- ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਦੇ ਨਾਲ ਹੀ ਕਈ ਮਹੱਤਵਪੂਰਨ ਸੀਟਾਂ ਅਤੇ ਉਮੀਦਵਾਰਾਂ ਨੂੰ ਲੈ ਕੇ ਚਰਚਾ ਤੇਜ਼ ਹੋ.....
ਚੰਡੀਗੜ੍ਹ- ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਦੇ ਨਾਲ ਹੀ ਕਈ ਮਹੱਤਵਪੂਰਨ ਸੀਟਾਂ ਅਤੇ ਉਮੀਦਵਾਰਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਪੰਜਾਬ ਦੀ ਅੰਮ੍ਰਿਤਸਰ ਲੋਕ ਸਭਾ ਸੀਟ ਵੀ ਦੇਸ਼ ਦੀਆਂ ਮਹੱਤਵਪੂਰਨ ਸੀਟਾਂ ਵਿਚੋਂ ਇਕ ਹੈ। ਜਿਸ 'ਤੇ ਕਾਂਗਰਸ ਪਾਰਟੀ ਵਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਚੱਲ ਰਹੀ ਹੈ।
ਭਾਵੇਂ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਹੀ ਇਹ ਸੀਟ ਕਾਂਗਰਸ ਨੇ ਭਾਜਪਾ ਤੋਂ ਖੋਹ ਲਈ ਸੀ ਪਰ ਇਸ ਵਾਰ ਭਾਜਪਾ ਵਲੋਂ ਇਹ ਸੀਟ ਮੁੜ ਤੋਂ ਹਾਸਲ ਕਰਨ ਲਈ ਵੱਡਾ ਦਾਅ ਖੇਡਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਦਕਿ ਕਾਂਗਰਸ ਇਸ 'ਤੇ ਮੁੜ ਅਪਣੀ ਜਿੱਤ ਨੂੰ ਯਕੀਨੀ ਕਰਨ ਲਈ ਡਾ. ਮਨਮੋਹਨ ਸਿੰਘ ਨੂੰ ਚੋਣ ਲੜਨ ਲਈ ਮਨਾ ਰਹੀ ਹੈ।
ਬੇਸ਼ੱਕ ਭਾਜਪਾ ਵਲੋਂ ਇਹ ਕਹਿ ਕੇ ਮਨ ਨੂੰ ਦਿਲਾਸਾ ਦਿਤਾ ਜਾ ਰਿਹਾ ਹੈ ਕਿ ਉਸ ਨੂੰ ਕੋਈ ਚਿੰਤਾ ਨਹੀਂ ਹੈ ਪਰ ਡਾ. ਮਨਮੋਹਨ ਸਿੰਘ ਦਾ ਨਾਮ ਸਾਹਮਣੇ ਆਉਣ 'ਤੇ ਭਾਜਪਾ ਦੀ ਟੈਂਸ਼ਨ ਵਧਦੀ ਨਜ਼ਰ ਆ ਰਹੀ ਹੈ ਕਿਉਂਕਿ ਉਹ ਇਕ ਵਿਸ਼ਵ ਪ੍ਰਸਿੱਧ ਸਿੱਖ ਚਿਹਰੇ ਹੋਣ ਦੇ ਨਾਲ-ਨਾਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਵੀ ਹਨ ਜ਼ਿਆਦਾਤਰ ਲੋਕਾਂ ਵਲੋਂ ਇਸ ਵੱਕਾਰੀ ਸੀਟ ਲਈ ਡਾ. ਮਨਮੋਹਨ ਸਿੰਘ ਦਾ ਨਾਂਅ ਕਾਫ਼ੀ ਢੁਕਵਾਂ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਨੇ ਇਸ ਸੀਟ 'ਤੇ ਅਪਣਾ ਕਬਜ਼ਾ ਬਰਕਰਾਰ ਰੱਖਣ ਲਈ ਅਰੁਣ ਜੇਤਲੀ ਨੂੰ ਚੋਣ ਲੜਾਈ ਸੀ ਪਰ ਕਾਂਗਰਸ ਨੇ ਐਨ ਮੌਕੇ 'ਤੇ ਜੇਤਲੀ ਨੂੰ ਟੱਕਰ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਦਾ ਐਲਾਨ ਕਰ ਦਿਤਾ ਸੀ। ਜਿਸ ਤੋਂ ਬਾਅਦ ਇਹ ਸੀਟ ਕਾਂਗਰਸ ਦੀ ਝੋਲੀ ਆ ਗਈ ਫਿਰ ਕੈਪਟਨ ਵਲੋਂ ਵਿਧਾਨ ਸਭਾ ਚੋਣ ਲੜਨ ਤੋਂ ਬਾਅਦ ਇਸ ਸੀਟ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਭਾਜਪਾ ਉਮੀਦਵਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਰਾਜ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਚੋਣ ਲੜਨ ਦੇ ਲਈ ਡਾ. ਮਨਮੋਹਨ ਸਿੰਘ ਨੂੰ ਬੇਨਤੀ ਕਰ ਚੁੱਕੇ ਹਨ ਫਿਲਹਾਲ ਉਨ੍ਹਾਂ ਵਲੋਂ ਕੋਈ ਹਾਮੀ ਨਹੀਂ ਭਰੀ ਗਈ ਹੈ। ਦਸ ਦਈਏ ਕਿ ਪ੍ਰਸਿੱਧ ਅਰਥਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਦਾ ਪਰਿਵਾਰ ਵੰਡ ਦੇ ਸਮੇਂ ਪਾਕਿਸਤਾਨ ਦੇ ਗਾਹ ਪਿੰਡ ਤੋਂ ਅੰਮ੍ਰਿਤਸਰ ਆ ਕੇ ਵਸ ਗਿਆ ਸੀ।
ਉਨ੍ਹਾਂ ਨੇ ਇੱਥੇ ਹਿੰਦੂ ਕਾਲਜ ਤੋਂ ਪੜ੍ਹਾਈ ਕੀਤੀ। ਕਾਂਗਰਸ ਇਸ ਗੱਲ ਨੂੰ ਬਾਖ਼ੂਬੀ ਜਾਣਦੀ ਹੈ ਕਿ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਤੋਂ ਅਜਿਹੇ ਮਸ਼ਹੂਰ ਸਿੱਖ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨਾ ਪ੍ਰਤੀਕਾਤਮਕ ਰੂਪ ਨਾਲ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ। ਇਹੀ ਵਜ੍ਹਾ ਹੈ ਕਿ ਕਾਂਗਰਸ ਵਲੋਂ ਅਜੇ ਵੀ ਮਨਮੋਹਨ ਸਿੰਘ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। 
 
                    
                