
ਐਨਕਾਊਂਟਰ ਦੌਰਾਨ ਨਸ਼ਾ ਤਸਕਰ ਪਲਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ
ਅਜਨਾਲਾ: ਅਜਨਾਲਾ ਦੇ ਇਲਾਕੇ ਰਮਦਾਸ ਨੇੜੇ ਪੁਲਿਸ ਵਲੋਂ ਇਕ ਨਸ਼ਾ ਤਸਕਰ ਦਾ ਐਨਕਾਊਂਟਰ ਕੀਤਾ ਗਿਆ।ਇਸ ਬਾਰੇ ਡੀ.ਐਸ.ਪੀ. ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੁਲਿਸ ਵਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਉਤੇ ਲੈਣ ਉਪਰੰਤ ਅੱਜ ਇਕ ਨੌਜਵਾਨ ਪਲਵਿੰਦਰ ਸਿੰਘ ਨੂੰ ਹੈਰੋਇਨ ਅਤੇ ਹਥਿਆਰਾਂ ਦੀ ਰਿਕਵਰੀ ਲਈ ਰਮਦਾਸ ਨੇੜੇ ਲਿਜਾਇਆ ਗਿਆ ਸੀ ਤਾਂ ਉਸਨੇ ਜ਼ਮੀਨ ਵਿਚ ਦੱਬੇ ਪਿਸਤੌਲ ਨਾਲ ਪੁਲਿਸ ਉੱਪਰ ਫਾਇਰਿੰਗ ਕਰ ਦਿੱਤੀ।
ਪੁਲਿਸ ਨੇ ਕੀਤੀ ਜਵਾਬੀ ਕਾਰਵਾਈ
ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਰੋਕਣ ਵਾਸਤੇ ਲਲਕਾਰਿਆ ਤਾਂ ਉਹ ਨਹੀਂ ਰੁਕਿਆ, ਜਿਸ ਤੋਂ ਬਾਅਦ ਪੁਲਿਸ ਵਲੋਂ ਉਸ ਵੱਲ ਜਵਾਬੀ ਫਾਇਰਿੰਗ ਕਰ ਦਿੱਤੀ ਗਈ ਤੇ ਇਕ ਗੋਲੀ ਉਸਦੀ ਲੱਤ ਵਿਚ ਲੱਗੀ। ਪੁਲਿਸ ਵਲੋਂ ਜ਼ਖਮੀ ਨੌਜਵਾਨ ਪਲਵਿੰਦਰ ਸਿੰਘ ਨੂੰ ਰਮਦਾਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।