
ਪਹਿਲੀ ਵਾਰੀ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 13 ਸੂਬਾਈ ਭਾਸ਼ਾਵਾਂ ’ਚ ਲਿਆ ਜਾਵੇਗਾ ਇਮਤਿਹਾਨ
ਨਵੀਂ ਦਿੱਲੀ: ਪਹਿਲੀ ਵਾਰ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.), ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਵਰਗੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ’ਚ ਕਾਂਸਟੇਬਲ ਭਰਤੀ ਇਮਤਿਹਾਨ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 13 ਸੂਬਾਈ ਭਾਸ਼ਾਵਾਂ ’ਚ ਕੀਤੀ ਜਾਵੇਗੀ।
ਇਹ ਇਮਤਿਹਾਨ 10 ਫ਼ਰਵਰੀ ਤੋਂ 7 ਮਾਰਚ ਤਕ ਹੋਵੇਗਾ ਅਤੇ ਦੇਸ਼ ਭਰ ਦੇ 128 ਸ਼ਹਿਰਾਂ ਦੇ ਲਗਭਗ 48 ਲੱਖ ਉਮੀਦਵਾਰ ਇਸ ’ਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਗ੍ਰਹਿ ਮੰਤਰਾਲੇ ਨੇ 1 ਜਨਵਰੀ, 2024 ਤੋਂ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 13 ਖੇਤਰੀ ਭਾਸ਼ਾਵਾਂ ’ਚ ਸੀ.ਏ.ਪੀ.ਐਫ. ’ਚ ਭਰਤੀ ਲਈ ਕਾਂਸਟੇਬਲ (ਜਨਰਲ ਡਿਊਟੀ) ਇਮਤਿਹਾਨ ਕਰਵਾਉਣ ਦਾ ਫੈਸਲਾ ਕੀਤਾ ਹੈ।
ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ’ਚ ਸਥਾਨਕ ਨੌਜੁਆਨਾਂ ਦੀ ਭਾਗੀਦਾਰੀ ਵਧਾਉਣ ਅਤੇ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਲਈ ਗ੍ਰਹਿ ਮੰਤਰੀ ਦੀ ਪਹਿਲ ’ਤੇ ਇਹ ਇਤਿਹਾਸਕ ਫੈਸਲਾ ਲਿਆ ਗਿਆ ਹੈ।
ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਪ੍ਰਸ਼ਨ ਚਿੱਠੀ ਹੁਣ ਪੰਜਾਬੀ, ਅਸਾਮੀ, ਬੰਗਾਲੀ, ਗੁਜਰਾਤੀ, ਮਰਾਠੀ, ਮਲਿਆਲਮ, ਕੰਨੜ, ਤਾਮਿਲ, ਤੇਲਗੂ, ਉੜੀਆ, ਉਰਦੂ, ਮਨੀਪੁਰੀ ਅਤੇ ਕੋਂਕਣੀ ਭਾਸ਼ਾਵਾਂ ’ਚ ਤਿਆਰ ਕੀਤੇ ਜਾਣਗੇ। ਕਾਂਸਟੇਬਲ ਇਮਤਿਹਾਨ ਕਰਮਚਾਰੀ ਚੋਣ ਕਮਿਸ਼ਨ (ਐਸ.ਏ.ਸੀ.) ਵਲੋਂ ਆਯੋਜਿਤ ਪ੍ਰਮੁੱਖ ਭਰਤੀ ਇਮਤਿਹਾਨ ’ਚੋਂ ਇਕ ਹੈ ਜਿਸ ’ਚ ਦੇਸ਼ ਭਰ ਤੋਂ ਲੱਖਾਂ ਨੌਜੁਆਨ ਹਿੱਸਾ ਲੈਂਦੇ ਹਨ।
ਗ੍ਰਹਿ ਮੰਤਰਾਲੇ ਅਤੇ ਕਰਮਚਾਰੀ ਚੋਣ ਕਮਿਸ਼ਨ ਨੇ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 13 ਖੇਤਰੀ ਭਾਸ਼ਾਵਾਂ ’ਚ ਇਮਤਿਹਾਨ ਕਰਵਾਉਣ ਲਈ ਇਕ ਸਹਿਮਤੀ ਚਿੱਠੀ ’ਤੇ ਦਸਤਖਤ ਕੀਤੇ ਹਨ। ਇਸ ਦੇ ਅਨੁਸਾਰ, ਐਸ.ਐਸ.ਸੀ. ਨੇ ਇਸ ਸਬੰਧ ’ਚ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਫੈਸਲੇ ਦੇ ਨਤੀਜੇ ਵਜੋਂ, ਲੱਖਾਂ ਨੌਜੁਆਨ ਅਪਣੀ ਮਾਂ ਬੋਲੀ ਜਾਂ ਖੇਤਰੀ ’ਚ ਇਮਤਿਹਾਨ ਦੇਣਗੇ ਅਤੇ ਇਸ ਨਾਲ ਉਨ੍ਹਾਂ ਦੀ ਚੋਣ ਦੀਆਂ ਸੰਭਾਵਨਾਵਾਂ ਵਧਣਗੀਆਂ।
ਕੇਂਦਰ ਸਰਕਾਰ ਦੀ ਇਸ ਪਹਿਲ ਕਦਮੀ ਨਾਲ ਦੇਸ਼ ਭਰ ਦੇ ਨੌਜੁਆਨਾਂ ਨੂੰ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ’ਚ ਐਸ.ਐਸ.ਸੀ. ਵਲੋਂ ਲਿਆ ਜਾਣ ਵਾਲਾ ਕਾਂਸਟੇਬਲ (ਜੀ.ਡੀ.) ਇਮਤਿਹਾਨ ’ਚ ਅਪਣੀ ਮਾਂ-ਬੋਲੀ ’ਚ ਹਿੱਸਾ ਲੈਣ ਅਤੇ ਰਾਸ਼ਟਰ ਦੀ ਸੇਵਾ ’ਚ ਅਪਣਾ ਕੈਰੀਅਰ ਬਣਾਉਣ ਦਾ ਸੁਨਹਿਰੀ ਮੌਕਾ ਮਿਲੇਗਾ।