
ਬਿਹਾਰ ਚੋਣ ਨਤੀਜੇ : ਐਨ.ਡੀ.ਏ. ਮਹਾਂਗਠਜੋੜ ਤੋਂ ਅੱਗੇ ਹੋਣ ਦੇ ਬਾਵਜੂਦ, ਸਰਕਾਰ ਕਿਸੇ ਹੋਰ ਦੀ ਵੀ ਬਣ ਸਕਦੀ ਹੈ
ਨਿਤੀਸ਼ ਕੁਮਾਰ ਦੇ ਸਾਥੀ ਨੇ ਟੀ.ਵੀ. 'ਤੇ ਕਿਹਾ ਕਿ ਬੀਜੇਪੀ ਦੇ ਥੱਲੇ ਲੱਗ ਕੇ ਨਿਤੀਸ਼ ਮੁੱਖ ਮੰਤਰੀ ਨਹੀਂ ਬਣਨਗੇ ਤੇ ਲਾਲੂ ਪ੍ਰਸ਼ਾਦ ਦੀ ਪਾਰਟੀ ਨਾਲ ਜੁੜਨਾ ਪਸੰਦ ਕਰਨਗੇ
ਪਟਨਾ, 10 ਨਵੰਬਰ : ਬਿਹਾਰ ਚੋਣਾਂ ਦੀ ਵੋਟਿੰਗ 'ਚ ਸੱਤਾਧਾਰੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਯਾਨੀ ਕਿ ਐੱਨ. ਡੀ. ਏ. ਨੂੰ ਲੀਡ ਮਿਲਣ ਦੇ ਰੁਝਾਨਾਂ ਦਰਮਿਆਨ ਜਨਤਾ ਦਲ ਯੂਨਾਈਟੇਡ (ਜਦਯੂ) ਨੇ ਵਿਸ਼ਵਾਸ ਜਤਾਇਆ ਹੈ ਕਿ ਰਾਜਗ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਫਿਰ ਸਰਕਾਰ ਬਣਾਏਗਾ। ਐਨ.ਡੀ.ਏ ਹੁਣ ਤਕ 128 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦਕਿ ਮਹਾਂਗਠਜੋੜ 111 ਸੀਟਾਂ 'ਤੇ ਅੱਗੇ ਹੈ।
ਐਨ ਡੀ ਏ ਭਾਵੇਂ ਅੱਗੇ ਚਲ ਰਹੀ ਹੈ ਪਰ ਨਿਤੀਸ਼ ਕੁਮਾਰ ਦੇ ਕੈਂਪ ਵਿਚ ਬੀਜੇਪੀ ਪ੍ਰਤੀ ਗਹਿਰੀ ਨਿਰਾਸ਼ਾ ਹੈ। ਉਹ ਖੁਲ੍ਹ ਕੇ ਕਹਿ ਰਹੇ ਹਨ ਕਿ ਇਕ ਯੋਜਨਾਬੱਧ ਢੰਗ ਨਾਲ ਨਿਤੀਸ਼ ਕੁਮਾਰ ਦੇ ਉਮੀਦਵਾਰਾਂ ਨੇ ਖ਼ੁਦ ਮੋਦੀ ਨੇ ਹਰਾਇਆ ਹੈ, ਇਸ ਲਈ ਉਹ ਬੀਜੇਪੀ ਦੇ ਹੇਠਾਂ ਲੱਗ ਕੇ ਮੁੱਖ ਮੰਤਰੀ ਨਹੀਂ ਬਣਨਗੇ ਕਿਉਂਕਿ ਛੇਤੀ ਹੀ ਉਨ੍ਹਾਂ ਨੂੰ ਵੀ ਬੇਇਜ਼ਤ ਕਰ ਕੇ ਸੱਤਾ ਵਿਚੋਂ ਬਾਹਰ ਕੱਢ ਦਿਤਾ ਜਾਏਗਾ। ਇਸ ਦੀ ਬਜਾਏ ਉਹ ਲਾਲੂ ਪ੍ਰਸ਼ਾਦ ਨਾਲ ਸਮਝੌਤਾ ਕਰ ਕੇ ਤੇਜਸਵੀ ਨਾਲ ਰਲ ਕੇ ਬਿਹਾਰ ਵਿਚ ਸਰਕਾਰ ਬਣਾ ਲੈਣਗੇ। ਜੋ ਵੀ ਹੈ, ਐਗਜ਼ਿਟ ਪੋਲ ਦੇ ਨਤੀਜੇ ਗ਼ਲਤ ਸਾਬਤ ਹੋਏ ਹਨ ਤੇ ਤੇਜਸਵੀ ਯਾਦਵ ਨੂੰ ਸਖ਼ਤ ਧੱਕਾ ਲੱਗਾ ਹੈ। ਏਨਾ ਹੀ ਵੱਡਾ ਧੱਕਾ ਕਾਂਗਰਸ ਨੂੰ ਵੀ ਲੱਗਾ ਹੈ।
ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤਕ ਦੇ ਆਏ ਰੁਝਾਨਾਂ ਵਿਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਯਾਨੀ ਕਿ ਨਿਤੀਸ਼ ਕੁਮਾਰ ਮੁੜ ਮੁੱਖ ਮੰਤਰੀ ਬਣ ਸਕਦੇ ਹਨ। ਉÎਥੇ ਹੀ ਤੇਜਸਵੀ ਯਾਦਵ ਦੀ ਅਗਵਾਈ ਵਾਲਾ ਬਿਹਾਰ ਮਹਾਗਠਜੋੜ 100 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਇਸ ਸਭ ਦੇ ਦਰਮਿਆਨ ਚੋਣ ਕਮਿਸ਼ਨ ਨੇ ਸਾਫ਼ ਕਰ ਦਿਤਾ ਹੈ ਕਿ ਚੋਣ ਨਤੀਜਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਅੰਦਾਜ਼ਾ ਲਾਉਣਾ ਅਜੇ ਜਲਦਬਾਜ਼ੀ ਹੋਵੇਗੀ।
ਬਿਹਾਰ ਵਿਚ ਇਕ ਕਰੋੜ ਤੋਂ ਵੱਧ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਆਖ਼ਰੀ ਨਤੀਜੇ ਮੰਗਲਵਾਰ ਦੇਰ ਰਾਤ ਤੱਕ ਆਉਣਗੇ। ਅਜੇ ਵੀ ਵੱਡੇ ਹਿੱਸੇ ਦੀਆਂ ਵੋਟਾਂ ਦੀ ਗਿਣਤੀ ਕਰਨੀ ਬਾਕੀ ਹੈ। ਚੋਣ ਕਮਿਸ਼ਨ ਨੇ ਅੱਜ ਦੁਪਹਿਰ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿਤੀ। ਡਿਪਟੀ ਚੋਣ ਕਮਿਸ਼ਨਰ ਚੰਦਰਭੂਸ਼ਣ ਕੁਮਾਰ ਸੰਦੀਪ ਜੈਨ ਅਤੇ ਆਸ਼ੀਸ਼ ਕੁੰਦਰਾ ਨੇ ਸਾਂਝੇ ਪੱਤਰਕਾਰ ਸੰਮੇਲਨ 'ਚ ਦਸਿਆ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਵਾਰ ਬਿਹਾਰ ਚੋਣਾਂ 'ਚ 63 ਫ਼ੀ ਸਦੀ ਤੋਂ ਵੱਧ ਵੋਟ ਕੇਂਦਰ ਬਣਾਏ ਗਏ ਸਨ, ਕਿਉਂਕਿ ਹਰ ਕੇਂਦਰ 'ਤੇ 1500 ਤੱਕ
ਵੋਟਰ ਹੀ ਵੋਟ ਪਾ ਸਕਦੇ ਸਨ। ਚੋਣ ਕਮਿਸ਼ਨ ਮੁਤਾਬਕ ਸਾਲ 2015 ਵਿਚ 65 ਹਜ਼ਾਰ ਵੋਟ ਕੇਂਦਰ ਸਨ, ਜਦਕਿ ਇਸ ਵਾਰ 1 ਲੱਖ 6 ਹਜ਼ਾਰ ਵੋਟ ਕੇਂਦਰ ਬਣੇ ਸਨ। ਉਨ੍ਹਾਂ ਨੇ ਇਹ ਵੀ ਦਸਿਆ ਕਿ ਵੋਟਾਂ ਦੀ ਗਿਣਤੀ ਘੱਟ ਤੋਂ ਘੱਟ 19 ਰਾਊਂਡ ਵਿਚ ਹੁੰਦੀ ਹੈ ਅਤੇ ਵੱਧ ਤੋਂ ਵੱਧ 51 ਰਾਊਂਡ ਵਿਚ। ਉਂਝ ਔਸਤਨ 35 ਰਾਊਂਡ 'ਚ ਵੋਟਾਂ ਦੀ ਗਿਣਤੀ ਹੁੰਦੀ ਹੈ। ਹੁਣ ਤੱਕ ਇਕ ਕਰੋੜ ਤੋਂ ਵੱਧ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਦੇਰ ਰਾਤ ਤਕ ਸਾਰੇ ਨਤੀਜੇ ਆ ਜਾਣਗੇ। ਜੈਨ ਅਤੇ ਕੁੰਦਰਾ ਨੇ ਇਹ ਵੀ ਦਸਿਆ ਕਿ ਵੋਟਾਂ ਦੀ ਗਿਣਤੀ 55 ਥਾਵਾਂ 'ਤੇ ਚੱਲ ਰਹੀ ਹੈ। ਪਿਛਲੀ ਵਾਰ 38 ਥਾਵਾਂ 'ਤੇ ਹੋਈ ਸੀ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਨੂੰ ਲੈ ਕੇ ਅਜੇ ਤਕ ਕੋਈ ਸ਼ਿਕਾਇਤ ਜਾਂ ਸਮੱਸਿਆ ਨਹੀਂ ਆਈ ਹੈ। ਵੋਟਾਂ ਦੀ ਗਿਣਤੀ ਸੁਚਾਰੂ ਰੂਪ ਨਾਲ ਹੋ ਰਹੀ ਹੈ।
(ਪੀਟੀਆਈ)image