀਤੀ ਸਿਆਸਤ ਬਾਰੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ, "ਕੇਜਰੀਵਾਲ ਨੇ 23 ਅਕਤੂਬਰ ਨੂੰ ਇਸ ਸਥਾਨ ਦਾ ਦੌਰਾ ਕੀਤਾ ਸੀ ਅਤੇ ਸਿੱਪੀ ਸ਼ਰਮਾ ਨੂੰ ਇੱਕ ਭਰਾ ਬਣ ਕੇ ਭਰੋਸਾ ਦਿਵਾਇਆ ਸੀ ਕਿ ‘ਆਪ’ ਸਰਕਾਰ ਬਣਨ ਤੋਂ ਬਾਅਦ ਸਾਰੇ ਫ਼ਿਜ਼ੀਕਲ ਇੰਸਟ੍ਰੱਕਟਰਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ। ਇਹ ਬਹੁਤ ਮੰਦਭਾਗਾ ਹੈ ਕਿ ਸਿੱਪੀ ਸ਼ਰਮਾ ਨੂੰ ਉਹੀ ਵਾਅਦਾ ਯਾਦ ਕਰਾਉਣ ਲਈ ਦੁਬਾਰਾ ਉਸੇ ਟੈਂਕੀ ’ਤੇ ਚੜ੍ਹਨਾ ਪਿਆ, ਜੋ ਉਸ ਦੇ ਭਰਾ ਨੇ 27 ਨਵੰਬਰ, 2021 ਨੂੰ ਉਸ ਨਾਲ ਕੀਤਾ ਸੀ।"
ਅੰਦੋਲਨਕਾਰੀਆਂ ਨੂੰ ਮਜੀਠੀਆ ਨੇ ਭਰੋਸਾ ਦਿੱਤਾ ਕਿ ਅਕਾਲੀ ਦਲ ਕੇਜਰੀਵਾਲ ਨੂੰ ਉਸ ਦੇ ਵਾਅਦੇ ਤੋਂ ਪਿੱਛੇ ਨਹੀਂ ਹਟਣ ਦੇਵੇਗਾ। ਇਸ ਦੌਰਾਨ ਸਿੱਪੀ ਸ਼ਰਮਾ ਨੇ ਮਜੀਠੀਆ ਨੂੰ ਦੱਸਿਆ ਕਿ ਮੁੱਖ ਮੰਤਰੀ ਦੇ ਹਲਕੇ ਦੇ ਭੌਤਿਕ ਸਿੱਖਿਆ ਦੇ ਅਧਿਆਪਕ ਵੀ ਇਨਸਾਫ਼ ਲਈ ਅੰਦੋਲਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇਗਾ, ਪਰ ਅਸਲ 'ਚ ਕੁਝ ਨਹੀਂ ਕੀਤਾ ਗਿਆ।