
ਚੰਡੀਗੜ੍ਹ : ਅਗਲੇ ਮਹੀਨੇ ਅਪ੍ਰੈਲ-ਮਈ ਵਿਚ ਵੱਖ ਵੱਖ ਪੜਾਵਾਂ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਪੰਜਾਬ ਤੋਂ ਚੋਣ ਬਿਗਲ ਵਜਾਉਣ ਦੀ...
ਚੰਡੀਗੜ੍ਹ : ਅਗਲੇ ਮਹੀਨੇ ਅਪ੍ਰੈਲ-ਮਈ ਵਿਚ ਵੱਖ ਵੱਖ ਪੜਾਵਾਂ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਪੰਜਾਬ ਤੋਂ ਚੋਣ ਬਿਗਲ ਵਜਾਉਣ ਦੀ ਮਨਸ਼ਾ ਨਾਲ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਮੋਗਾ ਫੇਰੀ ਨੂੰ ਬੜੇ ਜੋਸ਼ ਨਾਲ ਦੇਖਿਆ ਜਾ ਰਿਹਾ ਹੈ। ਇਸ ਵੇਲੇ ਪੰਜਾਬ ਵਿਚ ਕਾਂਗਰਸ ਸਰਕਾਰ ਦੀ ਵਧੀਆ ਕਾਰਗੁਜ਼ਾਰੀ ਵਿਸ਼ੇਸ਼ ਕਰ ਕੇ ਕਿਸਾਨੀ, ਕਰਜ਼ਾ ਮਾਫ਼ੀ ਤੇ ਰੋਜ਼ਗਾਰ ਮੇਲਿਆਂ ਸਬੰਧੀ ਵਧੀਆ ਮਿਸਾਲ ਬਾਕੀ ਰਾਜਾਂ ਵਿਚ ਵੀ ਪੇਸ਼ ਕੀਤੀ ਜਾ ਰਹੀ ਹੈ। 7 ਮਾਰਚ ਨੂੰ ਕੀਤੀ ਜਾਣ ਵਾਲੀ ਇਸ ਰੈਲੀ ਨੂੰ ਹੁਣ ਬਕਾਇਆ ਸਰਕਾਰੀ ਰੈਲੀ ਦਾ ਰੂਪ ਦਿਤਾ ਗਿਆ ਹੈ ਜਿਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਪਾਰਟੀ ਪ੍ਰਧਾਨ ਸੁਨੀਲ ਜਾਖੜ,ਮੰਤਰੀ ਮੰਡਲ ਦੇ ਵਜ਼ੀਰ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੇ ਜਾਣ ਨਾਲ ਸਾਰੀਆਂ 13 ਸੀਟਾਂ 'ਤੇ ਜਿੱਤ ਪ੍ਰਾਪਤ ਕਰਨ ਦਾ ਅਹਿਦ ਵੀ ਲੈਣਗੇ।
ਰੋਜ਼ਾਨਾ ਸਪੋਕਸਮੈਨ ਨਾਲ ਕੀਤੀ ਗੱਲਬਾਤ ਦੌਰਾਨ ਪਾਰਟੀ ਹਾਈ ਕਮਾਂਡ ਦੇ ਨੇਤਾਵਾਂ ਨੇ ਦਸਿਆ ਕਿ ਉਂਜ ਤਾਂ ਕੁਲ 13 ਸੀਟਾਂ ਵਾਸਤੇ ਉਮੀਦਵਾਰੀ ਲਈ ਦਿਤੀਆਂ ਅਰਜ਼ੀਆਂ 180 ਤੋਂ ਵੀ ਜ਼ਿਆਦਾ ਹਨ ਪਰ ਸਕਰੀਨਿੰਗ ਕਮੇਟੀ ਦੀ 10 ਅਪ੍ਰੈਲ ਨੂੰ ਦਿੱਲੀ ਵਿਚ ਹੋਣ ਵਾਲੀ ਬੈਠਕ ਵਿਚ ਹਰ ਇਕ ਸੀਟ 'ਤੇ ਕੇਵਲ 3-3 ਨਾਵਾਂ ਦੀ ਹੀ ਛਾਂਟੀ ਕੀਤੀ ਜਾਵੇਗੀ। ਇਸ ਸਕਰੀਨਿੰਗ ਕਮੇਟੀ ਵਿਚ ਸਿਰਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਲੋਕ ਸਭਾ ਐਮ.ਪੀ. ਕੇ.ਸੀ. ਵੀਨੂੰ ਗੋਪਾਲ ਬੈਠਣਗੇ। ਕਾਂਗਰਸੀ ਸੂਤਰਾਂ ਨੇ ਦਸਿਆ ਕਿ ਮੌਜੂਦਾ 4 ਲੋਕ ਸਭਾ ਮੈਂਬਰਾਂ ਵਿਚੋਂ ਰਵਨੀਤ ਸਿੰਘ ਬਿੱਟੂ-ਲੁਧਿਆਣਾ, ਸੁਨੀਲ ਜਾਖੜ-ਗੁਰਦਾਸਪੁਰ ਤੇ ਸੰਤੋਖ ਚੌਧਰੀ-ਜਲੰਧਰ ਨੂੰ ਤਾਂ ਨਹੀਂ ਛੇੜਿਆ ਜਾਵੇਗਾ ਪਰ ਗੁਰਜੀਤ ਔਜਲਾ-ਅੰਮ੍ਰਿਤਸਰ ਦੀ ਲਗਭਗ ਸਾਰੇ ਵਿਧਾਇਕਾਂ ਵਲੋਂ ਮੁਖ਼ਾਲਫ਼ਤ ਹੁੰਦਿਆਂ ਉਸ ਦੀ ਥਾਂ ਡਾ. ਨਵਜੋਤ ਕੌਰ ਸਿੱਧੂ ਨੂੰ ਟਿਕਟ ਦੇਣ ਦੀ ਮਜ਼ਬੂਤ ਸੰਭਾਵਨਾ ਹੈ।
Lok Sabha Electionਕਾਂਗਰਸੀ ਸੂਤਰ ਇਹ ਵੀ ਕਹਿੰਦੇ ਹਨ ਕਿ ਅੱਜ ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਗਏ ਹਨ ਅਤੇ ਉਹ ਫ਼ਿਰੋਜ਼ਪੁਰ ਤੋਂ ਫਿਰ ਟਿਕਟ ਲੈਣ ਦੀ ਸ਼ਰਤ 'ਤੇ ਹੀ ਕਾਂਗਰਸ 'ਚ ਸ਼ਾਮਲ ਹੋ ਜਾਣਗੇ। ਜ਼ਿਕਰਯੋਗ ਹੈ ਪਿਛਲੇ 30-35 ਸਾਲ ਤੋਂਂ ਕਾਂਗਰਸ ਦੇ ਪੈਰ ਫ਼ਿਰੋਜ਼ਪੁਰ ਦੀ ਲੋਕ ਸਭਾ ਸੀਟ 'ਤੇ ਨਹੀਂ ਲੱਗ ਸਕੇ। ਕੁਲ 13 ਸੀਟਾਂ ਵਿਚੋਂ ਬਾਕੀ 8 ਯਾਨੀ ਪਟਿਆਲਾ ਤੋਂ ਸ੍ਰੀਮਤੀ ਪ੍ਰਨੀਤ ਕੌਰ, ਸੰਗਰੂਰ ਤੋਂ ਬੀਬੀ ਰਾਜਿੰਦਰ ਕੌਰ ਭੱਠਲ ਤੇ ਕੇਵਲ ਸਿੰਘ ਢਿੱਲੋਂ ਮਜ਼ਬੂਤ ਦਾਅਵੇਦਾਰ ਹਨ ਜਦੋਂ ਕਿ ਫ਼ਰੀਦਕੋਟ ਤੋਂ ਜਗਦਰਸ਼ਨ ਕੌਰ, ਰਾਜਵਿੰਦਰ ਕੌਰ ਭਾਗੀਕੇ ਅਤੇ ਮੁਹੰਮਦ ਸਦੀਕ ਵਿਚੋਂ ਇਕ ਦੀ ਚੋਣ ਹੋ ਸਕਦੀ ਹੈ। ਇਸੇ ਤਰ੍ਹਾਂ ਫ਼ਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਵਿਧਾਇਕ ਕੁਲਦੀਪ ਵੈਦ ਦੇ ਲੜਕੇ ਹਰਕਰਨ ਸਿੰਘ ਅਤੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਬੇਟੇ ਗੁਰਪ੍ਰੀਤ ਧਰਮਸੋਤ ਵਿਚੋਂ ਇਕ ਮੈਦਾਨ ਵਿਚ ਆ ਸਕਦੇ ਹਨ।
ਖਡੂਰ ਸਾਹਿਬ ਦੀ ਪੰਥਕ ਸੀਟ ਲਈ ਸਵਰਨ ਸਿੰਘ ਧੁੰਨ, ਜਸਬੀਰ ਡਿੰਪਾ ਅਤੇ ਅਨੂਪ ਭੁੱਲਰ ਨੇ ਅਰਜ਼ੀ ਦਿਤੀ ਹੈ ਜਦੋਂ ਕਿ ਅਨੰਦਪੁਰ ਸਾਹਿਬ ਵਾਸਤੇ ਮਨੀਸ਼ ਤਿਵਾਰੀ, ਕੈਪਟਨ ਸੰਦੀਪ ਸੰਧੂ ਤੇ ਏ.ਆਈ.ਸੀ.ਸੀ. ਦੇ ਬੁਲਾਰੇ ਜੈਵੀਰ ਸ਼ੇਰਗਿੱਲ ਵੀ ਜ਼ੋਰ ਅਜਮਾਇਸ਼ੀ ਕਰ ਰਹੇ ਹਨ। ਹੁਸ਼ਿਆਰਪੁਰ ਦੀ ਇਕ ਹੋਰ ਰਿਜ਼ਰਵ ਸੀਟ ਲਈ ਵੀ 'ਆਪ' ਵਿਚੋਂ ਛੱਡ ਕੇ ਆਈ ਯਾਮਿਨੀ ਗੋਮਰ ਅਤੇ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਦੀ ਬੇਟੀ ਨਮਿਤਾ ਚੌਧਰੀ ਵਿਚ ਟਾਈ ਪਈ ਹੋਈ ਹੈ। ਬਹੁਤ ਹੀ ਮਹੱਤਵਪੂਰਨ ਬਠਿੰਡਾ ਸੀਟ 'ਤੇ ਅਕਾਲੀ ਲੀਡਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੇ ਮੁਕਾਬਲੇ ਵਾਸਤੇ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦੇ ਦੋ ਬੇਟਿਆਂ ਵਿਚੋਂ ਇਕ ਨੂੰ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।
ਕਾਂਗਰਸ ਹਾਈ ਕਮਾਂਡ ਦੇ ਸੂਤਰਾਂ ਮੁਤਾਬਕ ਪੰਜਾਬ ਵਿਚ ਅਪਣੀ ਸਰਕਾਰ ਦੇ ਹੁੰਦਿਆਂ ਕਿਸੇ ਵੀ ਮੌਜੂਦਾ ਮੰਤਰੀ ਜਾਂ ਵਿਧਾਇਕ ਨੂੰ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਨਹੀਂ ਪਰਖਿਆ ਜਾਵੇਗਾ ਅਤੇ ਕਾਂਗਰਸ ਦੇ ਹੱਕ ਵਿਚ ਵਧੀਆ ਮਾਹੌਲ ਦੇ ਚਲਦਿਆਂ ਨਵੇਂ ਚਿਹਰਿਆਂ ਨੂੰ ਮੈਦਾਨ ਵਿਚ ਉਤਾਰ ਕੇ ਨਵੀਂ ਲੀਡਰਸ਼ਿਪ ਪੈਦਾ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਕਾਂਗਰਸ ਨੇ 'ਆਪ' ਨਾਲ ਕਿਸੇ ਵੀ ਚੋਣ ਸਮਝੌਤੇ ਦੀ ਸੰਭਾਵਨਾ ਰੱਦ ਕੀਤੀ ਹੈ ਅਤੇ ਟਕਸਾਲੀ ਆਗੂਆਂ ਦੀ ਆਪ ਨਾਲ ਨੇੜਤਾ ਨੂੰ ਇਹ ਸੱਤਾਧਾਰੀ ਕਾਂਗਰਸ ਬਹੁਤੀ ਅਹਿਮੀਅਤ ਨਹੀਂ ਦੇ ਰਹੀ। ਕਾਂਗਰਸ ਦੇ ਨੇਤਾ ਅਜੇ ਵੀ ਨੁਕਰੇ ਲੱਗੇ ਅਕਾਲੀ ਦਲ ਅਤੇ ਕੇਂਦਰ ਵਿਚ ਹਾਵੀ ਬੀਜੇਪੀ ਨਾਲ ਚਲ ਰਹੇ ਗਠਜੋੜ ਨੂੰ ਪੰਜਾਬ ਦੀਆਂ 13 ਸੀਟਾਂ 'ਤੇ ਮਜ਼ਬੂਤ ਵਿਰੋਧੀ ਧਿਰ ਵਜੋਂ ਮੰਨ ਰਹੇ ਹਨ। ਕੁਲ 13 ਸੀਟਾਂ ਵਿਚੋਂ ਇਸ ਵੇਲੇ 4-4 ਮੈਂਬਰ ਕਾਂਗਰਸ, ਆਪ ਤੇ ਅਕਾਲੀ ਦਲ ਦੇ ਹਨ ਜਦੋਂ ਕਿ ਹੁਸ਼ਿਆਰਪੁਰ ਦੀ ਸੀਟ ਬੀਜੇਪੀ ਦੇ ਕਬਜ਼ੇ ਵਿਚ ਹੈ।