
ਗ਼ੁਰਬਤ ਦਾ ਸ਼ਿਕਾਰ ਹੋ ਰਹੇ ਨੇ ਚੜ੍ਹਦੀ ਕਲਾ ਦਾ ਹੋਕਾ ਦੇਣ ਵਾਲੇ ਗੁਰੂ ਘਰਾਂ ਦੇ ਵਜ਼ੀਰ
ਨਵਾਂਸ਼ਹਿਰ, 10 ਨਵੰਬਰ (ਦੀਦਾਰ ਸਿੰਘ ਸ਼ੇਤਰਾ): ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਵਾਲੇ ਗ੍ਰੰਥੀ, ਰਾਗੀ, ਢਾਡੀ ਤੇ ਪ੍ਰਚਾਰਕ ਅਪਣੇ ਆਪ ਨੂੰ ਪੰਥ ਵਲੋਂ ਅਣਗੌਲਿਆ ਕੀਤਾ ਜਾ ਰਿਹਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੇ ਸਬਰ ਸੰਤੋਖ ਤੇ ਸਹਿਣਸ਼ੀਲਤਾ ਦਾ ਨਤੀਜਾ ਹੈ ਕਿ ਉਹ ਅਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਰਹੇ ਹਨ। ਉਹ ਚਾਹੁੰਦੇ ਹਨ ਕਿ ਦੁਨਿਆਵੀ ਤੌਰ ’ਤੇ ਸਾਡੀ ਵੀ ਬਾਂਹ ਫੜ੍ਹਨ ਵਾਲਾ ਕੋਈ ਤਾਂ ਹੋਵੇ। ਇਸੇ ਆਸ ਨਾਲ ਗ੍ਰੰਥੀ, ਰਾਗੀ, ਢਾਡੀ ਤੇ ਪ੍ਰਚਾਰਕ ਸਿੰਘਾਂ ਦੀ ਇਕ ਇਕੱਠਤਾ ਸ. ਬਰਜਿੰਦਰ ਸਿੰਘ ਹੁਸੈਨਪੁਰ ਦੀ ਸਰਪ੍ਰਸਤੀ ਹੇਠ ਚਲਦੀ ਸੰਸਥਾ ‘ਨਰੋਆ ਪੰਜਾਬ’ ਦੇ ਅਹੁਦੇਦਾਰਾਂ ਨਾਲ ਵਿਚਾਰ ਚਰਚਾ ਕਰਨ ਲਈ ਹੁਸੈਨਪੁਰ ਵਿਖੇ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ‘ਗੁਰੂ ਘਰ ਦੇ ਵਜ਼ੀਰਾਂ’ ਨੇ ਭਾਗ ਲਿਆ ਅਤੇ ਅਪਣੀਆਂ ਸਮੱਸਿਆਵਾਂ ਤੇ ਤਜ਼ਰਬੇ ਸਾਂਝੇ ਕੀਤੇ।
ਨੌਜਵਾਨ ਗ੍ਰੰਥੀ ਸਿੰਘ ਤੇ ਪ੍ਰਚਾਰਕ ਸ. ਨਿਸ਼ਾਨ ਸਿੰਘ ਦਾ ਕਹਿਣਾ ਸੀ ਕਿ ਗੁਰੂ ਕਿਰਪਾ ਸਦਕਾ ਅਸੀਂ ਚੜ੍ਹਦੀ ਕਲਾ ਵਿਚ ਹਾਂ ਪਰ ਆਰਥਕ ਪੱਖੋਂ ਜ਼ਿਆਦਾਤਰ ਪਾਠੀ ਸਿੰਘ ਤੰਗੀਆਂ ਤੁਰਸ਼ੀਆਂ ਵਿਚ ਰਹਿੰਦੇ ਹਨ। ਪਾਠੀਆਂ ਦੀਆਂ ਤਨਖ਼ਾਹਾਂ ਦਾ ਇਕ ਹੋਣਾ ਅਤੇ ਨਾ ਹੀ ਰਾਗੀਆਂ ਦੀ ਭੇਟਾ ਇਕ ਹੋਣ ਕਾਰਨ ਉਹ ਦੁਨਿਆਵੀ ਤੌਰ ’ਤੇ ਸੰਕਟਮਈ ਜੀਵਨ ਪੱਧਰ ਵਿਚ ਵਿਚਰ ਰਹੇ ਹਨ। ਉਨ੍ਹਾਂ ਕਿਹਾ ਕਿ ਬਰਾਬਰਤਾ ਲਈ ਇਕੱਲਾ ਮਾਣ ਸਤਿਕਾਰ ਹੀ ਕਾਫ਼ੀ ਨਹੀਂ ਹੈ। ਪਾਠੀ ਸਿੰਘਾਂ ਦੀਆਂ ਹੋਰ ਲੋੜਾਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਨੌਜਵਾਨ ਪ੍ਰਚਾਰਕ ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਭੇਟਾ ਦੀ ਰਾਸ਼ੀ ਇਕ ਹੋਣੀ ਚਾਹੀਦੀ ਹੈ। ਪਾਠੀ ਸਿੰਘਾਂ ਨੂੰ ਹੋਰ ਸਹੂਲਤਾਂ ਵੀ ਮਿਲਣੀਆਂ ਚਾਹੀਦੀਆਂ ਹਨ ਪਰ ਅਪਣੀ ਮੌਜੂਦਾ ਹਾਲਤ ਲਈ ਕਿਤੇ ਨਾ ਕਿਤੇ ਅਸੀਂ ਖ਼ੁਦ ਵੀ ਜ਼ਿੰਮੇਵਾਰ ਹਾਂ। ਅਸੀਂ ਅਪਣੀ ਮੁਕਾਬਲੇਬਾਜ਼ੀ ਦਾ ਸ਼ਿਕਾਰ ਹੋ ਗਏ ਹਾਂ ਤੇ ਲਗਦਾ ਹੈ ਸਾਨੂੰ ਅਪਣੇ ਗੁਰੂ ’ਤੇ ਭਰੋਸਾ ਨਹੀਂ ਰਿਹਾ।
ਨਵਾਂਸ਼ਹਿਰ ਇਲਾਕੇ ਦੇ ਉੱਘੇ ਕੀਰਤਨੀਏ ਸ. ਜੋਗਿੰਦਰ ਸਿੰਘ ਨੇ ਕਈ ਉਦਾਹਰਣਾਂ ਦੇ ਕੇ ਦਸਿਆ ਕਿ ਕਈ ਰਾਗੀ ਸਿੰਘ ਆਰਥਕ ਤੰਗੀ ਦੇ ਚਲਦਿਆਂ ਪ੍ਰਚੱਲਤ ਗੀਤ ਗਾਉਣ ਲੱਗ ਗਏ। ਉਨ੍ਹਾਂ ਬਹੁਤ ਪੈਸਾ ਤੇ ਨਾਮ ਕਮਾਇਆ ਹੈ। ਨਾਲ ਹੀ ਉਨ੍ਹਾਂ ਅਜਿਹੀਆਂ ਉਦਾਹਰਣਾਂ ਵੀ ਦਿਤੀਆਂ ਜਿਥੇ ਪੀੜ੍ਹੀ ਦਰ ਪੀੜ੍ਹੀ ਪਾਠੀ ਦੇ ਰੂਪ ਵਿਚ ਸੇਵਾ ਕੀਤੀ ਜਾ ਰਹੀ ਹੈ ਤੇ ਉਹ ਅਪਣਾ ਨਿਜੀ ਘਰ ਵੀ ਨਹੀਂ ਬਣਾ ਸਕੇ।