
ਡਾਕਟਰਾਂ ਦਾ ਦਾਅਵਾ, ਫ਼ਤਹਿਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਚੁੱਕੀ ਸੀ
ਸੰਗਰੂਰ: 150 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ 2 ਸਾਲ ਦੇ ਮਾਸੂਮ ਫ਼ਤਹਿਵੀਰ ਸਿੰਘ ਨੂੰ ਅੱਜ ਸਵੇਰੇ 5.15 ਵਜੇ ਬਾਹਰ ਕੱਢਿਆ ਗਿਆ। ਇਸ ਉਪਰੰਤ ਫ਼ਤਹਿਵੀਰ ਨੂੰ ਚੰਡੀਗੜ੍ਹ ਦੇ ਪੀਜੀਆਈ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਫ਼ਤਹਿਵੀਰ ਨੂੰ ਮ੍ਰਿਤਕ ਐਲਾਨ ਦਿਤਾ। ਫ਼ਤਹਿਵੀਰ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਰਿਪੋਰਟ ਵਿਚ ਡਾਕਟਰਾਂ ਨੇ ਲਿਖਿਆ ਹੈ ਕਿ ਫ਼ਤਹਿਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ। ਉਸ ਦਾ ਸਰੀਰ ਹੁਣ ਗਲਣ ਲੱਗਾ ਸੀ।
PGI
ਹਾਲਾਂਕਿ ਰੇਤ ਵਿਚ ਹੋਣ ਕਾਰਨ ਸਰੀਰ ਦਾ ਕੁਝ ਬਚਾਅ ਹੋ ਗਿਆ। ਉਸ ਨੂੰ ਦਾਖ਼ਲ ਕਰਨ ਸਮੇਂ ਵੀ ਨਬਜ਼ ਨਹੀਂ ਚੱਲ ਰਹੀ ਸੀ, ਸਾਹ ਨਹੀਂ ਚੱਲ ਰਿਹਾ ਸੀ, ਉਸ ਦੇ ਦਿਲ ਵਿਚ ਕੋਈ ਧੜਕਣ ਜਾਂ ਗਤੀਵਿਧੀ ਨਹੀਂ ਸੀ। ਦੱਸ ਦਈਏ ਕਿ ਫ਼ਤਹਿਵੀਰ 6 ਜੂਨ ਨੂੰ ਬੋਰਵੈੱਲ ਵਿਚ ਡਿੱਗਾ ਸੀ ਤੇ 6 ਦਿਨਾਂ ਮਗਰੋਂ 11 ਤਰੀਕ ਨੂੰ ਬਾਹਰ ਕੱਢਿਆ ਗਿਆ। ਬੋਰਵੈੱਲ ’ਚੋਂ ਕੱਢਣ ਤੋਂ ਤੁਰਤ ਬਾਅਦ ਐਂਬੂਲੈਂਸ ’ਚ ਫ਼ਤਹਿਵੀਰ ਨੂੰ ਡੀਐੱਮਸੀ ਹਸਪਤਾਲ ਲਿਜਾਇਆ ਗਿਆ।
Fatehveer Singh
ਉੱਥੋਂ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫ਼ਰ ਕਰ ਦਿਤਾ ਗਿਆ। ਪੀਜੀਆਈ ’ਚ ਬੱਚੇ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਪੀਜੀਆਈ ਦੇ 5 ਡਾਕਟਰਾਂ ਦੀ ਟੀਮ ਨੇ ਫ਼ਤਿਹਵੀਰ ਦਾ ਪੋਸਟਮਾਰਟਮ ਕੀਤਾ। ਉਨ੍ਹਾਂ ਦੇ ਨਾਲ ਐੱਸਡੀਐੱਮ ਤੇ ਬੱਚੇ ਦੇ ਦਾਦਾ ਮੌਜੂਦ ਸਨ। ਪੋਸਟਮਾਰਟਮ ਤੋਂ ਬਾਅਦ ਫ਼ਤਹਿ ਦੀ ਲਾਸ਼ ਨੂੰ ਪਿੰਡ ਲਿਜਾਇਆ ਗਿਆ, ਜਿੱਥੇ ਡੇਢ ਕੁ ਵਜੇ ਦੇ ਕਰੀਬ ਫ਼ਤਿਹਵੀਰ ਨੂੰ ਅੰਤਿਮ ਵਿਦਾਈ ਦਿਤੀ ਗਈ।