
ਅਕਾਲੀ ਦਲ ਨੇ ਪਟੀਸ਼ਨ ਦਾਇਰ ਕਰਕੇ ਮਾਮਲਾ ਹੁਸ਼ਿਆਰਪੁਰ ਤੋਂ ਦਿੱਲੀ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਸੀ
ਹੁਸ਼ਿਆਰਪੁਰ: ਦੋਹਰੇ ਸੰਵਿਧਾਨ ਦੇ ਮਾਮਲੇ ਵਿਚ ਅਕਾਲੀ ਦਲ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਸ਼ਿਆਰਪੁਰ ਦੀ ਅਦਾਲਤ ਵਲੋਂ ਬਾਦਲਾਂ ਨੂੰ ਰਾਹਤ ਨਹੀਂ ਦਿੱਤੀ ਗਈ। ਦਰਅਸਲ ਅਕਾਲੀ ਦਲ ਨੇ ਪਟੀਸ਼ਨ ਦਾਇਰ ਕਰਕੇ ਮਾਮਲਾ ਹੁਸ਼ਿਆਰਪੁਰ ਤੋਂ ਦਿੱਲੀ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਇਸ ਮੰਗ ਨੂੰ ਠੁਕਰਾ ਦਿੱਤਾ। ਹੁਣ ਇਸ ਕੇਸ ਦਾ ਨਿਬੇੜਾ ਜਲਦ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਦਰਅਸਲ ਧੋਖਾਧੜੀ ਮਾਮਲੇ ਨੂੰ ਲੈ ਕੇ ਬਾਦਲਾਂ ਵਿਰੁੱਧ ਹੁਸ਼ਿਆਰਪੁਰ ਦੀ ਅਦਾਲਤ ਵਿਚ ਸਾਲ 2009 ’ਚ ਸੋਸ਼ਲਿਸਟ ਪਾਰਟੀ ਦੇ ਆਗੂ ਜਸਵੰਤ ਸਿੰਘ ਖੇੜਾ ਵਲੋਂ ਕੇਸ ਕੀਤਾ ਗਿਆ ਸੀ ਜੋ ਕਿ ਹੁਣ ਤੱਕ ਲਗਾਤਾਰ ਚੱਲ ਰਿਹਾ ਹੈ। ਬੀਤੇ ਸਮੇਂ ਦੌਰਾਨ ਕਈ ਵਾਰ ਸੁਖਬੀਰ ਬਾਦਲ ਪੇਸ਼ੀ ਭੁਗਤਣ ਵੀ ਆਏ। ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਅਕਾਲੀ ਦਲ ਨੇ ਸਿਆਸੀ ਪਾਰਟੀ ਵਜੋਂ ਮਾਨਤਾ ਲੈਣ ਲਈ ਭਾਰਤੀ ਚੋਣ ਕਮਿਸ਼ਨ ਸਾਹਮਣੇ ਜਾਅਲੀ ਸੰਵਿਧਾਨ ਪੇਸ਼ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਵਲੋਂ ਹੁਸ਼ਿਆਰਪੁਰ ਦੀ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਹੁਸ਼ਿਆਰਪੁਰ ਵਿਚ ਪਾਰਟੀ ਦਾ ਕੋਈ ਵੀ ਦਫ਼ਤਰ ਨਹੀਂ ਹੈ, ਇਸ ਲਈ ਇੱਥੇ ਕੇਸ ਨਾ ਚਲਾਇਆ ਜਾਵੇ, ਜਿਸ ’ਤੇ ਅਦਾਲਤ ਵਿਚ ਦੋਹਾਂ ਧਿਰਾਂ ਦੇ ਵਕੀਲਾਂ ’ਚ ਬਹਿਸ ਤੋਂ ਬਾਅਦ ਅਦਾਲਤ ਵੱਲੋਂ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ। ਇਸ ਦੀ ਜਾਣਕਾਰੀ ਸ਼ਿਕਾਇਤਕਤਾ ਦੇ ਵਕੀਲ ਐਡਵੋਕੇਟ ਬਲਵੰਤ ਸਿੰਘ ਵਲੋਂ ਦਿੱਤੀ ਗਈ ਹੈ।