
ਅਰਥ ਵਿਵਸਥਾ ਉੱਤੇ ਅਸਰ ਨੂੰ ਘੱਟ ਕਰਨ ਲਈ ਉਦਯੋਗ ਅਤੇ ਕੰਮ-ਕਾਜ ਨੂੰ ਸ਼ੁਰੂ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਵਿਸ਼ਵ ਵਿਆਪੀ ਕੋਵਿਡ-19 ਸੰਕਟ ਨੇ ਸਿਹਤ ਦੇ ਨਾਲ ਨਾਲ ਵਿੱਤੀ ਸੰਕਟ ਨੂੰ ਵੀ ਜਨਮ ਦੇ ਦਿਤਾ ਹੈ, ਜਿਸ ਨੂੰ ਵੇਖਦੇ ਹੋਏ ਭਾਰਤ ਸਰਕਾਰ ਅਤੇ ਉਸ ਦੀਆਂ ਏਜੰਸੀਆਂ 'ਐਗਜ਼ਿਟ ਰਣਨੀਤੀ' (ਲਾਕਡਾਉਨ ਤੋਂ ਬਾਹਰ ਨਿਕਲਣ ਦੀ ਰਣਨੀਤੀ) ਉੱਤੇ ਚਰਚਾ ਕਰ ਰਹੀਆਂ ਹਨ ਜਿਸ ਦੇ ਆਧਾਰ ਤੇ ਇਸ ਦਿਸ਼ਾ ਵਿਚ ਇਕ ਵਿਆਪਕ ਰੂਪ ਰੇਖਾ ਬਣਾਈ ਜਾ ਸਕੇ।
ਇਸੇ ਸਿਲਸਿਲੇ 'ਚ ਲਾਕਡਾਊਨ ਉੱਤੇ ਫਿੱਕੀ (ਫ਼ੈਡਰੇਸ਼ਨ ਆਫ਼ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ) ਦਾ ਕਹਿਣਾ ਹੈ ਕਿ ਭਾਰਤ ਜਿਹੇ ਦੇਸ਼ ਮਹੀਨਿਆਂ ਲੰਮੇ ਚਲਣ ਵਾਲੇ ਲਾਕਡਾਊਨ ਨੂੰ ਸਹਿਣ ਨਹੀਂ ਸਕਦੇ। ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕਾਨਮੀ ਦੇ ਅੰਕੜਿਆਂ ਅਨੁਸਾਰ ਮਾਰਚ 29 ਨੂੰ ਖ਼ਤਮ ਹਫ਼ਤੇ ਵਿਚ ਬੇਰੁਜ਼ਗਾਰੀ ਦੀ ਦਰ 23.8 ਫ਼ੀ ਸਦੀ ਰਹੀ।
ਫਿੱਕੀ ਨੇ ਅਰਥ ਵਿਵਸਥਾ ਉਤੇ ਅਸਰ ਨੂੰ ਘੱਟ ਕਰਨ ਲਈ ਉਦਯੋਗ ਅਤੇ ਕੰਮ-ਕਾਜ ਨੂੰ ਸ਼ੁਰੂ ਕਰਨ ਦੀ ਸਲਾਹ ਦਿਤੀ ਹੈ। ਫ਼ਿੱਕੀ ਦਾ ਕਹਿਣਾ ਹੈ ਕਿ ਐਗਜ਼ਿਟ ਰਣਨੀਤੀ ਬਣਾ ਕੇ ਆਰਥਕ ਅਤੇ ਸਾਮਾਜਕ ਗਤੀਵਿਧੀਆਂ ਨੂੰ ਇੱਕੋ ਜਿਹੇ ਕਰਨਾ ਚਾਹੀਦਾ ਹੈ ਅਤੇ ਰੋਗ ਨੂੰ ਫ਼ੈਲਣ ਤੋਂ ਰੋਕਣ ਅਤੇ ਕਾਬੂ ਤੋਂ ਬਾਹਰ ਨਹੀਂ ਜਾਣ ਦੇਣ ਲਈ ਵੀ ਉਪਾਅ ਕੀਤੇ ਜਾਣੇ ਚਾਹੀਦੇ ਹਨ।
ਫ਼ਿੱਕੀ ਨੇ ਅਪਣੀ ਰੀਪੋਰਟ ਵਿਚ ਐਗਜ਼ਿਟ ਰਣਨੀਤੀ ਦੇ ਸਿਧਾਂਤ ਦਾ ਸੁਝਾਅ ਦਿਤਾ ਜਿਸ ਵਿਚ ਸੋਸ਼ਲ ਡਿਸਟੈਂਸਿੰਗ ਨੂੰ ਜਾਰੀ ਰਖਣਾ ਸ਼ਾਮਲ ਹੈ ਅਤੇ ਇਸ ਦੇ ਨਾਲ ਹੀ ਸਿਹਤ ਸੰਭਾਲ ਲਾਗਤ, ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਨੂੰ ਵਧਣ ਤੋਂ ਰੋਕਣ ਲਈ ਲੋਕਾਂ ਦੀ ਸੁਰੱਖਿਆ ਕਰਨਾ ਵੀ ਸ਼ਾਮਲ ਕੀਤਾ ਗਿਆ ਹੈ।
ਰੀਪੋਰਟ ਅਨੁਸਾਰ ਲਾਕਡਾਉਨ ਤੋਂ ਥੋੜ੍ਹਾ-ਥੋੜ੍ਹਾ ਅਤੇ ਪੜਾਅਵਾਰ ਢੰਗ ਨਾਲ ਨਾਲ ਕੋਵਿਡ-19 ਦੇ ਸੰਕਰਮਣ ਤੋਂ ਮੁਕਤ ਅਤੇ ਮਜ਼ਦੂਰਾਂ ਦੇ ਪਲਾਇਨ ਤੋਂ ਮੁਕਤ ਇਲਾਕਿਆਂ ਵਿਚ ਹਰ ਪ੍ਰਕਾਰ ਦੇ ਖੇਤਰਾਂ ਅਤੇ ਸੇਵਾਵਾਂ ਨੂੰ ਸ਼ੁਰੂ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਇਨ੍ਹਾਂ ਇਲਾਕਿਆਂ ਵਿਚ ਸਥਾਨਕ ਸਪਲਾਈ ਦੀ ਵੀ ਆਗਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕੋਵਿਡ-19 ਮੁਕਤ ਇਲਾਕਿਆਂ ਵਿਚ ਸਾਮਾਨ ਦੇ ਖੁਲ੍ਹੀ ਟਰਾਂਸਪੋਰਟ ਨੂੰ ਵੀ ਆਗਿਆ ਮਿਲਣੀ ਚਾਹੀਦੀ ਹੈ। ਫ਼ਸਲ ਵਾਢੀ ਦੇ ਮੌਸਮ ਵਿਚ ਵੀ ਮਜ਼ਦੂਰਾਂ ਦੀ ਕਮੀ ਦੀ ਮਾਰ ਖੇਤੀਬਾੜੀ ਖੇਤਰ ਉਤੇ ਪਈ ਹੈ। ਫਿੱਕੀ ਨੇ ਸੁਝਾਅ ਦਿਤਾ ਹੈ ਕਿ ਜ਼ਿਲ੍ਹਾ ਕਲੈਕਟਰਾਂ ਨੂੰ ਪੂਰੀ ਫ਼ਸਲ ਕਟਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਮਨਰੇਗਾ ਦੇ ਮਜ਼ਦੂਰਾਂ ਨੂੰ ਫ਼ਸਲ ਕਟਾਈ ਵਿਚ ਲਾਇਆ ਜਾਣਾ ਚਾਹੀਦਾ ਹੈ।