
ਕਿਹਾ - ਹਰਸਿਮਰਤ ਬਾਦਲ ਹੋਰਨਾਂ ਉੱਤੇ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੇ
ਚੰਡੀਗੜ੍ਹ : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੇਠੀ ਕਰਨ ਦੇ ਲਾਏ ਗਏ ਦੋਸ਼ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਇੱਕ ਨਹੀਂ ਅਨੇਕਾਂ ਵਾਰੀ ਸਿੱਖ ਪੰਥ ਦੇ ਇਸ ਸਰਬ ਉੱਚ ਅਸਥਾਨ ਦੀ ਅਜ਼ਮਤ ਨੂੰ ਢਾਹ ਲਾਈ ਹੈ।
Parkash Singh Badal & Sukhbir Singh Badal
ਬਾਜਵਾ ਨੇ ਕਿਹਾ ਕਿ 31 ਦਸੰਬਰ 1998 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਭਾਈ ਰਣਜੀਤ ਸਿੰਘ ਨੇ ਇਕ ਹੁਕਮਨਾਮਾ ਜਾਰੀ ਕਰ ਕੇ ਪਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਨੂੰ ਹਦਾਇਤ ਕੀਤੀ ਸੀ ਕਿ ਖ਼ਾਲਸਾ ਪੰਥ ਦੀ ਤੀਜੀ ਸਿਰਜਨਾ ਸ਼ਤਾਬਦੀ ਤੋਂ ਪਹਿਲਾਂ ਕੋਈ ਵੀ ਧੜਾ ਇਕ ਦੂਜੇ ਦਾ ਕਿਸੇ ਕਿਸਮ ਦਾ ਨੁਕਸਾਨ ਨਾ ਕਰੇ, ਪਰ ਪਰਕਾਸ਼ ਸਿੰਘ ਬਾਦਲ ਨੇ ਰਾਜ ਸਤਾ ਦੇ ਬਲਬੂਤੇ 16 ਮਾਰਚ 1999 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਹਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਸ਼ਰੇਆਮ ਉਲੰਘਣਾ ਕਰਕੇ ਇਸ ਦੀ ਸਰਬਉਚਤਾ ਨੂੰ ਚੁਣੌਤੀ ਦਿੱਤੀ ਸੀ।
SGPC
ਪੰਚਾਇਤ ਮੰਤਰੀ ਨੇ ਕਿਹਾ ਕਿ ਇਸ ਉਲੰਘਣਾ ਦੇ ਦੋਸ਼ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਜਦੋਂ ਸਬੰਧਤ ਅਕਾਲੀ ਦਲ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਤਲਬ ਕੀਤਾ ਤਾਂ ਤਲਬੀ ਵਾਲੇ ਦਿਨ ਤੋਂ ਪਹਿਲਾਂ ਹੀ ਜੱਥੇਦਾਰ ਭਾਈ ਰਣਜੀਤ ਸਿੰਘ ਨੂੰ ਅਹੁਦੇ ਤੋਂ ਲਾਹ ਕੇ ਇਕ ਵਾਰ ਫਿਰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੀ ਪਦਵੀ ਦੀ ਤੌੌਹੀਨ ਕਰਨ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਜਮਤ ਨੂੰ ਢਾਹ ਲਾਈ।
Tripat Rajinder Singh Bajwa
ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤ੍ਰਿੰਗ ਕਮੇਟੀ ਦੀ ਸੱਦੀ ਗਈ ਮੀਟਿੰਗ ਭਾਈ ਰਣਜੀਤ ਸਿੰਘ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਭਾਈ ਮੋਹਣ ਸਿੰਘ ਨੂੰ ਨਵਾਂ ਜੱਥੇਦਾਰ ਨਿਯੁਕਤ ਕਰ ਕੇ ਖਤਮ ਹੋ ਗਈ ਸੀ ਅਤੇ ਇਹ ਖੁਸ਼ਖ਼ਬਰੀ ਦੇਣ ਲਈ ਕਮੇਟੀ ਦੇ ਸਾਰੇ ਮੈਂਬਰ ਅੰਮ੍ਰਿਤਸਰ ਦੇ ਸਰਕਟ ਹਾਊਸ ਚਲੇ ਗਏ ਸਨ। ਜਦੋਂ ਇਹ ਖ਼ਬਰ ਮਿਲੀ ਕਿ ਭਾਈ ਮੋਹਣ ਸਿੰਘ ਨੇ ਜੱਥੇਦਾਰ ਦਾ ਅਹੁਦਾ ਸੰਭਾਲਣ ਤੋਂ ਨਾਂਹ ਕਰ ਦਿੱਤੀ ਹੈ ਤਾਂ ਇਨ੍ਹਾਂ ਮੈਂਬਰਾਂ ਨੇ ਸਰਕਟ ਹਾਊਸ ਵਿਚ ਹੀ ਇਕ ਗ਼ੈਰ-ਕਾਨੂੰਨੀ ਮੀਟਿੰਗ ਕਰ ਕੇ ਗਿਆਨੀ ਪੂਰਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਵਾਂ ਜੱਥੇਦਾਰ ਥਾਪ ਦਿੱਤਾ। ਪਰਕਾਸ਼ ਸਿੰਘ ਬਾਦਲ ਦੇ ਹੁਕਮਾਂ ਉੱਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਕੀਤੀ ਗਈ ਇਹ ਕਾਰਵਾਈ ਨਾ ਸਿਰਫ਼ ਗ਼ੈਰ-ਕਾਨੂੰਨੀ ਹੀ ਸੀ, ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੀਆਂ ਪੰਥਕ ਰਿਵਾਇਤਾਂ ਦੀ ਵੀ ਘੋਰ ਉਲੰਘਣਾ ਸੀ।
Captain Amrinder Singh
ਬਾਜਵਾ ਨੇ ਕਿਹਾ ਕਿ ਬਾਦਲ ਪਰਵਾਰ ਤੋਂ ਉਲਟ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਬੁਲਾਇਆ ਗਿਆ ਤਾਂ ਉਹ ਹਮੇਸ਼ਾ ਇਕ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਅਤੇ ਤਖ਼ਤ ਸਾਹਿਬ ਵੱਲੋਂ ਮਿਲੇ ਹਰ ਆਦੇਸ਼ ਦੀ ਹੂ-ਬ-ਹੂ ਪਾਲਣਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਸਹਿਯੋਗ ਦੇ ਰਹੀ ਹੈ, ਪਰ ਇਹ ਆਗੂ ਇਹ ਤਾਂ ਦੱਸਣ ਕਿ 1999 ਵਿਚ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਨੂੰ ਰਲ-ਮਿਲ ਕੇ ਨਾ ਮਨਾਏ ਜਾਣ ਲਈ ਕੌਣ ਜ਼ਿੰਮੇਵਾਰ ਸੀ? ਕਿਨ੍ਹਾਂ ਵਿਅਕਤੀਆਂ ਨੇ ਕਿਸ ਦੀ ਸ਼ਹਿ ਉੱਤੇ ਇਸ ਸਬੰਧੀ ਜਾਰੀ ਹੁਕਮਨਾਮੇ ਦੀ ਉਲੰਘਣਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਲਾਈ ਸੀ? ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੀ ਤੌਹੀਨ ਕਰਨ ਵਾਲੀਆਂ ਇਹ ਸਾਰੀਆਂ ਕਾਰਵਾਈਆਂ ਬਾਦਲ ਪਰਵਾਰ ਵਲੋਂ ਕੀਤੀਆਂ ਗਈਆਂ ਸਨ, ਜਿਸ ਬਾਰੇ ਹਰਸਿਮਰਤ ਕੌਰ ਬਾਦਲ ਨੂੰ ਜਵਾਬ ਦੇਣਾ ਚਾਹੀਦਾ ਹੈ।