
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹਨਾਂ ਨਤੀਜਿਆਂ ਦਾ ਅਗਲੀਆਂ ਲੋਕ ਸਭਾ ਚੋਣਾਂ 'ਤੇ ਕੋਈ ਅਸਰ ਨਹੀਂ ਪਵੇਗਾ
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਸਮੇਤ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਇਕ ਦਿਨ ਬਾਅਦ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹਨਾਂ ਨਤੀਜਿਆਂ ਦਾ ਅਗਲੀਆਂ ਲੋਕ ਸਭਾ ਚੋਣਾਂ 'ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ 2024 ਦੀ ਲੜਾਈ ਕਿਸੇ ਸੂਬੇ ਦੀ ਚੋਣ ਨਹੀਂ ਸਗੋਂ ਭਾਰਤ ਲਈ ਲੜੀ ਜਾਵੇਗੀ।
ਪ੍ਰਸ਼ਾਂਤ ਕਿਸ਼ੋਰ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਹੈ ਜਦੋਂ ਚੋਣ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕੁਝ ਸਿਆਸੀ ਪੰਡਤਾਂ ਨੇ ਦਾਅਵਾ ਕੀਤਾ ਸੀ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਹੀ 2019 ਦੀਆਂ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕੀਤਾ ਸੀ। ਉਹਨਾਂ ਇਹ ਵੀ ਕਿਹਾ ਸੀ ਕਿ ਇਸ ਵਾਰ ਵੀ ਉਹਨਾਂ ਨੂੰ ਇਹ ਕਹਿਣ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ ਕਿ 2022 ਦੇ ਨਤੀਜਿਆਂ ਨੇ 2024 ਦੇ ਨਤੀਜੇ ਤੈਅ ਕਰ ਦਿੱਤੇ ਹਨ।
ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕੀਤਾ, "ਭਾਰਤ ਲਈ ਲੜਾਈ 2024 ਵਿਚ ਲੜੀ ਜਾਵੇਗੀ ਅਤੇ ਫੈਸਲਾ ਕੀਤਾ ਜਾਵੇਗਾ। ਜਨਾਬ (ਮੋਦੀ) ਇਹ ਜਾਣਦੇ ਹਨ। ਇਸ ਲਈ ਇਹ ਵਿਰੋਧੀ ਧਿਰਾਂ 'ਤੇ ਫੈਸਲਾਕੁੰਨ ਮਨੋਵਿਗਿਆਨਕ ਬੜਤ ਹਾਸਲ ਕਰਨ ਲਈ ਸੂਬਾਈ ਚੋਣਾਂ ਦੇ ਨਤੀਜਿਆਂ ਦੇ ਆਲੇ ਦੁਆਲੇ ਜਨੂੰਨ ਪੈਦਾ ਕਰਨ ਦੀ ਇਕ ਚਲਾਕ ਕੋਸ਼ਿਸ਼ ਹੈ। ਇਸ ਝੂਠ ਦੇ ਜਾਲ ਵਿਚ ਨਾ ਫਸੋ”।
ਦੱਸ ਦੇਈਏ ਕਿ ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਚਾਰ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਜਦਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ।