
ਕਿਹਾ - ਭਾਜਪਾ ਨੂੰ ਸਵਾਮੀ ਦੇ ਇਸ ਬਿਆਨ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਬਿਆਨ ਸਵਾਮੀ ਦਾ ਨਿਜੀ ਹੈ ਜਾਂ ਇਸ ਪਿਛੇ ਪਾਰਟੀ ਦੀ ਸੋਚ ਹੈ।
ਅੰਮਿ੍ਰਤਸਰ : ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਵਲੋਂ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਰੋਕਣ ਸਬੰਧੀ ਦਿਤੇ ਬਿਆਨ ਦੀ ਸਖ਼ਤ ਨਿਖੇਧੀ ਕਰਦੇ ਹਾਂ। ਬਾਜਵਾ ਨੇ ਆਖਿਆ ਕਿ ਸੁਬਰਾਮਨੀਅਮ ਸਵਾਮੀ ਦੇ ਇਸ ਸਿੱਖ ਵਿਰੋਧੀ ਬਿਆਨ ਨਾਲ ਸੰਸਾਰ ਭਰ ਵਿਚ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਭਾਜਪਾ ਨੂੰ ਸਵਾਮੀ ਦੇ ਇਸ ਬਿਆਨ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਬਿਆਨ ਸਵਾਮੀ ਦਾ ਨਿਜੀ ਹੈ ਜਾਂ ਇਸ ਪਿਛੇ ਪਾਰਟੀ ਦੀ ਸੋਚ ਹੈ।
Subramanian Swamy
ਜੇ ਸੁਬਰਾਮਨੀਅਮ ਸਵਾਮੀ ਦਾ ਇਹ ਨਿਜੀ ਬਿਆਨ ਹੈ ਤਾਂ ਉਸ ਨੂੰ ਤੁਰਤ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਕਿਉਂਕਿ ਇਹ ਮਾਮਲਾ ਸੰਸਾਰ ਭਰ ਦੇ ਕਰੋੜਾਂ ਹੀ ਨਾਨਕ ਨਾਮ ਲੇਵਾ ਸੰਗਤਾਂ ਨਾਲ ਜੁੜਿਆ ਹੋਇਆ ਹੈ। ਬਾਜਵਾ ਨੇ ਆਖਿਆ ਜਦ ਸਾਰੇ ਸੰਸਾਰ ਵਿਚ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਤਾਂ ਭਾਜਪਾ ਆਗੂ ਦਾ ਇਹ ਬਿਆਨ ਦੇਣਾ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਖਾਸਾਵਾਲੀ, ਹਰਭਜਨ ਸਿੰਘ ਰੱਤੜਵਾ, ਅਜਾਇਬ ਸਿੰਘ ਦਿਉਲ, ਨਿਰਮਲ ਸਿੰਘ ਸਾਗਰਪੁਰ, ਗੁਰਪ੍ਰੀਤ ਸਿੰਘ ਪਰਮਾਰ ਆਦਿ ਹਾਜ਼ਰ ਸਨ।