
‘ਮਾਮਲਾ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ’
ਕੋਟਕਪੂਰਾ, 10 ਜੁਲਾਈ (ਗੁਰਿੰਦਰ ਸਿੰਘ): ਮਹਾਰਾਜਾ ਫ਼ਰੀਦਕੋਟ ਦੀ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦੇ ਮਾਮਲੇ ’ਚ ਮਹਿਜ਼ 3 ਦਿਨ ਪਹਿਲਾਂ ਰਾਜ ਕੁਮਾਰੀ ਅੰਮ੍ਰਿਤ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਫ਼ਰੀਦਕੋਟ ਦੀਆਂ 23 ਨਾਮਵਰ ਹਸਤੀਆਂ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਹੋਇਆ, ਇਕ ਦਿਨ ਪਹਿਲਾਂ ਉਸ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਤੇ ਅੱਜ ਸ਼ਾਮ ਕਰੀਬ 3 ਵਜੇ ਕੁਝ ਲੋਕਾਂ ਨੇ ਮਹਾਰਾਜਾ ਫ਼ਰੀਦਕੋਟ ਦੇ ਰਾਜ ਮਹੱਲ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।
ਪੁਲਿਸ ਨੇ ਕਬਜ਼ਾ ਕਰਨ ਆਏ ਲੋਕਾਂ ਨੂੰ ਥਾਣੇ ਲਿਜਾ ਕੇ ਰਾਜ ਮਹੱਲ ਦੇ ਗੇਟ ਮੂਹਰੇ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕਰ ਦਿਤੀ। ਜ਼ਿਕਰਯੋਗ ਹੈ ਕਿ ਮਹਾਰਾਜਾ ਫ਼ਰੀਦਕੋਟ ਦੀ ਜਾਇਦਾਦ ਅਰਥਾਤ ਫ਼ਰੀਦਕੋਟ ਰਿਆਸਤ ਦੀ ਦੇਖਭਾਲ ਮਹਾਰਾਵਲ ਖੇਵਾ ਜੀ ਟਰੱਸਟ ਵਲੋਂ ਕੀਤੀ ਜਾ ਰਹੀ ਹੈ। ਉਕਤ ਟਰੱਸਟ ਦਾ ਗਠਨ ਫ਼ਰੀਦਕੋਟ ਰਿਆਸਤ ਦੇ ਅਖੀਰਲੇ ਰਾਜੇ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਦੇ ਆਧਾਰ ’ਤੇ ਕੀਤਾ ਗਿਆ ਸੀ। ਟਰੱਸਟ ’ਤੇ ਮਹਾਰਾਜੇ ਦੀ ਦੂਜੀ ਬੇਟੀ ਰਾਜ ਕੁਮਾਰੀ ਦੀਪਇੰਦਰ ਕੌਰ ਤੋਂ ਬਾਅਦ ਉਸ ਦੇ ਬੇਟੇ ਜੈ ਚੰਦ ਮਹਿਤਾਬ ਦਾ ਕਬਜ਼ਾ ਹੈ।
ਰਾਜ ਮਹੱਲ ’ਤੇ ਕਬਜ਼ੇ ਦੀ ਸੂਚਨਾ ਮਿਲਣ ਉਪਰੰਤ ਕਿਲ੍ਹੇ ’ਚ ਸਥਿਤ ਅਪਣੇ ਦਫ਼ਤਰ ’ਚ ਕੰਮ ਕਰ ਰਹੇ ਟਰੱਸਟ ਦੇ ਵਰਤਮਾਨ ਸੀਈਓ ਜਗੀਰ ਸਿੰਘ ਸੇਵਾਮੁਕਤ ਡੀਆਈਜੀ ਨੇ ਮੌਕੇ ’ਤੇ ਪਹੁੰਚ ਕੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੂੰ ਦਸਿਆ ਕਿ ਭਾਵੇਂ ਅਦਾਲਤ ਨੇ ਉਕਤ ਮਾਮਲੇ ’ਚ ਅਪਣਾ ਫ਼ੈਸਲਾ ਸੁਣਾ ਦਿਤਾ ਹੈ ਪਰ ਅਜੇ ਵੀ ਰਿਆਸਤ ਦੀ ਜਾਇਦਾਦ ’ਤੇ ਟਰੱਸਟ ਦਾ ਕਬਜ਼ਾ ਹੈ।
ਪੁਲਿਸ ਨੇ ਜਗੀਰ ਸਿੰਘ ਨੂੰ ਵੀ ਥਾਣੇ ’ਚ ਅਪਣੇ ਬਿਆਨ ਦਰਜ ਕਰਾਉਣ ਬਾਰੇ ਆਖਿਆ। ਦੋਵੇਂ ਧਿਰਾਂ ਸਿਟੀ ਥਾਣਾ ਫ਼ਰੀਦਕੋਟ ਵਿਖੇ ਬੈਠੀਆਂ ਹੋਈਆਂ ਹਨ। ‘ਆਪ’ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਰਿਆਸਤ ’ਤੇ ਕਬਜ਼ਾ ਕਰਨ ਦੀ ਘਟਨਾ ਨੂੰ ਸ਼ਰਮਨਾਕ ਦਸ ਕੇ ਵਿਰੋਧ ਕਰਦਿਆਂ ਆਖਿਆ ਕਿ ਗੈਂਗਸਟਰਾਂ ਦੀ ਉਕਤ ਕਾਰਵਾਈ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ।