ਕਿਹਾ - ਅੱਜ ਲੋੜ ਹੈ ਕਿ ਗੁਰਬਾਣੀ ਨੂੰ ਆਪਣੇ ਮਨਾਂ ਵਿਚ ਵਸਾ ਕੇ ਉਸ ਨੂੰ ਜੀਵਨ ਦਾ ਅੰਗ ਬਣਾਇਆ ਜਾਵੇ।
ਡੇਰਾ ਬਾਬਾ ਨਾਨਕ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡੇਰਾ ਬਾਬਾ ਨਾਨਕ ਉਤਸਵ ਤਹਿਤ ਕਰਵਾਏ ਸੈਮੀਨਾਰ ਦੌਰਾਨ ਦੇਸ਼ ਦੇ ਵੱਖ-ਵੱਖ ਖਿੱਤਿਆਂ ਵਿੱਚੋਂ ਪੁੱਜੇ ਵਿਦਵਾਨਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਵੱਖ-ਵੱਖ ਪੱਖਾਂ ਉੱਤੇ ਚਾਨਣ ਪਾਇਆ। ਵਿਦਵਾਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਮਨੁੱਖਤਾ ਦੀ ਸੇਵਾ ਲਈ ਵਡਮੁੱਲੀ ਦੇਣ ਨੂੰ ਪੰਜਾਬੀ ਸਾਹਿਤ ਵਿਚ ਕਹਾਣੀ, ਇਕਾਂਗੀ, ਨਾਟਕ, ਸੰਗੀਤ ਸ਼ਾਸਤਰ ਸਮੇਤ ਵੱਖ-ਵੱਖ ਵਿਧਾਵਾਂ ਵਿੱਚ ਪੇਸ਼ ਕੀਤੇ ਜਾਣ ਸਬੰਧੀ ਵਿਸਥਾਰ 'ਚ ਦੱਸਿਆ।
ਸੈਮੀਨਾਰ ਦੌਰਾਨ ਸਾਹਿਤਕਾਰਾਂ ਵਲੋਂ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅਪਣਾਉਣ ਦਾ ਸੱਦਾ ਦਿੱਤਾ ਗਿਆ ਅਤੇ ਦਸਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਨੇ ਭਾਸ਼ਾਈ, ਸਾਹਿਤਕ, ਸਮਾਜਕ ਅਤੇ ਧਾਰਮਿਕ ਵਿਸਵਾਸ਼ ਅਤੇ ਸੰਗੀਤ ਪੱਖੋਂ ਕ੍ਰਾਂਤੀਕਾਰੀ ਪਰਿਵਰਤਨ ਲਿਆਂਦੇ। ਵਿਦਵਾਨਾਂ ਨੇ ਕਿਹਾ ਕਿ ਅੱਜ ਲੋੜ ਹੈ ਕਿ ਗੁਰਬਾਣੀ ਨੂੰ ਆਪਣੇ ਮਨਾਂ ਵਿਚ ਵਸਾ ਕੇ ਉਸ ਨੂੰ ਜੀਵਨ ਦਾ ਅੰਗ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਜਦੋਂ ਕੋਈ ਗੁਰਬਾਣੀ ਨਾਲ ਜੁੜਦਾ ਹੈ ਤਾਂ ਗੁਰੂ ਸਾਹਿਬ ਬਾਣੀ ਦੇ ਰੂਪ ਵਿਚ ਉਸ ਮਨੁੱਖ ਦੇ ਸਵਾਲਾਂ ਦੇ ਜਵਾਬ ਨਾਲੋ-ਨਾਲ ਦਿੰਦੇ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਅਧਾਰ 'ਤੇ ਸਮਾਜ ਦੀ ਸੋਚ ਅਤੇ ਨਜ਼ਰੀਆ ਬਦਲਿਆ ਜਾਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਮੌਜੂਦਾ ਦੌਰ ਵਿਚ ਵੀ ਔਰਤਾਂ ਸਮਾਜਕ ਬੁਰਾਈਆਂ ਦੇ ਖਾਤਮੇ ਵਿਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।
ਸੈਮੀਨਾਰ ਦੌਰਾਨ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਰੂੜੀਵਾਦੀ ਰੀਤਾਂ ਨੂੰ ਨਕਾਰ ਕੇ ਇਕ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਅਤੇ ਜਬਰ ਤੇ ਜੁਲਮ ਵਿਰੁਧ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਮਨਾਉਣਾ ਤਾਂ ਹੀ ਸਾਰਥਕ ਹੈ ਜੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਅਮਲ ਕੀਤਾ ਜਾਵੇ। ਇਸ ਮੌਕੇ ਪੰਜਾਬੀ ਅਕਾਦਮੀ ਦਿੱਲੀ ਵੱਲੋਂ ਪ੍ਰਕਾਸ਼ਿਤ ਕਿਤਾਬ 'ਕਲਿ ਤਾਰਣ ਗੁਰੁ ਨਾਨਕ ਆਇਆ' ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ, ਹਰਪਾਲ ਸਿੰਘ ਪੰਨੂੰ, ਹਰਦੀਪ ਸਿੰਘ ਢਿੱਲੋਂ ਸਾਬਕਾ ਡੀ.ਜੀ.ਪੀ, ਡਾ. ਰਵਿੰਦਰ, ਡਾ. ਹਰਪਾਲ ਸਿੰਘ, ਡਾ ਅਵਤਾਰ ਸਿੰਘ, ਦੇਸ ਰਾਜ, ਕੁਲਬੀਰ ਗੋਜਰਾ, ਡਾ ਰਮਨਪ੍ਰੀਤ ਕੌਰ, ਡਾ ਸੁਰਜੀਤ ਸਿੰਘ ਸਮੇਤ ਦੇਸ਼ ਦੇ ਵੱਖ ਵੱਖ ਖਿੱਤਿਆਂ ਵਿਚੋਂ ਆਏ ਵਿਦਵਾਨ ਹਾਜ਼ਰ ਸਨ।