
ਠੰਢੀਆਂ ਹਵਾਵਾਂ ਨੇ ਜ਼ਿਆਦਾਤਰ ਇਲਾਕਿਆਂ ’ਚ ਛੇੜੀ ਕੰਬਣੀ
Punjab Weather News: ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਵਿਚ ਅਜੇ ਠੰਢ ਤੋਂ ਰਾਹਤ ਨਹੀਂ ਮਿਲੇਗੀ। ਪੱਛਮੀ ਗੜਬੜੀ ਦੇ ਸੁਸਤ ਹੋਣ ਤੋਂ ਬਾਅਦ ਹੁਣ ਸੁੱਕੀ ਠੰਢ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਵੀਰਵਾਰ ਸਵੇਰੇ ਕਈ ਥਾਵਾਂ 'ਤੇ ਸੰਘਣੀ ਧੁੰਦ ਦੇਖੀ ਗਈ, ਜਿਸ ਕਾਰਨ ਵਿਜ਼ੀਬਿਲਟੀ 50 ਮੀਟਰ ਤਕ ਰਹੀ।
ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ 'ਤੇ 4 ਉਡਾਣਾਂ ਲੇਟ ਹੋਈਆਂ। ਇਸ ਦੇ ਨਾਲ ਹੀ 4 ਟਰੇਨਾਂ ਵੀ ਪ੍ਰਭਾਵਿਤ ਹੋਈਆਂ। ਬੁੱਧਵਾਰ ਸਵੇਰੇ ਵੀ ਕਈ ਜ਼ਿਲ੍ਹਿਆਂ ਵਿਚ ਧੁੰਦ ਛਾਈ ਰਹੀ ਅਤੇ ਤੇਜ਼ ਹਵਾਵਾਂ ਨੇ ਠੰਢ ਹੋਰ ਵਧਾ ਦਿਤੀ। ਸੱਤ ਸ਼ਹਿਰਾਂ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਦਸ ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ। ਮੌਸਮ ਵਿਭਾਗ ਮੁਤਾਬਕ 13 ਜਨਵਰੀ ਯਾਨੀ ਲੋਹੜੀ ਤਕ ਕੜਾਕੇ ਦੀ ਠੰਢ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਪੰਜਾਬ ਵਿਚ ਪਿਛਲੇ 11 ਸਾਲਾਂ ਵਿਚ ਪਹਿਲੀ ਵਾਰ ਲੰਬੇ ਸਮੇਂ ਤੋਂ ਤਾਪਮਾਨ 9-10 ਡਿਗਰੀ ਦੇ ਨੇੜੇ ਦਰਜ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਕੁੱਝ ਥਾਵਾਂ 'ਤੇ ਧੁੱਪ ਨਿਕਲੀ। 12 ਜ਼ਿਲ੍ਹਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਵਿਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਸ਼ਾਮਲ ਹਨ। ਇਥੇ ਵਿਜ਼ੀਬਿਲਟੀ 50 ਤੋਂ 100 ਮੀਟਰ ਤਕ ਹੋ ਸਕਦੀ ਹੈ।
ਹਰਿਆਣਾ ਦੇ 9 ਜ਼ਿਲ੍ਹਿਆਂ ਵਿਚ ਵੀ ਧੁੰਦ ਦਾ ਅਲਰਟ ਹੈ। ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ, ਸਿਰਸਾ, ਫਤਿਹਾਬਾਦ ਅਤੇ ਹਿਸਾਰ ਵਿਚ ਧੁੰਦ ਰਹੇਗੀ। ਹਿਮਾਚਲ ਵਿਚ 16 ਜਨਵਰੀ ਤਕ ਦਿਨ ਵੇਲੇ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ। ਅਗਲੇ 2 ਦਿਨਾਂ ਤਕ ਮੰਡੀ, ਬਿਲਾਸਪੁਰ, ਹਮੀਰਪੁਰ, ਊਨਾ, ਕਾਂਗੜਾ, ਸਿਰਮੌਰ ਅਤੇ ਸੋਲਨ ਵਿਚ ਸਵੇਰੇ ਸੰਘਣੀ ਧੁੰਦ ਪੈ ਸਕਦੀ ਹੈ।
ਚੰਡੀਗੜ੍ਹ ’ਚ ਧੁੱਪ ਨਿਕਲਣ ਦੇ ਆਸਾਰ
ਚੰਡੀਗੜ੍ਹ 'ਚ ਮੌਸਮ ਵਿਭਾਗ ਨੇ ਅੱਜ ਧੁੱਪ ਨਿਕਲਣ ਦੀ ਭਵਿੱਖਬਾਣੀ ਕੀਤੀ ਹੈ। ਠੰਢੀਆਂ ਹਵਾਵਾਂ ਕਾਰਨ ਤਾਪਮਾਨ 'ਚ ਕਾਫੀ ਗਿਰਾਵਟ ਆਉਣ ਦੀ ਸੰਭਾਵਨਾ ਘੱਟ ਹੈ। ਸੀਤ ਲਹਿਰ ਕਾਰਨ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 10.8 ਡਿਗਰੀ ਸੈਲਸੀਅਸ ਰਿਹਾ, ਜੋ ਸ਼ਿਮਲਾ ਅਤੇ ਸ਼੍ਰੀਨਗਰ ਤੋਂ ਘੱਟ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।