
ਦੇਸ਼ ਦੀ ਜਨਤਾ ਦੀਆਂ ਨਜ਼ਰਾਂ ਅੱਜ ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਮੰਨੀਆਂ ਜਾ ....
ਮੁਹਾਲੀ (ਸਸਸ) :- ਦੇਸ਼ ਦੀ ਜਨਤਾ ਦੀਆਂ ਨਜ਼ਰਾਂ ਅੱਜ ਪੰਜ ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਮੰਨੀਆਂ ਜਾ ਰਹੀਆਂ ਪੰਜ ਸੂਬਿਆਂ ਦੀਆਂ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ 'ਅੱਛੇ ਦਿਨ' ਆਉਂਦੇ ਨਜ਼ਰ ਆ ਰਹੇ ਹਨ। ਫਾਈਨਲ ਨਤੀਜੇ ਤੋਂ ਪਹਿਲਾਂ ਆ ਰਹੇ ਰੁਝਾਨਾਂ ਤੋਂ ਜਿੱਥੇ ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਦੀ ਸਰਕਾਰ ਬਣਨ ਦੇ ਸੰਕੇਤ ਮਿਲ ਰਹੇ ਹਨ, ਉਥੇ ਹੀ ਮੱਧ ਪ੍ਰਦੇਸ਼ ਵਿਚ ਕਾਂਟੇ ਦੀ ਟੱਕਰ ਦਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
Congress BJP
ਰਾਜਸਥਾਨ ਤੋਂ ਆ ਰਹੇ ਰੁਝਾਨਾਂ ਤੋਂ ਮੁੱਖ ਮੰਤਰੀ ਵੰਸੁਧਰਾ ਰਾਜੇ ਦੀ ਕੁਰਸੀ ਖੁੱਸਦੀ ਨਜ਼ਰ ਆ ਰਹੀ ਹੈ। ਇੱਥੇ ਕਾਂਗਰਸ 92 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦਕਿ ਸੱਤਾਧਾਰੀ ਭਾਜਪਾ ਨੇ 82 ਸੀਟਾਂ 'ਤੇ ਬੜ੍ਹਤ ਬਣਾਈ ਹੋਈ ਹੈ। ਖ਼ਬਰ ਮਿਲ ਰਹੀ ਹੈ ਕਿ ਕੁੱਝ ਥਾਵਾਂ 'ਤੇ ਤਾਂ ਕਾਂਗਰਸੀਆਂ ਨੇ ਜਸ਼ਨ ਮਨਾਉਣੇ ਵੀ ਸ਼ੁਰੂ ਕਰ ਦਿਤੇ ਹਨ। ਜੇਕਰ ਗੱਲ ਕਰੀਏ ਮੱਧ ਪ੍ਰਦੇਸ਼ ਦੀ ਤਾਂ ਰੁਝਾਨਾਂ ਨੂੰ ਦੇਖਦੇ ਹੋਏ ਇੱਥੇ ਫਿਲਹਾਲ ਸਸਪੈਂਸ ਬਣਿਆ ਹੋਇਆ ਹੈ, ਕਿਉਂਕਿ ਰੁਝਾਨਾਂ ਵਿਚ ਕਦੇ ਕਾਂਗਰਸ ਅੱਗੇ ਨਿਕਲ ਰਹੀ ਹੈ ਅਤੇ ਕਦੇ ਭਾਜਪਾ।
Election
ਫਿਲਹਾਲ ਇੱਥੇ ਸੱਤਾਧਾਰੀ ਭਾਜਪਾ 109 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਜਦਕਿ ਕਾਂਗਰਸ ਨੇ 108 ਸੀਟਾਂ 'ਤੇ ਬੜ੍ਹਤ ਬਣਾਈ ਹੋਈ ਹੈ। ਮਿਜ਼ੋਰਮ ਵਿਚ ਸਥਾਨਕ ਮਿਜ਼ੋ ਨੈਸ਼ਨਲ ਫਰੰਟ ਭਾਵ ਕਿ ਐਮਐਨਐਫ ਪਾਰਟੀ ਨੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰ ਦਿਤਾ ਹੈ, ਕਿਉਂਕਿ ਐਮਐਨਐਫ ਮਿਜ਼ੋਰਮ 'ਚ ਜ਼ਬਰਦਸਤ ਬਹੁਮਤ ਦੇ ਨਾਲ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਐਮਐਨਐਫ ਨੇ ਇੱਥੇ ਬਹੁਮਤ ਦਾ ਜਾਦੂਈ ਅੰਕੜਾ ਹਾਸਲ ਕਰ ਲਿਆ ਹੈ।
BJP
ਇਸ ਲਈ ਮਿਜ਼ੋਰਮ 'ਚ ਐਮਐਨਐਫ ਦੀ ਸਰਕਾਰ ਬਣਨੀ ਤੈਅ ਹੈ। ਹੋਰ ਤਾਂ ਹੋਰ ਕਾਂਗਰਸ ਦੇ ਮੁੱਖ ਮੰਤਰੀ ਪੀ ਲਲਥਨਹਵਲਾ ਹੀ ਚੰਫਾਈ ਸਾਊਥ ਸੀਟ ਤੋਂ ਚੋਣ ਹਾਰ ਗਏ ਹਨ। ਜੇਕਰ ਗੱਲ ਕਰੀਏ ਤੇਲੰਗਾਨਾ ਦੀ ਤਾਂ ਉਥੇ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ ਪਾਰਟੀ ਬੰਪਰ ਵਾਪਸੀ ਕਰਦੀ ਦਿਖਾਈ ਦੇ ਰਹੀ ਹੈ। ਜਿੱਥੇ ਸੂਬੇ ਦੀਆਂ ਕੁੱਲ 119 ਸੀਟਾਂ ਵਿਚੋਂ 80 ਸੀਟਾਂ ਤੋਂ ਜ਼ਿਆਦਾ ਉਸ ਦੇ ਖ਼ਾਤੇ ਪੈਂਦੀਆਂ ਨਜ਼ਰ ਆ ਰਹੀਆਂ ਹਨ।
ਕੁਲ ਮਿਲਾ ਕੇ ਦੇਖੀਏ ਤਾਂ 'ਮੋਦੀ ਦਾ ਜਾਦੂ' ਠੁੱਸ ਹੁੰਦਾ ਨਜ਼ਰ ਆ ਰਿਹਾ ਹੈ। ਅੱਛੇ ਦਿਨਾਂ ਦੇ ਸੁਪਨੇ ਦਿਖਾਉਣ ਵਾਲੀ ਭਾਜਪਾ ਖ਼ੁਦ ਮਾੜੇ ਦਿਨਾਂ ਵਿਚ ਜਾਂਦੀ ਹੋਈ ਦਿਖਾਈ ਦੇ ਰਹੀ ਹੈ। ਜੇਕਰ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਇਹ ਚੰਗੀ ਸ਼ੁਰੂਆਤ ਹੋਵੇਗੀ, ਜਿਸ ਦਾ ਫ਼ਾਇਦਾ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਵੀ ਮਿਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।