
ਡੇਰਾ ਬਾਬਾ ਨਾਨਕ ਵਿਖੇ ਵੱਡੀ ਗਿਣਤੀ ਸੰਗਤ ਨੇ ਵੇਖਿਆ ਡਿਜੀਟਲ ਮਿਊਜ਼ੀਅਮ
ਡੇਰਾ ਬਾਬਾ ਨਾਨਕ : ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਇਥੇ ਅਨਾਜ ਮੰਡੀ ਵਿਖੇ ਸਥਾਪਤ ਕੀਤੇ ਗਏ ਡਿਜ਼ੀਟਲ ਮਿਊਜ਼ੀਅਮ ਨੂੰ ਵੱਡੀ ਗਿਣਤੀ ਸੰਗਤ ਨੇ ਵੇਖਿਆ ਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਡਿਜ਼ੀਟਲ ਮਿਊਜ਼ੀਅਮ ਨੇ ਸੰਗਤ ਨੂੰ ਰੂਹਾਨੀਅਤ ਦੇ ਰੰਗ ਵਿਚ ਰੰਗ ਦਿੱਤਾ। ਸੰਗਤ ਦਾ ਕਹਿਣਾ ਸੀ ਕਿ ਇਹ ਮਿਊਜ਼ੀਅਮ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਬਾਰੇ ਜਾਣਕਾਰੀ ਦੇਣ ਵਿੱਚ ਸਹਾਈ ਸਿੱਧ ਹੋਇਆ ਹੈ। ਸੰਗਤ ਨੇ ਮਿਊਜ਼ੀਅਮ ਨੂੰ ਜਿ਼ੰਦਗੀ ਦਾ ਅਨੋਖਾ ਅਨੁਭਵ ਦੱਸਿਆ।
Dera Baba Nanak : Large number of sangat visited digital museum
ਡੇਰਾ ਬਾਬਾ ਨਾਨਕ ਵਿਖੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਵੱਖ-ਵੱਖ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਈ ਸੰਗਤ ਨੇ ਜਿੱਥੇ ਡਿਜ਼ੀਟਲ ਮਿਊਜ਼ੀਅਮ ਵਿਚ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਦਾਸੀਆਂ ਤੇ ਫਲਸਫੇ ਬਾਰੇ ਸੰਗੀਤਮਈ ਪ੍ਰਸਤੁਤੀ ਵਿਚ ਜਾਣਕਾਰੀ ਪ੍ਰਾਪਤ ਕੀਤੀ ਉਥੇ ਹੀ ਉਨ੍ਹਾਂ ਨੇ ਇਸ ਨੂੰ ਜਾਣਕਾਰੀ ਦਾ ਅਨਮੋਲ ਖ਼ਜ਼ਾਨਾ ਕਰਾਰ ਦਿੱਤਾ। ਮਿਊਜ਼ੀਅਮ ਵਿਚ ਆਉਣ ਵਾਲਿਆਂ ਨੇ ਕਿਹਾ ਕਿ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਨਾਲ-ਨਾਲ ਡਿਜ਼ੀਟਲ ਮਿਊਜ਼ੀਅਮ ਨੇ ਥੋੜੇ ਸਮੇਂ ਵਿਚ ਹੀ ਗੁਰੂ ਸਾਹਿਬ ਬਾਰੇ ਜੋ ਚਾਨਣਾ ਪਾਇਆ ਹੈ ਉਹ ਬੇਮਿਸਾਲ ਹੈ। ਜ਼ਿਕਰਯੋਗ ਹੈ ਕਿ ਮਿਊਜ਼ੀਅਮ ਵਿਚ ਵੱਖ-ਵੱਖ ਗੈਲਰੀਆਂ ਸਨ ਜੋ ਗੁਰੂ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਸਨ।
Dera Baba Nanak : Large number of sangat visited digital museum
ਡਿਜ਼ੀਟਲ ਮਿਊਜ਼ੀਅਮ ਮਲਟੀ ਮੀਡੀਆ ਤਕਨੀਕ 'ਤੇ ਅਧਾਰਤ ਹੈ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਯਾਤਰਾ ਨੂੰ ਦਰਸਾਉਂਦਾ ਹੈ। ਡਿਜੀਟਲ ਮਿਊਜ਼ੀਅਮ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਵਿਗਿਆਨ, ਕਲਾ, ਟੈਕਨਾਲੋਜੀ, ਡਿਜ਼ਾਇਨ ਅਤੇ ਚਿੱਤਰਾਂ ਰਾਹੀਂ ਜੋੜ ਕੇ ਵਿਲੱਖਣ ਰੂਪ 'ਚ ਪੇਸ਼ ਕੀਤਾ। ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਅਤੇ ਉਪਦੇਸ਼ਾਂ ਨੂੰ ਸਕਰੀਨਾਂ ਰਾਹੀਂ ਬਾਖੂਬੀ ਪ੍ਰਦਰਸ਼ਿਤ ਕੀਤਾ ਗਿਆ।