
ਮੁੜ ਭਖਾਈ ਜਾਵੇਗੀ 'ਕੋਰਨੀਅਲ ਬਲਾਈਂਡਨੈਂਸ' ਮੁਕਤ ਪੰਜਾਬ ਮੁਹਿੰਮ : ਵਿਨੀ ਮਹਾਜਨ
ਚੰਡੀਗੜ੍ਹ, 10 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਪੀਜੀਆਈ, ਚੰਡੀਗੜ੍ਹ• ਵਿਖੇ ਕਰਵਾਏ ਗਏ ਵਰਚੂਅਲ ਆਈ ਡੋਨੇਸ਼ਨ ਫ਼ੋਰਟਨਾਈਟ (ਈਡੀਐਫ਼) 2020 ਸਮਾਰੋਹ ਦੌਰਾਨ ਕਿਹਾ ਕਿ 'ਕੋਰਨੀਅਲ ਬਲਾਈਂਡਨੈਂਸ' ਬੈਕਲਾਗ ਫ਼ਰੀ ਪੰਜਾਬ (ਸੀਬੀਬੀਐਫ਼) ਮੁਹਿੰਮ ਨੂੰ ਮੁੜ ਤੇਜ਼ ਕੀਤਾ ਜਾਵੇਗਾ। ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਪੂਰੇ ਭਾਰਤ ਵਿਚ ਮਾਰਚ ਤੋਂ ਜੂਨ 2020 ਦੌਰਾਨ ਅੱਖਾਂ ਦਾਨ ਕਰਨ ਵਿਚ 80 ਫ਼ੀ ਸਦੀ ਗਿਰਾਵਟ ਆਈ ਹੈ ਅਤੇ ਕੇਰਟੋਪਲਾਸਟੀ ਸਰਜਰੀ ਵਿਚ 78 ਫ਼ੀ ਸਦੀ ਕਮੀ ਆਈ ਹੈ। ਇਸ ਲਈ ਸੀਬੀਬੀਐਫ਼ ਪੰਜਾਬ ਮੁਹਿੰਮ ਨੂੰ ਉਤਸ਼ਾਹਤ ਕਰਨਾ ਸਮੇਂ ਦੀ ਲੋੜ ਹੈ। ਇਸ ਮੁਹਿੰਮ ਦੀ ਸ਼ੁਰੂਆਤ ਸਾਲ 2015 ਵਿਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਕੋਰਨੀਅਲ ਬਲਾਈਂਡਨੈੱਸ ਮੁਕਤ ਸੂਬੇ ਦਾ ਮਾਣਮੱਤਾ ਖ਼ਿਤਾਬ ਹਾਸਲ ਕਰਨ ਵਿਚ ਯੋਗਦਾਨ ਪਾਇਆ । ਇਸ ਪ੍ਰਾਪਤੀ ਨਾਲ ਪੰਜਾਬ ਨੇ ਦੇਸ਼ ਦੇ ਹੋਰ ਸੂਬਿਆਂ ਲਈ ਇਕ ਮਿਸਾਲ ਕਾਇਮ ਕੀਤੀ ਅਤੇ ਇਹ ਵੀ ਸਾਬਤ ਕਰ ਦਿਤਾ ਕਿ ਪੰਜਾਬ ਵਿਚ ਮੋਢੀ ਬਣਨ ਦੀ ਸਮਰੱਥਾ ਹੈ। ਕੋਰਨੀਅਲ ਸਰਜਨਾਂ ਨੂੰ “ਕੋਰਨੀਆ ਹੀਰੋਜ਼” ਵਜੋਂ ਵਡਿਆਉਂਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਕੋਰਨੀਅਲ ਬਲਾਈਂਡਨੈੱਸ ਬੈਕਲਾਗ ਫ਼ਰੀ ਪੰਜਾਬ (ਸੀਬੀਬੀਐਫ਼) ਪਹਿਲਕਦਮੀ ਦੀ ਸਫ਼ਲਤਾ ਸਾਰੇ ਭਾਈਵਾਲਾਂ-ਅੱਖਾਂ ਦਾਨ ਕਰਨ ਵਾਲੇ, ਅੱਖਾਂ ਦੇ ਸਰਜਨਾਂ, ਐਨ.ਜੀ.ਓਜ਼ ਆਦਿ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਉਨ੍ਹਾਂ ਨੇ ਆਰਪੀ ਸੈਂਟਰ ਏਮਸ ਐਨ-ਦਿੱਲੀ ਤੋਂ ਪ੍ਰੋ. ਡਾ. ਰਾਧਿਕਾ ਟੰਡਨ ਵਲੋਂ ਤਕਨੀਕੀ ਮਾਹਰ ਵਜੋਂ ਨਿਭਾਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ। ਪੀ.ਜੀ.ਆਈ.ਐਮਈਆਰ, ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ ਡਿਪਾਰਟਮੈਂਟ, ਨੈਸ਼ਨਲ ਪ੍ਰੋਗਰਾਮ ਫ਼ਾਰ ਬਲਾਈਂਡਨੈੱਸ ਐਂਡ ਵਿਜ਼ੂਅਲ ਇੰਮਪੇਅਰਮੈਂਟ, ਪੰਜਾਬ ਅਤੇ ਯੂ.ਟੀ. ਚੰਡੀਗੜ੍ਹ•, ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟਰਾਂਸਪਲਾਂਟ ਸੈਂਟਰ, ਹੁਸ਼ਿਆਰਪੁਰ ਅਤੇ ਸਟਰੈਟੇਜੀ ਇੰਸਟੀਚਿਊਟ ਫ਼ਾਰ ਪਬਲਿਕ ਹੈਲਥ ਐਜੂਕੇਸ਼ਨ ਐਂਡ ਰਿਸਰਚ (ਸਿਫ਼ਰ) ਵਲੋਂ ਕਰਵਾਏ ਗਏ ਇਸ ਆਈ ਡੋਨੇਸ਼ਨ ਫ਼ੋਰਟਨਾਈਟ (ਈਡੀਐਫ) 2020 ਸਮਾਰੋਹ ਦੌਰਾਨ ਅੱਖਾਂ ਦਾਨ ਕਰਨ ਅਤੇ ਸਰਜਰੀ ਨੂੰ ਉਤਸ਼ਾਹਤ ਕਰਨ ਵਿਚ ਮਿਸਾਲੀ ਸੇਵਾਵਾਂ ਨਿਭਾਉਣ ਵਾਲੇ ਕੋਰਨੀਅਲ ਸਰਜਨਾਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ “'ਕੋਰਨੀਆ ਹੀਰੋਜ਼”' ਐਲਾਨਿਆ ਗਿਆ।
image