
ਬਟਾਲਾ ਵਿਖੇ ਦਹੇਜ ਵਿਚ ਗੱਡੀ ਨਾ ਮਿਲਣ ਕਾਰਨ ਇਕ ਨੌਜਵਾਨ ਨੇ ਅਪਣੀ ਪਤਨੀ ਅਤੇ ਸਹੁਰੇ ਪਰਿਵਾਰ ਨਾਲ ਕੁੱਟਮਾਰ ਕੀਤੀ।
ਗੁਰਦਾਸਪੁਰ (ਅਵਤਾਰ ਸਿੰਘ): ਬਟਾਲਾ ਵਿਖੇ ਦਹੇਜ ਵਿਚ ਗੱਡੀ ਨਾ ਮਿਲਣ ਕਾਰਨ ਇਕ ਨੌਜਵਾਨ ਨੇ ਅਪਣੀ ਪਤਨੀ ਅਤੇ ਸਹੁਰੇ ਪਰਿਵਾਰ ਨਾਲ ਕੁੱਟਮਾਰ ਕੀਤੀ। ਨੌਜਵਾਨ ਨੇ ਨਸ਼ੇ ਦੀ ਹਾਲਤ ਵਿਚ ਅਪਣੇ ਸਹੁਰੇ ਪਰਿਵਾਰ ਉੱਤੇ ਹਮਲਾ ਕੀਤਾ ਅਤੇ ਘਰ ਦੇ ਬਾਹਰ ਖੜ੍ਹੀ ਉਹਨਾਂ ਦੀ ਗੱਡੀ ਵੀ ਭੰਨ ਦਿੱਤੀ। ਸਹੁਰੇ ਪਰਿਵਾਰ ਉੱਤੇ ਹਮਲਾ ਕਰਨ ਤੋਂ ਬਾਅਦ ਨੌਜਵਾਨ ਫਰਾਰ ਹੋ ਗਿਆ। ਲੜਕੀ ਦੀ ਮਾਤਾ ਅਤੇ ਪਿਤਾ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
Photo
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਆਹੁਤਾ ਨੇ ਦੱਸਿਆ ਕਿ ਉਸ ਦਾ ਵਿਆਹ ਇਕ ਸਾਲ ਪਹਿਲਾਂ ਸੌਰਵ ਕੁਮਾਰ ਨਾਲ ਹੋਇਆ ਸੀ ਜੋ ਕਿ ਨਸ਼ੇ ਦਾ ਆਦੀ ਹੈ। ਲੜਕੀ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਉਸ ਨੂੰ ਦਹੇਜ ਲਈ ਤੰਗ ਕੀਤਾ ਜਾ ਰਿਹਾ ਸੀ। ਉਸ ਦਾ ਪਤੀ ਵੀ ਦਾਜ ਘੱਟ ਮਿਲਣ ਕਰਕੇ ਉਸ ਨਾਲ ਕੁੱਟਮਾਰ ਕਰਦਾ ਸੀ ਜਿਸ ਕਰਕੇ ਉਹ ਆਪਣੇ ਪੇਕੇ ਘਰ ਚਲੀ ਗਈ।
ਪੀੜਤ ਲੜਕੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। ਬੀਤੀ ਦੇਰ ਰਾਤ ਸੌਰਵ ਨੇ ਨਸ਼ੇ ਦੀ ਹਾਲਤ ਵਿਚ ਆਪਣੇ ਸਾਥੀਆਂ ਸਮੇਤ ਆ ਕੇ ਉਸ ਦੇ ਮਾਤਾ ਪਿਤਾ ਨਾਲ ਕੁੱਟਮਾਰ ਕੀਤੀ ਅਤੇ ਪਰਿਵਾਰ ਨੂੰ ਜ਼ਖ਼ਮੀ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ ਉਹ ਫਰਾਰ ਹੋ ਗਿਆ।
Police
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਨੇ ਘਰ ਵਿਚ ਵੜ ਕੇ ਭੰਨਤੋੜ ਕੀਤੀ ਹੈ। ਫਿਲਹਾਲ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।