
ਰੇਲ ਰੋਕੋ 17ਵੇਂ ਦਿਨ ਵੀ ਜਾਰੀ, ਅੰਦੋਲਨ ਦੀ ਅਗਲੀ ਰਣਨੀਤੀ ਦਾ ਅੱਜ ਹੋਵੇਗਾ ਐਲਾਨ
ਅੰਮ੍ਰਿਤਸਰ, 10 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਰੇਲ ਰੋਕੋ ਅੰਦੋਲਨ ਅੱਜ 17ਵੇਂ ਦਾਖ਼ਲ ਹੋ ਗਿਆ। ਕਿਸਾਨ ਆਗੂਆਂ ਨੇ ਦਸਿਆ ਕਿ ਜੋ ਕੈਪਟਨ ਸਰਕਾਰ ਪ੍ਰਚਾਰ ਮਾਧਿਅਮ ਰਾਹੀਂ ਮੁੱਦਿਆਂ ਦਾ ਦੁਰਪ੍ਰਚਾਰ ਕਿਸਾਨਾਂ ਵਿਰੁਧ ਕਰ ਰਹੀ ਹੈ, ਉਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ ਤੇ ਬਿਜਲੀ 3 ਰੁਪਏ ਯੂਨਿਟ ਪੂਲ ਵਿਚ ਮਿਲ ਸਕਦੀ ਹੈ। ਪ੍ਰਾਈਵੇਟ ਥਰਮਲ ਪਲਾਂਟਾ ਦੀ ਬਿਜਲੀ ਮਹਿੰਗੀ ਪੈਂਦੀ ਹੈ। ਬਿਜਲੀ ਦੇ ਕੱਟ ਵੀ ਜਾਣ ਬੁੱਝ ਕੇ ਲਗਾਏ ਜਾ ਰਹੇ ਹਨ। ਅੱਜ ਦੇਵੀਦਾਸਪੁਰ ਰੇਲਵੇ ਟਰੈਕ ਵਿਖੇ ਇਕੱਠ ਨੂੰ ਸੰਬੋਧਨ ਕਰਦਿਆ ਸੂਬਾ ਜਨ. ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ, ਲਖਵਿੰਦਰ ਸਿੰਘ ਵਰਿਆਮਨੰਗਲ ਨੇ ਕਿਹਾ ਕਿ ਜਰੂਰੀ ਵਸਤਾਂ ਦੀ ਘਾਟ ਤੇ ਡੀ.ਏ.ਪੀ.ਖਾਦ ਆਦਿ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਕਿਸਾਨ ਆਗੂਆਂ ਨੇ ਕਿਹਾ ਕਿ
ਅੰਦੋਲਨ ਦੀ ਰੂਪ ਰੇਖਾ ਬਾਰੇ 11 ਅਕਤੂਬਰ ਨੂੰ 2 ਵਜੇ ਐਲਾਨ ਕੀਤਾ ਜਾਵੇਗਾ, 1509 ਬਾਸਮਤੀ ਤੇ ਨਰਮਾਂ ਮੰਡੀਆਂ ਵਿਚ ਰੁਲ ਰਿਹਾ ਹੈ, ਝੋਨੇ ਦੇ ਰੇਟ ਵਿਚ 300 ਤੋਂ 400 ਰੁਪਏ ਦੀ ਵਪਾਰੀ ਲੁੱਟ ਕਰ ਰਹੇ ਹਨ ਪਰ ਸਰਕਾਰ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ, ਜਿਸ ਨਾਲ ਕਿਸਾਨਾਂ ਦਾ ਆਰਥਕ ਤੌਰ 'ਤੇ ਵੱਡੇ ਪੱਧਰ ਉਤੇ ਸ਼ੋਸ਼ਣ ਹੋ ਰਿਹਾ ਹੈ ਤੇ ਜ਼ਿਲ੍ਹਿਆਂ ਦੇ ਡੀ.ਸੀਜ਼ ਵਲੋਂ ਬਿਆਨ ਦੇਣਾ ਹਾਸੋਹੀਣਾ ਹੈ ਕਿ ਸਰਕਾਰੀ ਰੇਟ ਤੋਂ ਘੱਟ ਖ੍ਰੀਦਣ ਵਾਲੇ ਉਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਵੇਂ ਭਗਤਾਂਵਾਲਾ ਮੰਡੀ, ਰਈਆਂ, ਜੰਡਿਆਲਾ ਗੁਰੂ ਆਦਿ ਮੰਡੀਆਂ ਵਿਚ ਸਸਤੇ ਭਾਅ ਝੋਨਾ ਖ੍ਰੀਦ ਕੇ ਵੱਡੇ ਪੱਧਰ ਉਤੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਪਰਾਲੀ ਵਾਲੇ ਮੁੱਦੇ 'ਤੇ ਕੈਪਟਨ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ। ਮੋਦੀ ਸਰਕਾਰ ਫੁੱਟ ਪਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੀ ਹੈ। ਕਾਰਪੋਰੇਟ ਘਰਾਣਿਆਂ ਵਿਰੁਧ ਅੰਦੋਲਨ ਤੇਜ ਹੋ ਰਿਹਾ ਹੈ ਜੋ ਸੰਘਰਸ਼ ਨੂੰ ਜਿੱਤ ਵੱਲ ਲਿਜਾਵੇਗਾ।
ਇਸ ਮੌਕੇ ਧੰਨਾ ਸਿੰਘ ਲਾਲੂਘੁੰਮਣ, ਜਰਨੈਲ ਸਿੰਘ ਨੂਰਦੀ, ਹਰਪਾਲ ਸਿੰਘ ਸਿੱਧਵਾਂ, ਹਰਦੀਪ ਸਿੰਘ ਜੌਹਲ, ਮਨਜਿੰਦਰ ਸਿੰਘ ਗੋਹਲਵੜ, ਅੰਗਰੇਜ਼ ਸਿੰਘ ਦੋਬੁਰਜ਼ੀ, ਕੁਲਵਿੰਦਰ ਸਿੰਘ ਕੈਰੋਵਾਲ, ਸ਼ਮਸ਼ੇਰ ਸਿੰਘ ਮੀਰਪੁਰ, ਬਾਜ਼ ਸਿੰਘ ਬੁਰਜ਼, ਰਛਪਾਲ ਸਿੰਘ ਠਰੂ, ਸਤਨਾਮ ਸਿੰਘ ਮਾਣੋਚਾਹਲ, ਸਤਨਾਮ ਸਿੰਘ ਖਾਰੇ, ਲਖਵਿੰਦਰ ਸਿੰਘ ਪਲਾਸੌਰ, ਸਲਵਿੰਦਰ ਸਿੰਘ ਜੀਉਬਾਲਾ, ਮੁਖਤਾਰ ਸਿੰਘ ਬਾਕੀਪੁਰ, ਰੇਸ਼ਮ ਸਿੰਘ ਘੁਰਕਵਿੰਡ, ਨਰਿੰਜਣ ਸਿੰਘ ਬਰਗਾੜੀ, ਬਚਿੱਤਰ ਸਿੰਘ ਸੂਰਵਿੰਡ, ਨਿੰਦਰ ਸਿੰਘ ਮੂਸੇ, ਪ੍ਰਗਟ ਸਿੰਘ ਸੁਰਸਿੰਘ, ਅਮਰੀਕ ਸਿੰਘ ਜੰਡੋਕੇ, ਜੱਸਾ ਸਿੰਘ ਝਾਮਕਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ—ਏ ਐਸ ਆਰ ਬਹੋੜੂ— 10—1 — ਦੇਵਾਦਾਸਪੁਰ ਰੇਲਵੇ ਫਾਟਕ ਕਿਸਾਨ ਲਾਇਨਾਂ ਤੇ ਲੰਮੇ ਪਏ ਹੋਏ।