
ਕਿਹਾ, ਸਿੱਖ ਤੇ ਪੰਜਾਬ ਹੀ ਦਲੇਰੀ ਨਾਲ ਆਵਾਜ਼ ਚੁੱਕ ਸਕਦੇ ਹਨ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ/ਅਮਰਜੀਤ ਬਠਲਾਣਾ) ਦੇਸ਼ ਦੇ ਉੱਘੇ ਕ੍ਰਾਂਤੀਕਾਰੀ ਪ੍ਰਸ਼ਾਂਤ ਭੂਸ਼ਣ ਨੇ ਇਥੇ ਚੰਡੀਗੜ੍ਹ ਵਿਖੇ ਜਾਗਦਾ ਪੰਜਾਬ ਮੰਚ ਵਲੋਂ ''ਭਾਰਤੀ ਲੋਕਤੰਤਰ ਦਾ ਸੰਕਟ'' ਵਿਸ਼ੇ 'ਤੇ ਕਰਵਾਈ ਗਈ ਮਿਲਣੀ ਦੌਰਾਨ ਕਿਹਾ ਕਿ ਲੋਕਤੰਤਰ ਦੀਆਂ ਸੰਸਥਾਵਾਂ 'ਤੇ ਸਰਕਾਰ ਦਾ ਕਬਜ਼ਾ ਹੋ ਚੁੱਕਾ ਹੈ ਤੇ ਅਜਿਹੇ ਵਿਚ ਅੰਦੋਲਨ ਤੇ ਸੰਘਰਸ਼ ਹੋਣੇ ਲਾਜ਼ਮੀ ਹਨ ਤੇ ਛੇਤੀ ਹੀ ਵੱਡੀ ਕ੍ਰਾਂਤੀ ਆਏਗੀ।
CAA
ਪਿਛਲੇ ਸਮੇਂ 'ਚ ਹੋਏ ਘਟਨਾਕ੍ਰਮਾਂ, ਜਿਨ੍ਹਾਂ ਵਿਚ ਸਿਟੀਜ਼ਨ ਅਮੈਂਡਮੈਂਟ ਬਿਲ (ਸੀਏਏ) ਪਾਸ ਕਰਨਾ, ਮੀਡੀਆ ਰਾਹੀਂ ਸੁਸ਼ਾਂਤ ਸਿੰਘ ਦੀ ਮੌਤ ਦੇ ਮਾਮਲੇ ਵਿਚ ਰੀਆ ਚੱਕਰਵਰਤੀ ਨੂੰ ਵਿਖਾ ਕੇ ਲੋਕਾਂ ਦਾ ਧਿਆਨ ਹੋਰ ਮੁੱਦਿਆਂ ਤੋਂ ਭਟਕਾਉਣਾ, ਹਾਥਰਸ (ਯੂਪੀ) ਵਿਖੇ ਦਲਿਤ ਕੁੜੀ ਨਾਲ ਜਬਰ ਜਨਾਹ ਉਪਰੰਤ ਤਸ਼ੱਦਦ ਕਾਰਨ ਮੌਤ ਹੋਣਾ,
Act UAPA
ਰਾਜਸਭਾ ਵਿਚ ਬਹੁਮਤ ਨਾ ਹੋਣ ਦੇ ਬਾਵਜੂਦ ਖੇਤੀ ਬਿਲਾਂ ਨੂੰ ਜ਼ਬਰਦਸਤੀ ਪਾਸ ਕਰਨਾ, ਸੁਪਰੀਮ ਕੋਰਟ ਵਲੋਂ ਸ਼ਾਹੀਨ ਬਾਗ਼ ਦੇ ਮੁਜ਼ਾਹਰੇ ਦੀ ਥਾਂ ਨੂੰ ਲੈ ਕੇ ਆਏ ਫ਼ੈਸਲੇ ਅਤੇ ਝਾਰਖੰਡ ਵਿਖੇ ਸਮਾਜ ਸੇਵੀ ਟੇਮ ਸਵਾਮੀ ਵਿਰੁਧ ਯੂਏਪੀਏ ਦਾ ਮਾਮਲਾ ਬਣਾਉਣ ਦੀਆਂ ਮਿਸਾਲਾਂ ਦਿੰਦਿਆਂ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਭਾਰਤ ਵਿਚ ਲੋਕਤੰਤਰ ਲਗਭਗ ਖ਼ਤਮ ਹੋ ਚੁੱਕਾ ਹੈ। ਸੰਸਦ, ਨਿਆਂਪਾਲਿਕਾ, ਚੋਣ ਕਮਿਸ਼ਨ ਅਤੇ ਮੀਡੀਆ 'ਤੇ ਸਰਕਾਰ ਦਾ ਕਬਜ਼ਾ ਹੈ।
Prashant Bhushan
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕਮੀਆਂ ਉਜਾਗਰ ਕਰਨਾ ਆਮ ਨਾਗਰਿਕ ਦਾ ਫ਼ਰਜ਼ ਹੈ ਪਰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੁਣ ਖ਼ਤਮ ਹੋ ਚੁੱਕੀ ਹੈ ਤੇ ਜੇਕਰ ਕੋਈ ਕਿਸੇ ਗ਼ਲਤ ਕਾਰਵਾਈ ਵਿਰੁਧ ਆਵਾਜ਼ ਚੁੱਕਦਾ ਹੈ ਤਾਂ ਉਸ ਵਿਰੁਧ ਦੇਸ਼ ਧ੍ਰੋਹ ਦਾ ਕੇਸ ਦਰਜ ਕਰ ਦਿਤਾ ਜਾਂਦਾ ਹੈ। ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਜੇਲ ਦਾ ਡਰ ਵਿਖਾਉਂਦੀ ਹੈ
Jayaprakash Narayan
ਪਰ ਸਰਕਾਰ ਦੇ ਹਥਕੰਡਿਆਂ ਨਾਲ ਲੋਕਾਂ ਦੇ ਮਨਾਂ ਵਿਚੋਂ ਇਹ ਡਰ ਨਿਕਲ ਚੁੱਕਾ ਹੈ ਤੇ ਲੋਕਤੰਰਤ ਦੀ ਆਜਾਦੀ ਲਈ ਛੇਤੀ ਹੀ ਮਹਾਤਮਾ ਗਾਂਧੀ ਤੇ ਜੈ ਪ੍ਰਕਾਸ਼ ਨਰਾਇਣ ਵਰਗੀ ਕ੍ਰਾਂਤੀ ਆਵੇਗੀ ਤੇ ਪੰਜਾਬ ਤੇ ਖਾਸ ਕਰਕੇ ਸਿੱਖ ਇਸ ਕ੍ਰਾਂਤੀ ਵਿਚ ਖਾਸ ਭੂਮਿਕਾ ਅਦਾ ਕਰਨਗੇ, ਕਿਉਂਕਿ ਇਹ ਦਲੇਰ ਕੌਮ ਹੈ ਤੇ ਹਰੇਕ ਵਧੀਕੀ ਵਿਰੁੱਧ ਹਮੇਸ਼ਾ ਡਟ ਕੇ ਖੜ੍ਹੀ ਹੈ। ਉਨ੍ਹਾਂ ਨੌਜਵਾਨਾਂ ਤੇ ਆਮ ਨਾਗਰਿਕਾਂ ਨੂੰ ਹੋਕਾ ਦਿੱਤਾ ਕਿ ਉਹ ਲੋਕਤੰਤਰ ਦੀ ਬਹਾਲੀ ਲਈ ਸੰਘਰਸ਼ ਪ੍ਰਤੀ ਅੱਗੇ ਆਉਣ।