
ਪਿਛਲੀ ਵਿਧਾਨ ਸਭਾ ਵਿਚ ਸਨ 7 ਔਰਤਾਂ, ਤਿੰਨ ਮੁੜ ਅਤੇ 9 ਔਰਤਾਂ ਪਹਿਲੀ ਵਾਰ ਬਣੀਆਂ ਵਿਧਾਇਕ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਇਸ ਵਾਰ 12 ਔਰਤ ਉਮੀਦਵਾਰਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਦਰਜ ਕੀਤੀ ਹੈ। ਕੁੱਲ 93 ਔਰਤ ਉਮੀਦਵਾਰਾਂ ਨੇ ਚੋਣ ਲੜੀ ਸੀ। ਪਿਛਲੇ ਸਮੇਂ ਨਾਲੋਂ ਇਸ ਵਾਰ ਵੱਧ ਔਰਤ ਉਮੀਦਵਾਰ ਸਫ਼ਲ ਹੋਈਆਂ ਹਨ, ਜੋ ਵਿਧਾਨ ਸਭਾ ਦੀਆਂ ਪੌੜੀ ਚੜ੍ਹਨਗੀਆਂ। ਪਿਛਲੀ ਵਿਧਾਨ ਸਭਾ ਵਿਚ ਔਰਤ ਮੈਂਬਰਾਂ ਦੀ ਗਿਣਤੀ 7 ਸੀ। ਇਨ੍ਹਾਂ ਵਿਚ ਚਾਰ ਕਾਂਗਰਸ ਨਾਲ ਅਤੇ ਤਿੰਨ ‘ਆਪ’ ਨਾਲ ਸਬੰਧਤ ਸਨ।
ਪਿਛਲੇ ਸਮੇਂ ਵਾਲੀਆਂ ਇਸ ਵਾਰ ਮੁੜ ਸਫ਼ਲ ਹੋਣ ਵਾਲੀਆਂ ਔਰਤ ਉਮੀਦਵਾਰਾਂ ਵਿਚ ਮੰਤਰੀ ਅਰੁਨਾ ਚੌਧਰੀ, ‘ਆਪ’ ਨਾਲ ਸਬੰਧਤ ਸਰਬਜੀਤ ਕੌਰ ਮਾਣੂਕੇ, ਪ੍ਰੋ. ਬਲਵਿੰਦਰ ਕੌਰ ਸ਼ਾਮਲ ਹਨ। 9 ਔਰਤ ਉਮੀਦਵਾਰ ਪਹਿਲੀ ਵਾਰ ਚੋਣ ਜਿਤੀਆਂ ਹਨ। ਇਨ੍ਹਾਂ ਵਿਚ ਜੀਵਨਜੋਤ ਕੌਰ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵੱਡੇ ਆਗੂਆਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਹਰਾ ਕੇ ਸਫ਼ਲ ਹੋਏ ਹਨ।
ਮੋਗਾ ਤੋਂ ‘ਆਪ’ ਦੇ ਡਾ. ਅਮਨਦੀਪ ਕੌਰ, ਮਾਲਵਿਕਾ ਸੂਦ ਨੂੰ ਹਰਾ ਕੇ, ਰਾਜਪੁਰਾ ਹਲਕੇ ਤੋਂ ਨੀਨਾ ਮਿੱਤਲ ਕਾਂਗਰਸ ਦੇ ਹਰਦਿਆਲ ਕੰਬੋਜ ਨੂੰ ਹਰਾ ਕੇ ਸਫ਼ਲ ਹੋਈਆਂ ਹਨ। ਨਕੋਦਰ ਹਲਕੇ ਤੋਂ ਇੰਦਰਜੀਤ ਕੌਰ ਮਾਨ ਨੇ ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਤੇ ਮਜੀਠਾ ਹਲਕੇ ਤੋਂ ਗੁਨੀਤ ਕੌਰ ਨੇ ‘ਆਪ’ ਦੇ ਲਾਲੀ ਮਜੀਠੀਆ ਤੇ ਕਾਂਗਰਸ ਦੇ ਜੱਗਾ ਮਜੀਠੀਆ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ।
Narinder Kaur Bharaj With Family
ਇਸੇ ਤਰ੍ਹਾਂ ਸੰਗਰੂਰ ਤੋਂ ਸਾਧਾਰਣ ਘਰ ਦੀ ਉੱਚ ਸਿਖਿਆ ਪ੍ਰਾਪਤ ਕੁੜੀ ਨਰਿੰਦਰ ਕੌਰ ਭਰਾਜ ਨੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਹਰਾਇਆ ਹੈ। ਲੁਧਿਆਣਾ ਹਲਕੇ ਤੋਂ ਰਜਿੰਦਰ ਕੌਰ, ਮਲੋਟ ਤੋਂ ਬਲਜੀਤ ਕੌਰ ਅਤੇ ਖਰੜ ਤੋਂ ਅਲਮੋਲ ਗਗਨ ਮਾਨ ‘ਆਪ’ ਚੋਣ ਲੜ ਕੇ ਜਿਤੀਆਂ ਹਨ।