
ਹਰਿਮੰਦਰ ਸਾਹਿਬ ਵਾਂਗ ਰਾਮ ਮੰਦਰ ਦਾ ਨੀਂਹ ਪੱਥਰ ਸਰਬ ਧਰਮ ਦੇ ਆਗੂਆਂ ਤੋਂ ਰਖਵਾਇਆ ਜਾਵੇ
ਜਲੰਧਰ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਕਰਤਾਰਪੁਰ ਕੋਰੀਡੋਰ ਦੇ ਖੁਲ੍ਹਣ ਨਾਲ ਉਮੀਦ ਦੀ ਇਕ ਨਵੀਂ ਕਿਰਨ ਨਜ਼ਰ ਆ ਰਹੀ ਹੈ। ਇਸ ਲਾਂਘੇ ਨੇ ਸਾਡੀ ਸੋਚ ਦੇ ਤਾਲੇ ਖੋਲ੍ਹ ਦਿਤੇ ਹਨ, ਇਕ ਉਮੀਦ ਜਾਗੀ ਹੈ। ਸਿੱਖ ਸੰਗਤ ਦੀ 72 ਵਰ੍ਹਿਆਂ ਦੀ ਅਤੇ ਸੁਪਰੀਮ ਕੋਰਟ 'ਚ ਅਯੁੱਧਿਆ ਦੀ ਅਰਦਾਸ ਸੁਣੀ ਗਈ।
Kartarpur Sahib
ਉਨ੍ਹਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਮੀਆਂ-ਮੀਰ ਤੋਂ ਰਖਵਾਇਆ ਸੀ, ਜਿਸ ਨਾਲ ਸਵਰਣ ਮੰਦਰ ਸਦੀਆਂ ਤਕ ਅਪਣੇ-ਆਪ 'ਚ ਭਾਈਚਾਰੇ, ਅਮਨ-ਸ਼ਾਂਤੀ ਦੀ ਮਿਸਾਲ ਬਣਿਆ ਰਹੇਗਾ, ਠੀਕ ਉਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਿਖਾਏ ਰਸਤੇ 'ਚ ਚੱਲਦੇ ਹੋਏ ਅਯੁੱਧਿਆ 'ਚ ਸ੍ਰੀ ਰਾਮ ਮੰਦਰ ਦਾ ਨੀਂਹ ਪੱਥਰ ਵੀ ਸਰਬ-ਸਮਾਜ ਦੇ ਹਥੋਂ ਰਖਵਾਇਆ ਜਾਵੇ ਤਾਂ ਕਿ ਦੇਸ਼ ਦੇ ਭਾਈਚਾਰੇ 'ਚ ਦਰਾਰ ਪਾਉਣ ਵਾਲਿਆਂ ਦੇ ਮਨਸੂਬੇ ਇਸ ਨੀਂਹ ਦੇ ਹੇਠਾਂ ਹੀ ਦੱਬ ਕੇ ਰਹਿ ਜਾਣ।
Kartarpur Corridor
ਜਾਖੜ ਨੇ ਕਿਹਾ ਕਿ ਸਾਰਾ ਹਿੰਦੋਸਤਾਨ ਮੰਦਰ ਨਿਰਮਾਣ 'ਚ ਯੋਗਦਾਨ ਪਾਵੇ ਤਾਂ ਕਿ ਰਿਸ਼ਤਿਆਂ 'ਚ ਆਈ ਖਟਾਸ ਖ਼ਤਮ ਹੋ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਮੰਦਰ ਮਸਜਿਦ ਦੀ ਗੱਲ ਤਾਂ ਕਰਦੇ ਹਾਂ ਪਰ ਭਗਵਾਨ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕੇ। ਉਨ੍ਹਾਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਨ, ਜਿਨ੍ਹਾਂ ਨੇ ਮਨੁੱਖਤਾ, ਭਾਈਚਾਰੇ ਅਤੇ ਆਸਥਾ ਦੀ ਲਾਜ ਰੱਖ ਲਈ।
Sunil Jakhar
ਜਾਖੜ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸਰਹੱਦ 'ਤੇ ਕੰਡਿਆਲੀ ਤਾਰ ਨਾ ਲਾਈ ਹੁੰਦੀ ਤਾਂ ਪੰਜਾਬ 'ਚ ਅਮਨ ਸ਼ਾਂਤੀ ਕਾਇਮ ਨਹੀਂ ਹੋ ਸਕਦੀ ਸੀ। ਅੱਜ ਵੀ ਇਸ ਕੰਡਿਆਲੀ ਤਾਰ ਨਾਲ ਰਾਹ ਖੁਲ੍ਹਿਆ ਹੈ ਅਤੇ ਕਈ ਗੱਲਾਂ ਦੇ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਹਨ। ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਮਜਬੂਰੀਆਂ ਹਨ। ਪਾਕਿ 'ਚ ਸੱਤਾ ਦੀ ਵਾਗਡੋਰ ਕਿਸੇ ਦੇ ਹੱਥ 'ਚ ਹੈ ਅਤੇ ਸੱਤਾ ਨੂੰ ਚਲਾਉਣ 'ਚ ਪਰਦੇ ਪਿੱਛੇ ਚਿਹਰੇ ਕੋਈ ਹੋਰ ਹਨ। ਅਸੀਂ ਇਮਰਾਨ ਖਾਨ ਦੇ ਧਨਵਾਦੀ ਹਾਂ ਕਿ ਉਨ੍ਹਾਂ ਨੇ ਸਾਨੂੰ ਮੌਕਾ ਦਿਤਾ ਅਤੇ ਕਰਤਾਰਪੁਰ ਦਾ ਰਸਤਾ ਖੋਲ੍ਹਿਆ।