
ਜੰਗਲੀ ਜੀਵ ਵਿਭਾਗ ਦੀ ਟੀਮ ਨੇ ਪੁੱਜ ਕੇ ਸੰਭਾਲੇ
ਨੰਗਲ ’ਚ ਇਕ ਦੁਰਲੱਭ ਪ੍ਰਜਾਤੀ ਦੇ ਫਿਸ਼ਿੰਗ ਕੈਟ ਦੇ ਤਿੰਨ ਨਵਜੰਮੇ ਬੱਚੇ ਮਿਲੇ ਹਨ। ਇਸੇ ਦੌਰਾਨ ਮੌਕੇ ਵਾਲੀ ਥਾਂ ਵਾਈਲਡ ਲਾਈਫ ਵਿਭਾਗ ਦੇ ਗਾਰਡ ਜਸਵੀਰ ਸਿੰਘ ਆਪਣੀ ਟੀਮ ਨਾਲ ਪਹੁੰਚੇ। ਜਿਨ੍ਹਾਂ ਨੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ। ਇਸ ਮੌਕੇ ਸਮਾਜ ਸੇਵੀ ਗੌਰਵ ਰਾਣਾ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਇਨ੍ਹਾਂ ਦੁਰਲੱਭ ਪ੍ਰਜਾਤੀ ਦੇ ਜੀਵਾਂ ਨੂੰ ਬਚਾਉਣ ਲਈ ਵਾਈਲਡ ਲਾਈਫ ਵਿਭਾਗ ਦੇ ਆਨਰਾਰੀ ਵਾਰਡਨ ਹੁਸ਼ਿਆਰਪੁਰ ਤੇ ਨਿਖਿਲ ਸਾਗਰ, ਜੋ ਕਿ ਜੰਗਲੀ ਜਾਨਵਰਾਂ ਬਾਰੇ ਜਾਣਕਾਣੀ ਰੱਖਦੇ ਹਨ ਨਾਲ ਗੱਲਬਾਤ ਸਾਂਝੀ ਕੀਤੀ ਹੈ।
ਇਲਾਕੇ ਦੇ ਪਿੰਡ ਖੇੜਾ ਕਲਮੋਟ ਦੇ ਸਰਪੰਚ ਰਾਮਪਾਲ ਦੇ ਖੇਤਾਂ ’ਚ ਕਣਕ ਦੀ ਕਟਾਈ ਕਰਦੇ ਵੇਲੇ ਫਿਸ਼ਿੰਗ ਕੈਟ ਨਾਮਕ ਦੁਰਲਭ ਪ੍ਰਜਾਤੀ ਦੇ ਤਿੰਨ ਨਵਜੰਮੇ ਬੱਚੇ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲੀ ਨਜ਼ਰ ’ਚ ਇਹ ਦੇਖਣ ਨੂੰ ਬਾਘ ਦੇ ਬੱਚੇ ਨਜ਼ਰ ਆਉਂਦੇ ਸਨ, ਜਿਸ ਨੂੰ ਲੈ ਕੇ ਇਲਾਕੇ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦਾ ਮੌਕੇ ’ਤੇ ਕਾਫੀ ਇਕੱਠ ਹੋ ਗਿਆ। ਪਰ ਨਵਜੰਮੇ ਬੱਚਿਆਂ ਨੂੰ ਬਚਾਉਣ ਲਈ ਤੇ ਇਨ੍ਹਾਂ ਦੀ ਅਗਲੀ ਸੁਰੱਖਿਆ ਲਈ ਸਰਪੰਚ ਰਾਮਪਾਲ ਤੇ ਇਨ੍ਹਾਂ ਦੇ ਸਾਥੀਆਂ ਨੇ ਮਾਮਲੇ ਦੀ ਤੁਰੰਤ ਜਾਣਕਾਰੀ ਜੰਗਲੀ ਜੀਵ ਵਿਭਾਗ ਨੂੰ ਦਿਤੀ।
ਵਾਈਲਡ ਲਾਈਫ ਦੇ ਅਧਿਕਾਰੀ ਤੇ ਵਾਈਲਡ ਲਾਈਫ ਵਿਭਾਗ ਦੇ ਆਨਰੇਰੀ ਵਾਰਡਨ ਨਿਖਿਲ ਸਾਗਰ ਨੇ ਕਿਹਾ ਕਿ ਇਹ ਬੇਹੱਦ ਦੁਰਲਭ ਪ੍ਰਜਾਤੀ ਦੇ ਜੀਵ ਹਨ। ਇਨ੍ਹਾਂ ਜੀਵਾਂ ਦੀ ਮਾਤਾ ਇਨ੍ਹਾਂ ਨੂੰ ਅਗਲੇ 24 ਘੰਟਿਆਂ ’ਚ ਮੁੜ ਸੁਰੱਖਿਅਤ ਜਗ੍ਹਾਂ ’ਤੇ ਰੱਖਣ ਲਈ ਖੁਦ ਐਕਟਿਵ ਹੋ ਜਾਂਦੀ ਹੈ, ਇਸ ਲਈ ਉਸ ਚੀਜ਼ ਦਾ ਇੰਤਜ਼ਾਰ ਕਰਨਾ ਵੀ ਇਕ ਪ੍ਰਕਿਰਿਆ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਵਾਈਲਡ ਲਾਈਫ਼ ਵਿਭਾਗ ਦੇ ਅਧਿਕਾਰੀਆਂ ਵਲੋਂ ਇਨ੍ਹਾਂ ਫਿਸ਼ਿੰਗ ਕੈਟ ਦੇ ਬੱਚਿਆਂ ਨੂੰ ਸੁਰੱਖਿਤ ਰੱਖਣ ਦੀ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਜਾਨਵਰ ਪਾਣੀ ਦੇ ਸਰੋਤਾਂ ਜਾਂ ਪੁਰਾਤਨ ਸਮਿਆਂ ’ਚ ਟੋਭਿਆਂ ਨੇੜੇ ਪਾਏ ਜਾਂਦੇ ਸਨ।