
ਸ਼ਰਾਬ ਕਾਰਨ ਦੇਸ਼ ਵਿਚ ਹਰ ਸਾਲ ਹੁੰਦੀਆਂ ਨੇ ਤਕਰੀਬਨ 2 ਲੱਖ 70 ਹਜ਼ਾਰ ਮੌਤਾਂ
ਸ਼ਰਾਬ ਦੇ ਸੇਵਨ ਨਾਲ ਭਾਰਤ ਵਿਚ ਹਰ 96 ਮਿੰਟ ਬਾਅਦ ਇਕ ਵਿਅਕਤੀਆਂ ਦੀ ਮੌਤ
ਸੰਗਰੂਰ, 10 ਨਵੰਬਰ (ਬਲਵਿੰਦਰ ਸਿੰਘ ਭੁੱਲਰ): ਸਮੇਂ ਦੀਆਂ ਸਰਕਾਰਾਂ ਨੂੰ ਦੇਸ਼ ਅਤੇ ਸੂਬੇ ਨੂੰ ਚਲਦੀ ਹਾਲਤ ਵਿਚ ਰੱਖਣ ਲਈ ਸਰਮਾਏ ਦੀ ਲਗਾਤਾਰ ਲੋੜ ਪੈਂਦੀ ਹੈ। ਸੋ, ਸ਼ਰਾਬ ਤੋਂ ਸਰਮਾਇਆ ਇਕੱਤਰ ਕਰਨਾ ਸਰਕਾਰਾਂ ਲਈ ਸੱਭ ਤੋਂ ਜ਼ਿਆਦਾ ਅਰਾਮਦੇਹ, ਸਸਤਾ ਅਤੇ ਅਸਾਨ ਹੈ। ਇਹੀ ਕਾਰਨ ਹੈ ਕਿ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਸਖ਼ਤ ਆਦੇਸ਼ਾਂ ਦੇ ਬਾਵਜੂਦ ਵੀ ਵੱਖ-ਵੱਖ ਸੂਬਾਈ ਸਰਕਾਰਾਂ ਵਲੋਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਹਰ ਸਾਲ ਲਗਾਤਾਰ ਵਧਾਈ ਜਾ ਰਹੀ ਹੈ। ਦੇਸ਼ ਵਿਚ ਮੌਜੂਦ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ, ਗਿਰਜ਼ਾਘਰਾਂ, ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਆਦਿਕ ਸਾਰਿਆਂ ਦੀ ਗਿਣਤੀ ਦਾ ਅਗਰ ਜੋੜ ਕਰ ਲਿਆ ਜਾਵੇ ਤਾਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਉਨ੍ਹਾਂ ਨਾਲੋਂ ਕਿਤੇ ਵਧੇਰੇ ਹੈ। ਭਾਰਤ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹਰ ਸਾਲ ਤਕਰੀਬਨ 1 ਲੱਖ ਮੌਤਾਂ ਸੜਕੀ ਹਾਦਸਿਆਂ ਦੌਰਾਨ ਹੁੰਦੀਆ ਹਨ। 30,000 ਮੌਤਾਂ ਸਾਲਾਨਾ ਦਰ ਦੇ ਹਿਸਾਬ ਨਾਲ ਅਲਕੋਹਲ ਨਾਲ ਪੈਦਾ ਹੋਏ ਕੈਂਸਰ ਕਾਰਨ ਹੁੰਦੀਆਂ ਹਨ।
ਇਸੇ ਤਰ੍ਹਾਂ ਹਰ ਸਾਲ 1 ਲੱਖ 40 ਹਜ਼ਾਰ ਮੌਤਾਂ ਅਲਕੋਹਲ ਦਾ ਜ਼ਿਆਦਾ ਸੇਵਨ ਕਰਨ ਉਪਰੰਤ ਜਿਗਰ ਦੀ ਇਕ ਗੰਭੀਰ ਬੀਮਾਰੀ ਪੈਦਾ ਹੋਣ ਨਾਲ ਹੁੰਦੀਆਂ ਹਨ। ਸੋ, ਉਕਤ ਸਚਾਈ ਨਾਲ ਇਹ ਸਿੱਧ ਹੋ ਜਾਂਦਾ ਹੈ ਕਿ ਅਲਕੋਹਲ ਜਾਂ ਸ਼ਰਾਬ ਦੇ ਸਿੱਧੇ ਅਸਿੱਧੇ ਪ੍ਰਭਾਵ ਕਾਰਨ ਦੇਸ਼ ਵਿਚ ਹਰ ਸਾਲ ਤਕਰੀਬਨ 2 ਲੱਖ 70 ਹਜ਼ਾਰ ਮੌਤਾਂ ਹੁੰਦੀਆਂ ਹਨ। ਮਹਾਂਰਾਸ਼ਟਰ ਵਿਚ ਸਰਾਬ ਦੇ ਠੇਕੇ ਤੋਂ ਸਿਰਫ਼ 25 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਹੀ ਸ਼ਰਾਬ ਖ਼ਰੀਦ ਸਕਦਾ ਹੈ ਜਦ ਕਿ ਗੋਆ ਵਿਚ ਇਹ ਉਮਰ 18 ਸਾਲ ਹੈ। ਜਦ ਕਿ ਪੰਜਾਬ ਵਿਚ ਬੋਤਲ ਖ਼ਰੀਦਣ ਦੀ ਕੋਈ ਉਮਰ ਨਹੀਂ 10 ਸਾਲ ਦਾ ਬੱਚਾ ਵੀ ਬੋਤਲ ਖ਼੍ਰੀਦ ਸਕਦਾ ਹੈ। ਸਰਕਾਰ ਵਲੋਂ ਸ਼ਰਾਬ ਖ਼੍ਰੀਦਣ ਲਈ ਉਮਰ ਸੀਮਾ ਨਿਸ਼ਚਤ ਕਰਨ ਨਾਲ ਠੇਕਿਆਂ ਤੋਂ ਛੋਟੀ ਉਮਰ ਦੇ ਨੌਜਵਾਨਾਂ ਨੂੰ ਦੂਰ ਰਖਿਆ ਜਾ ਸਕਦਾ ਹੈ ਪਰ ਸ਼ਰਾਬ ਦੀ ਵਿੱਕਰੀ ਵਧਾਉਣ ਲਈ ਸਰਕਾਰ ਦਾ ਤਾਂ ਇਹ ਵੀ ਨਾਅਰਾ ਹੈ ਕਿ ਲੋਕਾਂ ਨੂੰ ਸ਼ਰਾਬ ਸਿਰਫ਼ ਵੇਚੋ ਹੀ ਨਾ-ਬਲਕਿ ਪਿਲਾਉ ਵੀ। ਸੰਸਾਰ ਸਿਹਤ ਸੰਸਥਾ (ਡਬਲਯੂ.ਐਚ.ਉ.) ਦਾ ਕਹਿਣਾ ਹੈ ਕਿ ਸਮੁੱਚੇ ਸੰਸਾਰ ਵਿਚ ਸ਼ਰਾਬ ਦੇ ਸੇਵਨ ਨਾਲ ਇਕ ਦਿਨ ਵਿਚ ਤਕਰੀਬਨ 6000 ਵਿਅਕਤੀ ਮਰਦੇ ਹਨ ਪਰ ਸ਼ਰਾਬ ਦਾ ਇਨ੍ਹਾਂ ਸਾਰੀਆ ਮੌਤਾਂ ਨਾਲ ਸਿੱਧਾ ਸਬੰਧ ਨਹੀਂ ਬਲਕਿ ਅਸਿੱਧਾ ਸਬੰਧ ਵੀ ਹੈ।
ਇਨ੍ਹਾਂ ਮੌਤਾਂ ਵਿਚ ਐਕਸੀਡੈਂਟ, ਹਾਦਸੇ ਬਾਅਦ ਸੜਕ ਅਤੇ ਲੜਾਈ, ਜ਼ਖਮੀ ਹੋਣ ਤੋਂ ਬਾਅਦ ਮੌਤਾਂ, ਸਰੀਰ ਵਿਚ ਖ਼ਰਾਬੀ, ਇਨਫ਼ੈਕਸ਼ਨ, ਕੈਂਸਰ, ਦਿਮਾਗ਼ੀ ਪ੍ਰੇਸ਼ਾਨੀ ਜਾਂ ਜਿਗਰ ਦੇ ਰੋਗਾਂ ਤੋਂ ਇਲਾਵਾ ਦਿਲ ਦੇ ਰੋਗ ਵੀ ਸ਼ਾਮਲ ਹਨ। ਦਿੱਲੀ ਟ੍ਰੈਫ਼ਿਕ ਪੁਲਿਸ ਵਲੋਂ ਇਸੇ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ 1 ਲੱਖ 50 ਹਜ਼ਾਰ ਡਰਾਈਵਰ ਸ਼ਰਾਬੀ ਹਾਲਤ ਵਿੱਚ ਪਕੜੇ। ਇਹ ਸ਼ਰਾਬੀ ਡਰਾਈਵਰ ਸਿਰਫ਼ ਅਪਣੀਆਂ ਨਾਲ ਹੀ ਨਹੀਂ ਬਲਕਿ ਹੋਰ ਰਾਹਗੀਰਾਂ ਦੀਆ ਕੀਮਤੀ ਜ਼ਿੰਦਗੀਆਂ ਨਾਲ ਵੀ ਖੇਡਦੇ ਹਨ। ਸ਼ਰਾਬ ਜਾਂ ਅਲਕੋਹਲ ਦੇ ਸੇਵਨ ਨਾਲ ਭਾਰਤ ਵਿਚ ਇਕ ਦਿਨ ਦੌਰਾਨ 15 ਵਿਅਕਤੀਆਂ ਦੀ ਮੌਤ ਹੁੰਦੀ ਹੈ ਜਿਹੜਾ ਘੜੀ ਦੇ ਹਿਸਾਬ ਨਾਲ ਹਰ 96 ਮਿੰਟ ਬਾਅਦ ਇਕ ਵਿਅਕਤੀ ਦੀ ਮੌਤ ਬਣਦੀ ਹੈ।
ਸਰਕਾਰ ਸਰਮਾਇਆ ਜਾਂ ਮਾਲੀਆ ਇਕੱਤਰ ਕਰਨ ਦੇ ਲਾਲਚ ਵਿਚ ਗ਼ਰੀਬ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੀ ਹੈ। ਮਹਿੰਗਾਈ ਦੇ ਇਸ ਮੌਜੂਦਾ ਦੌਰ ਵਿਚ ਲੋਕਾਂ ਨੂੰ ਸ਼ਰਾਬ ਦੀ ਨਹੀਂ ਬਲਕਿ ਢਿੱਡ ਭਰਨ ਲਈ ਜ਼ਰੂਰਤ ਹੈ।
ਸ਼ਰਾਬ ਖ਼ਰੀਦਣ ਦੀ ਮਹਾਂਰਾਸ਼ਟਰ ਵਿਚ ਉਮਰ 25 ਸਾਲ, ਗੋਆ ਵਿਚ 18 ਸਾਲ ਹੈ ਪਰ ਪੰਜਾਬ ਵਿਚ ਕੋਈ ਉਮਰ ਨਹੀਂ