ਰੋਹਿਤ ਨੇ ਦਖਣੀ ਅਫ਼ਰੀਕਾ ਵਿਰੁਧ ਤਿੰਨ ਮੈਚਾਂ ਦੀ ਲੜੀ ਵਿਚ ਕੁੱਲ 146 ਦੌੜਾਂ ਬਣਾਈਆਂ
ਦੁਬਈ: ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ, ਦੱਖਣੀ ਅਫ਼ਰੀਕਾ ਵਿਰੁਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ, ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੁਆਰਾ ਜਾਰੀ ਕੀਤੀ ਗਈ ਤਾਜ਼ਾ ਰੈਂਕਿੰਗ ਦੇ ਅਨੁਸਾਰ ਕੋਹਲੀ ਨੇ ਅਪਣੀ ਰੈਂਕਿੰਗ ਵਿਚ ਦੋ ਸਥਾਨਾਂ ਦਾ ਸੁਧਾਰ ਕੀਤਾ ਹੈ ਅਤੇ ਹੁਣ ਉਹ ਸਿਰਫ਼ ਰੋਹਿਤ ਸ਼ਰਮਾ ਤੋਂ ਪਿੱਛੇ ਹੈ।
ਰੋਹਿਤ ਆਸਟਰੇਲੀਆ ਦੌਰੇ ਦੌਰਾਨ ਇਕ ਸੈਂਕੜਾ ਅਤੇ ਇਕ ਅਰਧ ਸੈਂਕੜਾ ਲਗਾਉਣ ਤੋਂ ਬਾਅਦ ਪਹਿਲੀ ਵਾਰ ਵਨਡੇ ਬੱਲੇਬਾਜ਼ੀ ਰੈਂਕਿੰਗ ਵਿਚ ਸਿਖਰ ’ਤੇ ਪਹੁੰਚਿਆ ਹੈ ਅਤੇ ਉਹ ਸਿਖਰਲੇ ਸਥਾਨ ’ਤੇ ਬਣਿਆ ਹੋਇਆ ਹੈ। ਰੋਹਿਤ ਨੇ ਦਖਣੀ ਅਫ਼ਰੀਕਾ ਵਿਰੁਧ ਤਿੰਨ ਮੈਚਾਂ ਦੀ ਲੜੀ ਵਿਚ ਕੁੱਲ 146 ਦੌੜਾਂ ਬਣਾਈਆਂ। ਕੋਹਲੀ ਨੇ ਦੱਖਣੀ ਅਫ਼ਰੀਕਾ ਵਿਰੁਧ ਦੋ ਸੈਂਕੜੇ ਅਤੇ ਇਕ ਅਰਧ ਸੈਂਕੜਾ ਸਮੇਤ 302 ਦੌੜਾਂ ਬਣਾਈਆਂ, ਅਤੇ ਉਸ ਨੂੰ ਸੀਰੀਜ਼ ਦਾ ਖਿਡਾਰੀ ਵੀ ਚੁਣਿਆ ਗਿਆ।
