
ਸੈਲਾਨੀਆਂ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ।
ਸ੍ਰੀ ਅਨੰਦਪੁਰ ਸਾਹਿਬ- ਪੰਜਾਬ ਸਰਕਾਰ ਵੱਲੋਂ ਮੁਕੱਦਸ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਦੁਨੀਆਂ ਦਾ ਵਿਲੱਖਣ ਅਜਾਇਬ ਘਰ 'ਵਿਰਾਸਤ-ਏ-ਖਾਲਸਾ' ਭਲਕੇ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਹਾਲਾਂਕਿ ਇਸ ਦੌਰਾਨ ਸੈਲਾਨੀਆਂ ਲਈ ਕੋਰੋਨਾ ਤੋਂ ਬਚਾਅ ਸਬੰਧੀ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਜਾਰੀ ਹਦਾਇਤਾਂ ਦੇ ਮੁਤਾਬਿਕ ਸੈਲਾਨੀਆਂ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ। ਉੱਥੇ ਹੀ ਉਨ੍ਹਾਂ ਲਈ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਅਤੇ ਸੈਨੀਟਾਈਜ਼ਰ ਆਦਿ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗਾ।
ਵਿਰਾਸਤ-ਏ-ਖ਼ਾਲਸਾ ਵਿਖੇ ਸੈਲਾਨੀਆਂ ਦੀ ਆਮਦ ਤੋਂ ਪਹਿਲਾਂ ਪ੍ਰਬੰਧਕਾਂ ਵਲੋਂ ਸਮੁੱਚੇ ਕੰਪਲੈਕਸ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। ਦੱਸ ਦੇਈਏ ਕਿ ਵਿਰਾਸਤ-ਏ-ਖ਼ਾਲਸਾ ਭਾਰਤ ਤੋਂ ਬਾਅਦ ਏਸ਼ੀਆ 'ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਅਜਾਇਬ ਘਰ ਬਣ ਗਿਆ ਹੈ ਤੇ ਇਸਦਾ ਨਾਮ 'ਏਸ਼ੀਆ ਬੁੱਕ ਆਫ ਰਿਕਾਰਡਜ਼' 'ਚ ਦਰਜ ਹੋ ਗਿਆ ਹੈ। ਖ਼ਾਲਸੇ ਦੀ ਜਨਮ ਭੂਮੀ ਆਨੰਦਪੁਰ ਸਾਹਿਬ ਸਥਿਤ ‘ਵਿਰਾਸਤ-ਏ-ਖ਼ਾਲਸਾ’ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਦਰਜ ਹੋਇਆ ਹੈ। ‘ਵਿਰਾਸਤ-ਏ-ਖ਼ਾਲਸਾ’ ਸਮੁੱਚੇ ਭਾਰਤ ’ਚੋਂ ਪਹਿਲੇ ਨੰਬਰ ’ਤੇ ਆ ਗਿਆ ਹੈ। ਇੱਥੇ ਸੈਲਾਨੀਆਂ ਦੀ ਗਿਣਤੀ ਮਹਿਜ਼ 7 ਸਾਲਾਂ ਵਿੱਚ 97 ਲੱਖ ਤੋਂ ਵੀ ਪਾਰ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ 2018 ’ਚ ਬੀਤੇ ਤਿੰਨ ਸਾਲਾਂ ਦੇ ਮੁਕਾਬਲੇ ਸਭ ਤੋਂ ਵੱਧ ਸੈਲਾਨੀ ‘ਵਿਰਾਸਤ-ਏ-ਖ਼ਾਲਸਾ’ ਵੇਖਣ ਲਈ ਆਏ ਹਨ, ਇਸੇ ਕਰਕੇ ਲਿਮਕਾ ਬੁੱਕ ਆਫ ਰਿਕਾਰਡਜ਼ ਵੱਲੋਂ ‘ਵਿਰਾਸਤ-ਏ-ਖ਼ਾਲਸਾ’ ਨੂੰ ਦੇਸ਼ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਮਿਊਜ਼ੀਅਮ ਮੰਨਿਆ ਗਿਆ ਹੈ।