
ਸੋਮਵਾਰ ਨੂੰ ਉਹਨਾਂ ਦਾ ਗੀਤ Scapegoat ਰਿਲੀਜ਼ ਹੋਇਆ। ਇਸ 'ਚ ਉਹਨਾਂ ਨੇ ਲੋਕਾਂ ਨੂੰ ਸਵਾਲ ਕੀਤਾ ਹੈ ਕਿ ਉਹ ਦੱਸਣ ਕਿ ਗੱਦਾਰ ਕੌਣ ਹੈ?
ਚੰਡੀਗੜ੍ਹ: ਮਾਨਸਾ ਤੋਂ ਕਾਂਗਰਸ ਦੀ ਟਿਕਟ 'ਤੇ ਵਿਧਾਨ ਸਭਾ ਚੋਣ ਲੜਨ ਵਾਲੇ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ (ਸ਼ੁਭਦੀਪ ਸਿੰਘ ਸਿੱਧੂ) ਇਕ ਵਾਰ ਫਿਰ ਸੁਰਖੀਆਂ 'ਚ ਹਨ। ਦਰਅਸਲ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਉਹਨਾਂ ਨੇ ਗੀਤ ਰਾਹੀਂ ਆਪਣਾ ਗੁੱਸਾ ਕੱਢਿਆ ਹੈ। ਸੋਮਵਾਰ ਨੂੰ ਉਹਨਾਂ ਦਾ ਗੀਤ Scapegoat ਰਿਲੀਜ਼ ਹੋਇਆ। ਇਸ 'ਚ ਉਹਨਾਂ ਨੇ ਲੋਕਾਂ ਨੂੰ ਸਵਾਲ ਕੀਤਾ ਹੈ ਕਿ ਉਹ ਦੱਸਣ ਕਿ ਗੱਦਾਰ ਕੌਣ ਹੈ?
ਇਸ ਗੀਤ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਸਵਾਲ ਚੁੱਕੇ ਜਾ ਰਹੇ ਹਨ। ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜਿਹੜਾ ਇਨਸਾਨ ਪੰਜਾਬ ਦੀ ਜਨਤਾ ਬਾਰੇ ਅਜਿਹੀ ਟਿੱਪਣੀ ਕਰ ਰਿਹਾ ਹੈ ਮੈਨੂੰ ਨਹੀਂ ਲਗਦਾ ਕਿ ਉਸ ਦਾ ਦਿਮਾਗ਼ੀ ਸੰਤੁਲਨ ਠੀਕ ਹੈ। ਪਿਛਲੀਆਂ ਸਰਕਾਰਾਂ ਅਪਣਿਆਂ ਨੂੰ ਫ਼ਾਇਦੇ ਦਿੰਦਿਆਂ ਰਹੀਆਂ, ਫਿਰ ਭਾਵੇਂ ਕਿਸੇ ਨੇ ਗੋਲੀਆਂ ਚਲਾਈਆਂ ਹੋਣ ਜਾਂ ਕਬਜ਼ੇ ਕੀਤੇ ਹੋਣ। ਉਹਨਾਂ ਕਿਹਾ ਕਿ ਮੂਸੇਵਾਲਾ ਖ਼ਿਲਾਫ਼ ਦਰਜ ਕੇਸ ਫਿਰ ਤੋਂ ਖੋਲ੍ਹਿਆ ਜਾਵੇਗਾ ਅਤੇ ਜਾਂਚ ਕਰਵਾਈ ਜਾਵੇਗੀ ਕਿ ਉਹ ਖਿਡੌਣਾ ਗੰਨ ਸੀ ਜਾਂ AK-47।
Transport Minister Laljit Singh Bhullar
ਦਰਅਸਲ ਗੀਤ ਵਿਚ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਇਸ ਲਈ ਹਾਰ ਗਏ ਕਿਉਂਕਿ ਤੁਹਾਡੀ ਪਾਰਟੀ ਠੀਕ ਨਹੀਂ ਸੀ। ਮੈਂ ਕਿਹਾ ਕਿ ਜੇਕਰ ਤੁਸੀਂ ਸਹੀ ਹੋ ਤਾਂ ਇਹ ਪਾਰਟੀ ਤਿੰਨ ਵਾਰ ਪਹਿਲਾਂ ਕਿਉਂ ਜਿੱਤੀ? ਸਿੱਧੂ ਮੂਸੇਵਾਲਾ ਨੇ ਅੱਗੇ ਕਿਹਾ ਕਿ ਹੁਣ ਦੱਸੋ ਗੱਦਾਰ ਕੌਣ ਹੈ? ਕੌਣ ਜਿੱਤਿਆ ਤੇ ਕੌਣ ਹਾਰਿਆ। ਉਹਨਾਂ ਕਿਸਾਨਾਂ ਨੂੰ ਹਰਾਇਆ। ਸਿਮਰਨਜੀਤ ਸਿੰਘ ਮਾਨ ਨੂੰ ਵੀ ਹਰਾਇਆ। ਬੀਬੀ ਖਾਲੜਾ ਨੂੰ ਹਰਾਇਆ, ਹੁਣ ਦੱਸੋ ਅਸਲੀ ਗੱਦਾਰ ਕੌਣ?
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰਗਟਾਇਆ ਇਤਰਾਜ਼
ਇਸ ਗੀਤ ਨੂੰ ਲੈ ਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਲਿਖਿਆ, ''ਸਾਡੇ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਨਿਮਰਤਾ ਸਭ ਤੋਂ ਵੱਡਾ ਗੁਣ ਹੈ। ਹਾਰ ਨੂੰ ਆਤਮ ਨਿਰੀਖਣ ਦੇ ਸਬਕ ਵਜੋਂ ਲੈਣਾ ਚਾਹੀਦਾ ਹੈ ਪਰ ਲਗਦਾ ਹੈ ਕਿ ਹੰਕਾਰ ਵਿਚ ਸਿੱਧੂ ਮੂਸੇਵਾਲਾ ਦਾ ਦਿਮਾਗ਼ੀ ਸੰਤੁਲਨ ਗੁਆਚ ਗਿਆ ਹੈ। ਪੰਜਾਬ ਦੇ ਲੋਕਾਂ ਨੇ ਦਿਲੋਂ ਵੋਟਾਂ ਪਾਈਆਂ ਹਨ, ਲੋਕਾਂ ਦੀ ਆਵਾਜ਼ ਨੂੰ ਗੱਦਾਰ ਕਹਿਣਾ ਸ਼ਰਮਨਾਕ ਹੈ।''
ਵਿਧਾਇਕਾ ਜੀਵਨਜੋਤ ਕੌਰ ਦੀ ਸਿੱਧੂ ਮੂਸੇਵਾਲਾ ਨੂੰ ਹਦਾਇਤ
ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਨੇ ਟਵੀਟ ਕਰਦਿਆਂ ਕਿਹਾ, ''ਪੰਜਾਬੀ ਨਾ ਗੱਦਾਰ ਹਨ ਤੇ ਨਾ ਹੀ ਪਖੰਡੀ। ਸਾਡਾ ਇਕ ਅਮੀਰ ਇਤਿਹਾਸ ਹੈ। ਅਸੀਂ ਹਮੇਸ਼ਾ ਨਿਆਂ ਅਤੇ ਸੱਚ ਲਈ ਖੜ੍ਹੇ ਹਾਂ। ਆਪਣੇ ਸ਼ਬਦਾਂ ਦਾ ਧਿਆਨ ਰੱਖੋ”।
ਲਾਭ ਸਿੰਘ ਉੱਗੋਕੇ ਦਾ ਸਿੱਧੂ ਮੂਸੇਵਾਲਾ ਨੂੰ ਜਵਾਬ
ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸਿੱਧੂ ਮੂਸੇਵਾਲਾ ਨੂੰ ਜਵਾਬ ਦਿੰਦਿਆਂ ਕਿਹਾ, ''ਜਿੱਤ ਜਾਂ ਹਾਰ ਲੋਕਾਂ ਦੀ ਸ਼ਕਤੀ ਦੁਆਰਾ ਉਚਾਰੀ ਜਾਂਦੀ ਹੈ। ਇਸ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰੋ। ਲੋਕਾਂ ਦੇ ਫ਼ੈਸਲੇ ਦਾ ਧੰਨਵਾਦ ਅਤੇ ਸਤਿਕਾਰ ਕਰੋ। ਅਸੀਂ ਸਿਰਫ਼ ਉਹਨਾਂ ਲੋਕਾਂ ਦੀ ਤਾਕਤ ਨਾਲ ਮੌਜੂਦ ਹਾਂ ਜਿਨ੍ਹਾਂ ਨੂੰ ਤੁਸੀਂ ਬਦਨਾਮ ਕੀਤਾ ਹੈ ਅਤੇ ਪੰਜਾਬ ਨੂੰ ਆਪਣੇ ਫੈਸਲੇ 'ਤੇ ਮਾਣ ਹੈ।''
ਕਾਂਗਰਸੀ ਵਿਧਾਇਕ ਪਰਗਟ ਸਿੰਘ ਦੀ ਪ੍ਰਤੀਕਿਰਿਆ
ਇਸ ਮੁੱਦੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਇਕ ਗੀਤ ਨੂੰ ਮੁੱਦਾ ਬਣਾ ਕੇ ਖੇਡਾਂ ਖੇਡਣ ਦੀ ਥਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਤੁਰੰਤ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਕਿਸ ਸਮਰੱਥਾ ਦੇ ਤਹਿਤ ਪੰਜਾਬ ਦੇ ਮੁੱਖ ਸਕੱਤਰ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਦਿੱਲੀ ਤਲਬ ਕੀਤਾ ਸੀ? ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਨਹੀਂ ਭਗਵੰਤ ਮਾਨ ਹੈ। ਜਿੱਥੇ ਇਹ ਪੰਜਾਬ ਸਰਕਾਰ ਤੇ ਪ੍ਰਬੰਧਕੀ ਢਾਂਚੇ ਤੇ ਵੱਡਾ ਡਾਕਾ ਹੈ ਉੱਥੇ ਹੀ ਇਹ ਪੰਜਾਬ ਦੇ ਫ਼ਤਵੇ ਅਤੇ ਲੋਕਾਂ ਦੇ ਨਾਲ ਧੋਖਾ ਹੈ। ਇਸ ਦੀ ਤੁਰੰਤ ਕਨੂੰਨੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ।