ਅਕਾਲੀ ਪਹਿਲਾਂ ਅਪਣੀ ਭਾਈਵਾਲ ਕੇਂਦਰ ਸਰਕਾਰ ਤੋਂ ਮਸਲੇ ਹੱਲ ਕਰਵਾਉਣ, ਭਾਜਪਾਈ ਵੀ ਦਿੱਲੀ ਦੇ ਧੱਕੇ .
Published : Jun 12, 2020, 11:09 am IST
Updated : Jun 12, 2020, 11:09 am IST
SHARE ARTICLE
Sadhu Singh Dharamsot
Sadhu Singh Dharamsot

ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਐਮਡੀ ਮੈਡਮ ਨਿਮਰਤ ਕੌਰ ਵਲੋਂ ਵਿਸ਼ੇਸ਼ ਮੁਲਾਕਾਤ ਕੀਤੀ

ਚੰਡੀਗੜ੍ਹ :  ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਐਮਡੀ ਮੈਡਮ ਨਿਮਰਤ ਕੌਰ ਵਲੋਂ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੋਰੋਨਾ ਕਾਲ ਦੌਰਾਨ ਅਤੇ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਪੁਛੇ ਗਏ ਸਵਾਲਾਂ ਦੇ ਜਵਾਬ ਵਿਚ ਬੇਬਾਕ ਟਿਪਣੀਆਂ ਕੀਤੀਆਂ ਹਨ। ਉਨ੍ਹਾਂ ਨੇ ਵਿਰੋਧੀਆਂ ਵਲੋਂ ਸਰਕਾਰ ਬਾਰੇ ਕੀਤੀਆਂ ਜਾ ਰਹੀਆਂ ਨਾਕਰਾਤਮਕ ਟਿਪਣੀਆਂ ਦਾ ਸਪੱਸ਼ਟਤਾ ਨਾਲ ਜਵਾਬ ਦਿੰਦਿਆਂ ਵਿਰੋਧੀਆਂ ਨੂੰ ਕਟਹਿਰੇ ਵਿਚ ਖੜਾ ਕਰ ਦਿਤਾ ਹੈ। ਮੌਜੂਦਾ ਸਰਕਾਰ ’ਤੇ ਨਸ਼ਿਆਂ ਸਮੇਤ ਹਰ ਤਰ੍ਹਾਂ ਮਾਫ਼ੀਏ ’ਤੇ ਲਗਾਮ ਨਾ ਲਗਾਉਣ ਦੇ ਦੋਸ਼ਾਂ ਸਬੰਧੀ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਅਕਾਲੀ ਦਲ ਦੇ 10 ਸਾਲਾਂ ਦੇ ਕਾਰਜਕਾਲ ਸਮੇਂ ਹਵਾਲਾ ਦਿੰਦਿਆਂ ਮੌਜੂਦਾਂ ਦੌਰ ’ਚ ਹਰ ਤਰ੍ਹਾਂ ਦੇ ਮਾਫ਼ੀਏ ’ਤੇ ਨਕੇਲ ਕੱਸਣ ਦਾ ਦਾਅਵਾ ਵੀ ਕੀਤਾ। ਪੇਸ਼ ਹਨ ਉਨ੍ਹਾਂ ਨਾਲ ਕੀਤੀ ਮੁਲਾਕਾਤ ਦੇ ਕੁੱਝ ਵਿਸ਼ੇਸ਼ ਅੰਸ਼ :  
ਸਵਾਲ : ਕੋਰੋਨਾ ਦੇ ਦੌਰ ਵਿਚ ਹੋਈ ਤਾਲਾਬੰਦੀ ਦੌਰਾਨ ਸਰਕਾਰ ਦੀ ਕੀ ਕਾਰਗੁਜ਼ਾਰੀ ਰਹੀ ਹੈ, ਇਸ ਬਾਰੇ ਚਾਨਣਾ ਪਾਉ?
ਜਵਾਬ : ਮੈਂ ਸਮਝਦਾ ਹਾਂ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ। ਕਰੋਨਾ ਦੌਰਾਨ ਲੋਕਾਂ ਨੂੰ ਬਚਾਉਣ ਦਾ ਜੋ ਕੰਮ ਪੰਜਾਬ ਸਰਕਾਰ ਨੇ ਕੀਤੇ ਹਨ, ਉਨ੍ਹਾਂ ਨੂੰ ਅੱਜ ਪੂਰੀ ਦੁਨੀਆਂ ਮੰਨ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਦਲੇਰੀ ਤੇ ਹਿੰਮਤ ਨਾਲ ਲਾਕਡਾਊਨ ਲਗਾਉਣ ਵਰਗਾ ਕਦਮ ਚੁਕਿਆ, ਉਸ ਨੂੰ ਬਾਅਦ ਵਿਚ ਕੇਂਦਰ ਸਰਕਾਰ ਨੇ ਵੀ ਅਪਣਾਇਆ। 
ਸਵਾਲ : ਠੀਕ ਹੈ, ਪੰਜਾਬ ਸਰਕਾਰ ਨੇ ਲੋਕਾਂ ਨੂੰ ਬਚਾਉਣ ਲਈ ਬੜਾ ਵਧੀਆ ਕਦਮ ਚੁਕਿਆ ਸੀ, ਪਰ ਇਸ ਦੌਰਾਨ ਲੋਕ ਸਵਾਲ ਵੀ ਉਠਾਉਂਦੇ ਹਨ। ਖ਼ਾਸ ਕਰ ਕੇ ਲਾਕਡਾਊਨ ਦੌਰਾਨ ਨਸ਼ਿਆਂ ਦੀ ਹੋਈ ਵਰਤੋਂ ਬਾਰੇ ਕਈ ਸਵਾਲ ਹਨ। ਵੱਡਾ ਸਵਾਲ ਇਹ ਹੈ ਕਿ ਤਿੰਨ ਸਾਲ ਬਾਅਦ ਵੀ ਪੰਜਾਬ ਵਿਚੋਂ ਮਾਫ਼ੀਆ ਦਾ ਖ਼ਾਤਮਾ ਕਿਉਂ ਨਹੀਂ ਹੋਇਆ? 
ਜਵਾਬ : ਨਹੀਂ ਅਜਿਹਾ ਨਹੀਂ ਹੈ, ਤੁਸੀਂ ਪਿਛਲੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦਾ ਸਮਾਂ ਵੇਖੋ। ਉਸ ਸਮੇਂ ਪੰਜਾਬ ਅੰਦਰ ਸਮੈਕ ਦੀਆਂ ਪੁੜੀਆਂ ਘਰ-ਘਰ ਤਕ ਪਹੁੰਚਦੀਆਂ ਸਨ। ਇਹ ਸਕੂਲਾਂ ਅਤੇ ਕਾਲਜਾਂ ਵਿਚ ਆਮ ਵਿਕਦੀ ਸੀ। ਅੱਜ ਪੰਜਾਬ ਅੰਦਰ ਸਮੈਕ ਕਿਤੇ ਵੀ ਵਿਕਦੀ ਨਜ਼ਰ ਨਹੀਂ ਆਉਂਦੀ। ਕੈਪਟਨ ਸਾਹਿਬ ਨੇ ਅਜਿਹਾ ਤਕੜਾ ਹੱਥ ਪਾਇਆ ਕਿ ਅੱਜ ਇਹ ਸਾਰਾ ਮਾਫ਼ੀਆ ਭੱਜ ਗਿਆ ਹੈ। 
ਸਵਾਲ : ਪਰ ਲੋਕ ਇਹ ਨਹੀਂ ਮੰਨਦੇ, ਲੋਕ ਅਜੇ ਵੀ ਕਹਿੰਦੇ ਨੇ ਸਾਨੂੰ ਨਸ਼ੇ ਮਿਲ ਰਹੇ ਨੇ, ਇਹ ਖ਼ਤਮ ਨਹੀਂ ਹੋਏ।
ਜਵਾਬ : ਵੇਖੋ, ਦੁਨੀਆਂ ’ਤੇ ਕੋਈ ਵੀ ਅਜਿਹਾ ਬੰਦਾ ਜਾਂ ਰਾਜਾ ਨਹੀਂ ਹੋਇਆ ਜਿਸ ਨੇ ਸੱਭ ਨੂੰ ਰੱਬ ਬਣਾ ਦਿਤਾ ਹੋਵੇ। ਜਿਥੇ ਸੱਚ ਹੈ, ਉਥੇ ਝੂਠ ਹੈ ਅਤੇ ਜਿਥੇ ਝੂਠ ਹੈ, ਉਥੇ ਸੱਚ ਹੈ। ਲੇਕਿਨ ਉਦੋਂ ਅਤੇ ਅੱਜ ’ਚ ਬਹੁਤ ਵੱਡਾ ਫ਼ਰਕ ਹੈ। ਉਸ ਵੇਲੇ ਘਰ-ਘਰ ਪੁੜੀਆਂ ’ਚ ਸਮੈਕ ਮਿਲਦੀ ਸੀ, ਪਰ ਹੁਣ ਸਰਕਾਰ ਨੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਹਨ। ਇਹ ਕੇਂਦਰ ਨਸ਼ਿਆਂ ਦੇ ਆਦੀ ਬੱਚੇ ਜੋ ਨਸ਼ਿਆਂ ਦੇ ਟੀਕੇ ਲਗਾ ਕੇ ਮਰ ਰਹੇ ਸਨ, ਉਨ੍ਹਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਹਨ।
ਸਵਾਲ : ਠੀਕ ਹੈ, ਸਰਕਾਰ ਨੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ, ਪਰ ਅਸਲ ਮੁਸ਼ਕਲ ਇਹ ਆ ਰਹੀ ਹੈ ਕਿ ਹੁਣ ਨਸ਼ਿਆਂ ਲਈ ਨਵੇਂ ਰਸਤੇ ਕੱਢੇ ਜਾ ਰਹੇ ਹਨ। ਹੁਣ ਜਦੋਂ ਕਿਸੇ ਪਿੰਡ ਵਿਚ ਜਾ ਕੇ ਗੱਲ ਕਰੋ ਤਾਂ ਲੋਕ ਕਹਿੰਦੇ ਹਨ ਕਿ ਨਸ਼ਾ ਕੁੱਝ ਦੇਰ ਲਈ ਕਾਬੂ ਜ਼ਰੂਰ ਹੋਇਆ ਸੀ ਪਰ ਹੁਣ  ਵਾਪਸ ਆ ਗਿਆ ਹੈ। ਪੰਜਾਬ ਵਿਚ ਲੱਗੇ ਕਰਫ਼ਿਊ ਦੌਰਾਨ ਵੀ ਨਸ਼ੇ ਅਤੇ ਸ਼ਰਾਬ ਦੀ ਵਰਤੋਂ ਹੁੰਦੀ ਰਹੀ ਹੈ?
ਜਵਾਬ : ਪੰਜਾਬ ਵਿਚ ਕਰਫ਼ਿਊ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਖ਼ਾਤਰ ਲਗਾਇਆ ਗਿਆ ਸੀ, ਜਿਸ ਦਾ 90 ਫ਼ੀ ਸਦੀ ਲੋਕਾਂ ਨੂੰ ਫ਼ਾਇਦਾ ਹੋਇਆ। ਇਸ ਦੌਰਾਨ 5-4 ਫ਼ੀ ਸਦੀ ਮਾੜੇ ਲੋਕ ਇਸ ਦਾ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਵੀ ਕਰਦੇ ਰਹੇ ਹਨ, ਪਰ ਇਸ ਦੌਰਾਨ ਜਿਹੜਾ ਵੀ ਅਜਿਹਾ ਕਰਦਾ ਫੜਿਆ ਗਿਆ, ਸਰਕਾਰ ਨੇ ਉਸ ਨਾਲ ਕੋਈ ਢਿੱਲ ਨਹੀਂ ਕੀਤੀ ਤੇ ਨਾ ਹੀ ਕਰੇਗੀ।
ਸਵਾਲ : ਕੀ ਤੁਸੀਂ ਮੰਨਦੇ ਹੋ ਕਿ ਸਰਕਾਰ ਵਲੋਂ ਕੋਈ ਕਮੀ ਨਹੀਂ ਰਹੀ?
ਜਵਾਬ : ਬਿਲਕੁਲ। ਵੇਖੋ ਜੀ, ਜਿਹੜਾ ਫੜਿਆ ਗਿਆ ਭਾਵੇਂ ਉਹ ਕਾਂਗਰਸੀ ਆਗੂ ਹੋਵੇ, ਭਾਵੇਂ ਅਕਾਲੀ ਹੋਵੇ ਜਾਂ ਕੋਈ ਹੋਰ ਆਮ ਆਦਮੀ, ਕੈਪਟਨ ਸਰਕਾਰ ਦੇ ਰਾਜ ਵਿਚ ਜੋ ਵੀ ਫੜਿਆ ਗਿਆ, ਉਸ ਨੂੰ ਕੋਈ ਛੋਟ ਨਹੀਂ ਮਿਲਦੀ ਤੇ ਨਾ ਹੀ ਮਿਲੇਗੀ।
ਸਵਾਲ : ਤੁਸੀਂ ਕਹਿੰਦੇ ਹੋ ਕਿ ਅਸੀਂ ਕੋਰੋਨਾ ਕਾਬੂ ਕੀਤਾ। ਅਸੀਂ ਵੀ ਮੰਨਦੇ ਹਾਂ ਕਿ ਪੰਜਾਬ ਅਤੇ ਕੇਰਲਾ ਵਰਗੇ ਪ੍ਰਬੰਧ ਕਿਸੇ ਸੂਬੇ ਨੇ ਨਹੀਂ ਕੀਤੇ। ਇਸ ਦਾ ਅਸਰ ਅਸੀਂ ਵੇਖ ਵੀ ਰਹੇ ਹਾਂ। ਦਿੱਲੀ, ਮਹਾਰਾਸ਼ਟਰ ਤੇ ਤਾਮਿਲਨਾਡੂ ਵੱਲ ਵੇਖੀਏ ਤਾਂ ਉਨ੍ਹਾਂ ਦੇ ਅੰਕੜੇ ਬਹੁਤ ਜ਼ਿਆਦਾ ਹਨ, ਪਰ ਜਿਸ ਤਰ੍ਹਾਂ ਅਸੀਂ ਸੜਕਾਂ ਖੋਲ੍ਹ ਦਿਤੀਆਂ ਹਨ, ਕੀ ਉਸ ਨਾਲ ਕਰੋਨਾ ਦੇ ਫੈਲਣ ਦਾ ਖ਼ਤਰਾ ਵੱਧ ਨਹੀਂ ਗਿਆ? ਕੀ ਸੂਬੇ ਦੀਆਂ ਸਰਹੱਦਾਂ ਨੂੰ ਅਜੇ ਬੰਦ ਨਹੀਂ ਸੀ ਰੱਖ ਸਕਦੇ, ਅੰਦਰ ਭਾਵੇਂ ਅਸੀਂ ਜੋ ਮਰਜ਼ੀ ਕਰਦੇ, ਤਾਂ ਜੋ ਬਾਹਰੋਂ ਜ਼ਿਆਦਾ ਲੋਕ ਨਾ ਆਉਂਦੇ?
ਜਵਾਬ : ਬਿਲਕੁਲ, ਮੈਂ ਸਮਝਦਾਂ, ਤੁਹਾਡਾ ਸਵਾਲ ਬਿਲਕੁਲ ਸਹੀ ਹੈ, ਪਰ ਇਸ ਮਾਮਲੇ ਵਿਚ ਸਰਕਾਰ ਦੀਆਂ ਵੀ ਕਈ ਮਜਬੂਰੀਆਂ ਹਨ। ਸਰਕਾਰ ਸਾਹਮਣੇ ਲੋਕਾਂ ਨੂੰ ਬਚਾਉਣ, ਸਹੂਲਤਾਂ ਦੇਣ ਅਤੇ ਉਨ੍ਹਾਂ ਦੇ ਰੁਜ਼ਗਾਰ ਨੂੰ ਚਲਦਾ ਰੱਖਣ ਦੀ ਚੁਨੌਤੀ ਵੀ ਹੈ। ਅਸੀਂ ਜ਼ਿਆਦਾ ਦੇਰ ਤਕ ਸੱਭ ਕੁੱਝ ਬੰਦ ਨਹੀਂ ਰੱਖ ਸਕਦੇ। ਸਨਅਤੀ ਅਦਾਰੇ ਕੰਮ ਦੁਬਾਰਾ ਸ਼ੁਰੂ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਮਜ਼ਦੂਰਾਂ ਦੀ ਜ਼ਰੂਰਤ ਪਵੇਗੀ। ਕਿਸਾਨ ਵੀ ਮਜ਼ਦੂਰਾਂ ਦੀ ਘਾਟ ਨਾਲ ਜੂਝ ਰਹੇ ਹਨ, ਇਸ ਲਈ ਆਵਾਜਾਈ ਨੂੰ ਬਹਾਲ ਕਰਨਾ ਜ਼ਰੂਰੀ ਸੀ। ਪਰ ਜਦੋਂ ਸਰਕਾਰ ਇੰਨਾ ਕੁੱਝ ਕਰ ਰਹੀ ਹੈ, ਇਸ ਵਿਚ ਲੋਕਾਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ। ਲੋਕਾਂ ਨੂੰ ਕੋਰੋਨਾ ਦੌਰਾਨ ਖ਼ੁਦ ਨੂੰ ਬਚਾਉਂਦਿਆਂ ਵਿਚਰਨ ਦੀ ਜਾਂਚ ਸਿੱਖਣੀ ਪਵੇਗੀ, ਕਿਉਂਕਿ ਕੋਰੋਨਾ ਦੀ ਅਜੇ ਤਕ ਕੋਈ ਦਵਾ ਦਾਰੂ ਨਹੀਂ ਬਣੀ। ਰਸਤੇ ਵਿਚ ਆਏ ਸੱਪ ਵਾਂਗ ਇਹ ਲੋਕਾਂ ਨੇ ਸੋਚਣਾ ਹੈ ਕਿ ਸੱਪ ’ਤੇ ਪੈਰ ਧਰ ਕੇ ਲੰਘਣੈ ਜਾਂ ਕੋਲੋਂ ਬਚਾਅ ਕੇ ਗੁਜ਼ਰ ਜਾਣੈ।
ਸਵਾਲ : ਨਹੀਂ, ਸੱਪ ਨੂੰ ਅਸੀਂ ਵੇਖ ਕੇ ਪਛਾਣ ਸਕਦੇ ਹਾਂ, ਪਰ ਕਰੋਨਾ ’ਚ ਅਜਿਹਾ ਨਹੀਂ ਹੈ। ਜਦੋਂ ਕੋਈ ਦਿੱਲੀ ਤੋਂ ਚਲ ਕੇ ਆ ਰਿਹਾ ਹੈ ਤਾਂ ਲੋਕਾਂ ਨੂੰ ਇਹ ਅੰਦਾਜ਼ਾ ਕਿਵੇਂ ਹੋਵੇਗਾ ਕਿ ਉਹ ਬਿਮਾਰੀ ਤੋਂ ਪੀੜਤ ਹੈ ਜਾਂ ਨਹੀਂ। ਪੰਜਾਬ ਦੇ ਲੋਕਾਂ ਨੇ ਵੱਡੀ ਕੁਰਬਾਨੀ ਦਿਤੀ ਹੈ। ਤੁਹਾਡੇ ਕਹਿਣ ਮੁਤਾਬਕ 90 ਫ਼ੀ ਸਦੀ ਲੋਕਾਂ ਨੇ ਕਰਫ਼ਿਊ ਦੌਰਾਨ ਇਸ ਦੀ ਪਾਲਣਾ ਕੀਤੀ ਹੈ, ਹੁਣ ਜਦੋਂ ਸੜਕਾਂ ਪੂਰੀ ਤਰ੍ਹਾਂ ਖੁਲ੍ਹ ਜਾਣਗੀਆਂ ਤਾਂ ਲੋਕ ਇਸ ਖ਼ਤਰੇ ਨੂੰ ਕਿਵੇਂ ਪਛਾਣ ਸਕਣਗੇ?
ਜਵਾਬ : ਵੇਖੋ ਜੀ, ਇਹ ਸਾਡੀ ਮਜਬੂਰੀ ਹੈ, ਹੁਣ ਪੰਜਾਬ ਦਾ ਕਿਸਾਨ ਮਜ਼ਦੂਰਾਂ ਦੀ ਕਮੀ ਨਾਲ ਜੂਝ ਰਿਹਾ ਹੈ, ਉਸ ਦਾ ਹੱਲ ਵੀ ਕਰਨਾ ਹੈ...।
ਸਵਾਲ : ਵੇਖੋ, ਯੂ.ਪੀ. ਅਤੇ ਬਿਹਾਰ ਤੋਂ ਤੁਸੀਂ ਬਸਾਂ ਰਾਹੀਂ ਲੇਬਰ ਮੰਗਵਾ ਸਕਦੇ ਹੋ। ਇਨ੍ਹਾਂ ਲੋਕਾਂ ਨੂੰ ਕੰਟਰੋਲ ਵੀ ਕੀਤਾ ਜਾ ਸਕਦੈ, ਪਰ ਜਿਹੜੇ ਲੋਕ ਆਪਸ ਵਿਚ ਮਿਲ ਰਹੇ ਹਨ ਤੇ ਕਈ ਲੋਕ ਦਿੱਲੀ ਜਾਂ ਹੋਰ ਸ਼ਹਿਰਾਂ ਤੋਂ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਹੇ ਹਨ। ਇਸ ਨਾਲ ਕੇਸਾਂ ’ਚ ਵਾਧਾ ਵੀ ਸਾਹਮਣੇ ਆ ਰਿਹਾ ਹੈ, ਇਸ ਬਾਰੇ ਸਰਕਾਰ ਕੀ ਕਰ ਰਹੀ ਹੈ?
ਜਵਾਬ : ਨਹੀਂ, ਅਜਿਹਾ ਨਹੀਂ ਹੈ, ਸਰਕਾਰ ਵਲੋਂ ਬਕਾਇਦਾ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਜੇਕਰ ਕੋਈ ਪਾਜ਼ੇਟਿਵ ਪਾਇਆ ਜਾ ਰਿਹਾ ਹੈ ਤਾਂ ਉਸ ਦੀ ਬਕਾਇਦਾ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਇਕਾਂਤਵਾਸ ’ਚ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ।
ਸਵਾਲ : ਨਹੀਂ ਜੀ, ਹੁਣ ਸੱਭ ਕੁੱਝ ਖੁਲ੍ਹ ਗਿਆ ਹੈ, ਹੁਣ ਕੋਈ ਵੀ ਚੈਕਿੰਗ ਨਹੀਂ ਹੋ ਰਹੀ?
ਜਵਾਬ : ਨਹੀਂ, ਹੋ ਰਹੀ ਹੈ।
ਸਵਾਲ : ਨਹੀਂ ਜੀ, ਇਹ ਸੰਭਵ ਹੀ ਨਹੀਂ ਹੈ, ਜਿੰਨੇ ਟਰੱਕ ਅਤੇ ਗੱਡੀਆਂ ਰੋਜ਼ਾਨਾ ਆ ਰਹੇ ਹਨ, ਉਨ੍ਹਾਂ ਦੀ ਚੈਕਿੰਗ ਨਹੀਂ ਹੋ ਸਕਦੀ, ਇਹ ਸੰਭਵ ਹੀ ਨਹੀਂ?
ਜਵਾਬ : ਮੇਰੇ ਕਹਿਣ ਦਾ ਭਾਵ, ਜਿਵੇਂ ਪੂਰੇ ਹਿੰਦੋਸਤਾਨ ਅੰਦਰ ਆਵਾਜਾਈ ਖੋਲ੍ਹ ਦਿਤੀ ਗਈ ਹੈ,   ਸਾਡੀ ਲੋਕਾਂ ਅੱਗੇ ਬੇਨਤੀ ਹੈ ਕਿ ਉਹ ਖ਼ੁਦ ਨੂੰ ਬਚਾਉਣਾ ਸਿੱਖਣ, ਕਰੋਨਾ ਦੇ ਨੇੜੇ ਰਹਿ ਕੇ ਬਚਣਾ ਕਿਵੇਂ ਹੈ, ਇਹ ਸਾਨੂੰ ਸਿੱਖਣਾ ਹੀ ਪਵੇਗਾ। ਸਾਨੂੰ ਦੂਰੋਂ ਫ਼ਤਹਿ ਬੁਲਾਉਣ ਦੇ ਸਿਧਾਂਤ ’ਤੇ ਚਲਣਾ ਪਵੇਗਾ, ਹੱਥ ਮਿਲਾਉਣ, ਗਲਵਕੜੀਆ ਪਾਉਣ ਦਾ ਹੁਣ ਸਮਾਂ ਨਹੀਂ ਰਿਹਾ। 
ਸਵਾਲ : ਪਿਛਲੇ ਤਿੰਨ ਸਾਲਾਂ ਦੇ ਅਰਸੇ ਦੌਰਾਨ ਤੁਸੀਂ ਕੀ ਮੁਸ਼ਕਲਾਂ ਵੇਖੀਆਂ ਅਤੇ ਉਨ੍ਹਾਂ ਦਾ ਕੀ ਹੱਲ ਕੀਤਾ ਤਾਂ ਜੋ ਪੰਜਾਬ ਦੀ ਆਬੋ-ਹਵਾ ਨੂੰ ਦਰੁਸਤ ਕੀਤਾ ਜਾ ਸਕੇ?
ਜਵਾਬ : ਅਸੀਂ ਆਉਂਦੇ ਸਾਰ ਪੰਜਾਬ ਅੰਦਰ ‘ਆਈ ਹਰਿਆਲੀ’ ਐਪ ਜਾਰੀ ਕੀਤਾ। ਇਸ ਅਧੀਨ ਲੋਕਾਂ ਨੂੰ ਬੂਟੇ ਵੰਡੇ ਗਏ ਅਤੇ ਜਾਗਰੂਕ ਵੀ ਕੀਤਾ ਗਿਆ। ਘਰ ਘਰ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਨੂੰ ਇੰਨੀ ਵੱਡੀ ਸਫ਼ਲਤਾ ਮਿਲੀ ਕਿ ਪਹਿਲੇ ਸਾਲ ਅਸੀਂ ਇਕ ਕਰੋੜ ਦੇ ਕਰੀਬ ਬੂਟੇ ਲਗਾਏ ਅਤੇ ਲੋਕਾਂ ਨੂੰ ਵੰਡੇ। ਅਸੀਂ ਟਾਹਲੀ, ਅੰਬ, ਜਾਮਣ, ਕਿੱਕਰ ਤੋਂ ਲੈ ਕੇ ਮੈਡੀਸਨ ਤਕ ਦੇ ਬੂਟੇ ਵੰਡੇ। ਇਹ ਬੂਟੇ ਲੋਕਾਂ ਨੂੰ ਮੁਫ਼ਤ ਵੰਡੇ ਗਏ ਅਤੇ ਜਾਗਰੂਕ ਕੀਤਾ ਗਿਆ ਕਿ ਬੂਟਿਆਂ ਤੋਂ ਬਗ਼ੈਰ ਸਾਡਾ ਨਹੀਂ ਸਰਨਾ। ਇਸ ਦੀ ਬਦੌਲਤ ਪੰਜਾਬ ਵਿਚ 4 ਫ਼ੀ ਸਦੀ ਦੀ ਥਾਂ ਅੱਜ 7 ਫ਼ੀ ਸਦੀ ਤਕ ਦਾ ਵਾਧਾ ਹੋਇਆ ਹੈ। 
ਸਵਾਲ : ਲੁਧਿਆਣਾ ਵਿਖੇ ਜੰਗਲਾਤ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਹਟਾਏ ਗਏ ਹਨ। ਇਹ ਲੋਕ ਕਿਵੇਂ ਇੰਨੀ ਜ਼ਿਆਦਾ ਜ਼ਮੀਨ ਦੱਬੀ ਬੈਠੇ ਸੀ, ਇਸ ਬਾਰੇ ਚਾਨਣਾ ਪਾਉ?
ਜਵਾਬ : ਸਾਡੀ ਸਰਕਾਰ ਆਉਣ ਤੋਂ 6 ਕੁ ਮਹੀਨੇ ਬਾਅਦ ਮੈਨੂੰ ਪਤਾ ਚਲਿਆ ਕਿ ਲੁਧਿਆਣਾ ਲਾਗੇ ਕੋਈ 400 ਏਕੜ ਦੇ ਕਰੀਬ ਮਹਿੰਗੀ ਜ਼ਮੀਨ ਹੈ ਜਿਸ ’ਤੇ ਬਹੁਤ ਸਾਰੇ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਜ਼ਮੀਨ ’ਤੇ ਕੁੱਝ ਸਿਆਸੀ ਰਸੂਖ਼ਦਾਰਾਂ ਦਾ ਵੀ ਕਬਜ਼ਾ ਸੀ। ਜੰਗਲਾਤ ਦੀ ਜ਼ਮੀਨ ’ਤੇ ਇੰਨੇ ਵੱਡੇ ਪੱਧਰ ’ਤੇ ਹੋਏ ਨਾਜਾਇਜ਼ ਕਬਜ਼ਿਆਂ ਬਾਰੇ ਪਹਿਲਾਂ ਕਦੇ ਕਿਸੇ ਨੇ ਕੋਈ ਕਦਮ ਨਹੀਂ ਸੀ ਚੁਕਿਆ। ਮੈਂ ਇਸ ਸਬੰਧੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਦਿਆਂ ਜਾਣਕਾਰੀ ਦਿਤੀ ਕਿ ਲੁਧਿਆਣੇ ਨੇੜੇ ਜੰਗਲਾਤ ਮਹਿਕਮੇ ਦੀ 400 ਏਕੜ ਦੇ ਕਰੀਬ ਮਹਿੰਗੀ ਜ਼ਮੀਨ ’ਤੇ ਫਲਾਣੇ-ਫਲਾਣੇ ਬੰਦਿਆਂ ਨੇ ਕਬਜ਼ਾ ਕੀਤਾ ਹੋਇਆ ਹੈ। ਮੈਂ ਇਸ ਜ਼ਮੀਨ ਨੂੰ ਛੁਡਾ ਕੇ ਇਥੇ ਬੂਟੇ ਲਗਾਉਣੇ ਚਾਹੁੰਦਾ ਹਾਂ। ਮੁੱਖ ਮੰਤਰੀ ਸਾਹਿਬ ਨੇ ਇਸ ਬੜੇ ਔਖੇ ਕੰਮ ਲਈ ਮੈਨੂੰ ਹੱਲਾਸ਼ੇਰੀ ਦਿੰਦਿਆਂ ਇਜਾਜ਼ਤ ਦੇ ਦਿਤੀ। ਲੁਧਿਆਣੇ ਤੋਂ ਸ਼ੁਰੂ ਹੋਈ ਸਾਡੀ ਇਸ ਮੁਹਿੰਮ ਦਾ ਹੀ ਸਿੱਟਾ ਹੈ ਕਿ ਅੱਜ ਅਸੀਂ 25 ਹਜ਼ਾਰ ਏਕੜ ਦੇ ਕਰੀਬ ਜੰਗਲਾਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣ ’ਚ ਕਾਮਯਾਬ ਹੋਏ ਹਾਂ ਜਦਕਿ ਇਹ ਮੁਹਿੰਮ ਅਜੇ ਵੀ ਜਾਰੀ ਹੈ। ਇਕੱਲੇ ਪਠਾਨਕੋਟ ਵਿਚ ਹੀ ਅਸੀਂ 6 ਹਜ਼ਾਰ ਏਕੜ ਦੇ ਕਰੀਬ ਜ਼ਮੀਨ ਛੁਡਾ ਚੁੱਕੇ ਹਾਂ। ਇਸ ਥਾਂ ’ਤੇ ਹੁਣ ਬੂਟੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। 
ਸਵਾਲ : ਮਤਲਬ, ਪੰਜਾਬ ਅੰਦਰ 25 ਹਜ਼ਾਰ ਏਕੜ ਜ਼ਮੀਨ ਸੀ ਜਿਸ ’ਤੇ ਨਾਜਾਇਜ਼ ਕਬਜ਼ੇ ਹਟਾਏ ਗਏ ਹਨ?
ਜਵਾਬ : ਹਾਂ ਬਿਲਕੁਲ, ਇਹ ਪੂਰੇ ਹਿੰਦੋਸਤਾਨ ’ਚ ਪਹਿਲਾ ਮਾਮਲਾ ਹੈ ਜਿਥੇ ਇੰਨੇ ਵੱਡੀ ਪੱਧਰ ’ਤੇ ਜ਼ਮੀਨ ਵਾਪਸ ਲਈ ਗਈ ਹੈ। ਮੈਂ ਪਿਛਲੇ ਸਾਲ ਸਾਡੇ ਦਿੱਲੀ ਵਿਖੇ ਜੰਗਲਾਤ ਮਹਿਕਮੇ ਦੀ ਮੀਟਿੰਗ ਵਿਚ ਸ਼ਾਮਲ ਹੋਣ ਗਿਆ ਜਿਥੇ ਮੈਂ ਜ਼ਮੀਨ ਵਾਪਸ ਲੈਣ ਸਬੰਧੀ ਜਾਣਕਾਰੀ ਦਿਤੀ ਤਾਂ ਉਹ ਇੰਨੀ ਵੱਡੇ ਪੱਧਰ ’ਤੇ ਜ਼ਮੀਨ ਵਾਪਸ ਲੈਣ ਬਾਰੇ ਸੁਣ ਕੇ ਬੜੇ ਹੈਰਾਨ ਹੋਏ। ਸੋ ਸਰਕਾਰ ਜੇਕਰ ਕੋਈ ਕੰਮ ਕਰਨ ਦੀ ਧਾਰ ਲਵੇ ਤਾਂ ਉਸ ਨੂੰ ਕੋਈ ਰੋਕ ਨਹੀਂ ਸਕਦਾ, ਸਿਰਫ਼ ਇਰਾਦੇ ਪੱਕੇ ਹੋਣੇ ਚਾਹੀਦੇ ਹਨ। 
ਸਵਾਲ : ਤੁਸੀਂ ਨਾਜਾਇਜ਼ ਕਬਜ਼ੇਕਾਰਾਂ ਦੇ ਸਿਰ ’ਤੇ ਸਿਆਸੀ ਥਾਪੜਾ ਹੋਣ ਦੀ ਗੱਲ ਕਹੀ ਹੈ, ਕੀ ਇਹ ਕਿਸੇ ਇਕ ਪਾਰਟੀ ਨਾਲ ਸਬੰਧਤ ਹਨ ਜਾਂ ਸਾਰੀਆਂ ਨਾਲ?
ਜਵਾਬ : ਕੋਈ ਕਿਸੇ ਵੀ ਪਾਰਟੀ ਦਾ ਹੋਵੇ, ਮੈਂ ਇਥੇ ਨਾਂ ਨਹੀਂ ਲੈਣਾ ਚਾਹੁੰਦਾ। ਪਰ ਮੈਂ ਉਨ੍ਹਾਂ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਇਸ ਜੰਗਲਾਤ ਦੀ ਧਰਤੀ ਨੂੰ ਸਿਰਫ਼ ਜੰਗਲਾਂ ਲਈ ਹੀ ਰਹਿਣ ਦਈਏ ਕਿਉਂਕਿ ਇਥੇ ਰੁੱਖ ਲੱਗਣ ਨਾਲ ਜਿਥੇ ਸਾਡਾ ਵਾਤਾਵਰਣ ਸਵੱਛ ਹੋਵੇਗਾ ਉਥੇ ਇਨ੍ਹਾਂ ਅੰਦਰ ਰਹਿਣ ਵਾਲੇ ਜੀਵਾਂ ਨੂੰ ਵੀ ਸੁਰੱਖਿਆ ਮਿਲ ਸਕੇਗੀ। ਸੋ ਮੇਰੀ ਅਜਿਹੇ ਲੋਕਾਂ ਅੱਗੇ ਬੇਨਤੀ ਹੈ ਕਿ ਅੱਗੇ ਤੋਂ ਉਹ ਜ਼ਮੀਨ ਛੁਡਾਉਣ ਦੀ ਗੱਲ ਭਾਵੇਂ ਕਰਨ ਪਰ ਦੱਬਣ ਬਾਰੇ ਨਾ ਸੋਚਣ। 
ਸਵਾਲ : ਇਕ ਮੁੱਦਾ ਜਿਹੜਾ ਤੁਹਾਡੀ ਸੋਸ਼ਲ ਵੈਲਫ਼ੇਅਰ ਦੇ ਅੰਡਰ ਆਉਂਦਾ ਹੈ, ਉਹ ਹੈ ਬੱਚਿਆਂ ਨੂੰ ਸਕਾਲਰਸ਼ਿਪ ਦੇਣ ਦਾ, ਇਹ ਮੁੱਦਾ ਇੰਨਾ ਕਿਉਂ ਭੜਕਿਆ ਹੋਇਆ ਹੈ, ਸਕਲਾਰਸ਼ਿਪ ਦੇਣ ’ਚ ਦੇਰੀ ਕਿਉਂ ਹੋਈ?
ਜਵਾਬ : ਮੈਂ ਸਮਝਦਾਂ, ਜਿਵੇਂ ਘਰ ਵਿਚ ਕਈ ਨਿਕੰਮੇ ਲੋਕ ਹੁੰਦੇ ਹਨ, ਉਹ ਖ਼ੁਦ ਤਾਂ ਕੁੱਝ ਕਰਦੇ ਨਹੀਂ, ਪਰ ਜੋ ਕੰਮ ਕਰਦਾ ਹੈ, ਉਸ ’ਚ ਕਮੀਆਂ ਕਢਦੇ ਰਹਿੰਦੇ ਹਨ। ਇਹੀ ਕੰਮ ਪਿਛਲੀ ਸਰਕਾਰ ਨੇ 10 ਸਾਲਾਂ ਦੌਰਾਨ ਕੀਤਾ ਹੈ। ਉਨ੍ਹਾਂ 2014, 15, 16, 17 ਤਕ ਦਾ ਕੋਈ ਪੈਸਾ ਕੇਂਦਰ ਤੋਂ ਨਹੀਂ ਲਿਆਂਦਾ। ਮੈਂ ਇਹ ਪੈਸਾ ਕੇਂਦਰ ਤੋਂ ਲਿਆਂਦਾ। ਹੁਣ ਤਕ ਕੇਂਦਰ ਤੋਂ 309 ਕਰੋੜ ਦੇ ਕਰੀਬ ਰੁਪਇਆ ਆਇਆ ਹੈ ਜਿਸ ਨੂੰ ਅੱਗੇ ਬੱਚਿਆਂ ਵਿਚ ਵੰਡਿਆ ਜਾਵੇਗਾ। ਇਹ ਪੈਸਾ ਬੱਚਿਆਂ ਦੇ ਖਾਤਿਆਂ ਵਿਚ ਪਾ ਦਿਤਾ ਜਾਵੇਗਾ ਅਤੇ ਜਦੋਂ 2017-18 ਦਾ ਪੈਸਾ ਵੀ ਆ ਗਿਆ, ਉਹ ਵੀ ਵੰਡ ਦਿਤਾ ਜਾਵੇਗਾ। 
ਸਵਾਲ : ਤੁਹਾਡੇ ਮੁਤਾਬਕ, 2014 ਤੋਂ 16 ਤਕ ਜਿਹੜਾ ਪੈਸਾ ਕੇਂਦਰ ਤੋਂ ਆਉਣਾ ਸੀ, ਉਹ ਆਇਆ ਹੀ ਨਹੀਂ ਸੀ ਕਿ ਆਉਣ ਬਾਅਦ ਵਰਤਿਆ ਨਹੀਂ ਸੀ ਗਿਆ? 
ਜਵਾਬ : ਨਹੀਂ, ਇਹ ਪੈਸਾ ਆਇਆ ਹੀ ਨਹੀਂ ਸੀ, ਇਹ ਅਸੀਂ ਲੈ ਕੇ ਆਏ ਹਾਂ।  
ਸਵਾਲ : ਸੋ ਅਜੇ 2017-18 ਦਾ ਪੈਸਾ ਤੁਹਾਡੇ ਕੋਲ ਨਹੀਂ ਆਇਆ?
ਜਵਾਬ : ਨਹੀਂ, ਇਹ ਅਜੇ ਨਹੀਂ ਆਇਆ। 
ਸਵਾਲ : ਇਹਦੇ ਵਿਚ ਸੂਬੇ ਦਾ ਹਿੱਸਾ ਵੀ ਹੁੰਦੈ?
ਜਵਾਬ : ਹਾਂ, ਇਹ ਬਹੁਤ ਥੋੜ੍ਹਾ ਹੁੰਦਾ ਹੈ, ਲਗਭਗ 10 ਫ਼ੀ ਸਦੀ ਦੇ ਕਰੀਬ।
ਸਵਾਲ : ਤੁਸੀਂ ਅਪਣਾ ਹਿੱਸਾ ਦੇ ਦਿਤੈ?
ਜਵਾਬ : ਨਹੀਂ, ਅਸੀਂ ਤਾਂ ਤਦ ਹਿੱਸਾ ਦੇਵਾਂਗੇ, ਜਦੋਂ ਉਥੋਂ ਪੈਸਾ ਆਵੇਗਾ, ਉਹ ਤਾਂ ਅਜੇ ਪੈਸਾ ਦੇਣ ਲਈ ਤਿਆਰ ਨਹੀਂ ਹਨ। ਇਹ ਅਕਾਲੀ ਦਲ ਅਤੇ ਭਾਜਪਾ ਵਾਲੇ ਜਿਹੜੇ ਇਨ੍ਹਾਂ ਪੈਸਿਆਂ ਬਾਰੇ ਰੌਲਾ ਪਾਉਂਦੇ ਹਨ, ਉਹ ਪਹਿਲਾਂ ਕੇਂਦਰ ਵਿਚਲੀ ਅਪਣੀ ਭਾਈਵਾਲ ਸਰਕਾਰ ਤੋਂ ਪੈਸਾ ਲਿਆਉਣ ’ਚ ਮਦਦ ਕਰਨ। ਇਹ ਗੱਲਾਂ ਤਾਂ ਬਹੁਤ ਕਰਦੇ ਹਨ ਪਰ ਪੈਸਾ ਲਿਆਉਣ ’ਚ ਕੋਈ ਦਿਲਚਸਪੀ ਨਹੀਂ ਦਿਖਾਉਂਦੇ। ਮੈਂ ਤੁਹਾਡੇ ਜ਼ਰੀਏ ਉਨ੍ਹਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਅਪਣੀ ਭਾਈਵਾਲ ਕੇਂਦਰ ਸਰਕਾਰ ਤੋਂ ਪੈਸਾ ਲਿਆਉਣ ’ਚ ਮਦਦ ਕਰਨ ਤਾਂ ਜੋ ਅਸੀਂ ਇਹ ਪੈਸਾ ਅੱਗੇ ਬੱਚਿਆਂ ਵਿਚ ਵੰਡ ਸਕੀਏ।
ਸਵਾਲ : ਹਾਂ ਇਹ ਮੁੱਦਾ ਬਹੁਤ ਜ਼ਰੂਰੀ ਹੈ, ਗ਼ਰੀਬ ਪਰਵਾਰਾਂ ਦੇ ਬੱਚੇ, ਜੋ ਬੜੀ ਮੁਸ਼ਕਲ ਨਾਲ ਪੜ੍ਹ ਕੇ ਅੱਗੇ ਆਉਂਦੇ ਹਨ, ਉਨ੍ਹਾਂ ਦੀ ਬਾਂਹ ਨਹੀਂ ਛਡਣੀ ਚਾਹੀਦੀ?
ਜਵਾਬ : ਹਾਂ, ਅਸੀਂ ਉਨ੍ਹਾਂ ਦੀ ਬਾਂਹ ਨਹੀਂ ਛੱਡਾਂਗੇ। ਕੁੱਝ ਵੀ ਹੋ ਜਾਵੇ, ਅਸੀਂ ਬੱਚਿਆਂ ਨੂੰ ਇਹ ਪੈਸਾ ਜ਼ਰੂਰ ਦੇਵਾਂਗੇ, ਪਰ ਜਿਸ ਦੀ ਡਿਊਟੀ ਬਣਦੀ ਹੈ, ਉਹ ਵੀ ਕਰਨ ਲਈ ਅੱਗੇ ਆਉਣ। ਅੱਜ ਐਸ.ਸੀ., ਬੀ.ਸੀ. ਵਰਗ ਨਾਲ ਜੋ ਧੱਕਾ ਕੇਂਦਰ ਸਰਕਾਰ ਕਰ ਰਹੀ ਹੈ, ਉਸ ਬਾਰੇ ਉਨ੍ਹਾਂ ਦੀ ਭਾਈਵਾਲ ਪਾਰਟੀ ਵਾਲੇ ਕੁੱਝ ਨਹੀਂ ਬੋਲਦੇ, ਉਹ ਕੇਵਲ ਸਾਨੂੰ ਹੀ ਕਹੀ ਜਾਂਦੇ ਹਨ, ਪੈਸੇ ਨਹੀਂ ਦਿੰਦੇ, ਪੈਸੇ ਨਹੀਂ ਦਿੰਦੇ, ਪਰ ਜਿਥੋਂ ਪੈਸੇ ਆਉਣੇ ਨੇ, ਉਥੇ ਗੱਲ ਨਹੀਂ ਕਰਦੇ। ਮੁੱਖ ਮੰਤਰੀ ਸਾਹਿਬ ਨੇ ਕੇਂਦਰ ਨੂੰ ਚਿੱਠੀ ਲਿਖੀ ਹੈ। ਮੈਂ ਉਨ੍ਹਾਂ ਕੋਲ ਫਿਰ ਜਾਵਾਂਗਾ। ਸਾਡੀ ਮੰਗ ਹੈ ਕਿ ਸਾਨੂੰ ਪੈਸਾ ਦਿਉ, ਅਸੀਂ ਅੱਗੇ ਵੰਡ ਦੇਵਾਂਗੇ।
ਸਵਾਲ : ਤੁਹਾਡੇ ਨਾਲ ਗੱਲ ਕਰ ਕੇ ਹਮੇਸ਼ਾ ਅੱਛਾ ਲਗਦੈ, ਤੁਹਾਡੇ ਜਵਾਬ ਬੜੇ ਸੱਚੇ ਤੇ ਸਪੱਸ਼ਟ ਹੁੰਦੇ ਨੇ। ਅੱਗੇ ਲੋਕ ਦੱਸਣਗੇ ਉਹ ਵਿਸ਼ਵਾਸ ਕਰਦੇ ਨੇ ਕਿ ਨਹੀਂ। ਹਾਂ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਲੋਕਾਂ ਦੇ ਜੋ ਮੁੱਦੇ ਹਨ ਜ਼ਰੂਰ ਚੁੱਕੇ ਜਾਣ ਤੇ ਸੁਣੇ ਜਾਣ।
ਜਵਾਬ : ਮੈਂ ਸਮਝਦਾਂ ਕਿ ਜਿਹੜੇ ਲੋਕ ਜ਼ਰਾ ਜਿੰਨਾ ਵੀ ਇਨਸਾਨੀਅਤ ਨੂੰ ਪਿਆਰ ਕਰਦੇ ਹਨ, ਗੁਰੂ ਨਾਨਕ ਦੇ ਮਿਸ਼ਨ ਨੂੰ ਮੰਨਦੇ ਹਨ, ਉਹ ਭਾਵੇਂ ਕਿਸੇ ਵੀ ਮੰਚ ਜਾਂ ਪਾਰਟੀ ਦੇ ਹੋਣ, ਉਹ ਹਮੇਸ਼ਾ ਲੋਕਾਂ ਦੇ ਭਲਾ ਹੀ ਚਾਹੁੰਣਗੇ। ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਜ਼ਰੀਏ ਜੇਕਰ ਕਿਸੇ ਇਨਸਾਨ ਦਾ ਕੋਈ ਭਲਾ ਹੁੰਦਾ ਹੈ ਤਾਂ ਉਹ ਜ਼ਰੂਰ ਹੋਣਾ ਚਾਹੀਦੈ।
ਸਵਾਲ : ਸੋ, ਹੁਣ ਚੋਣਾਂ ਦੂਰ ਨਹੀਂ ਹਨ, ਕਾਊਂਟ-ਡਾਊਨ ਉਥੇ ਵੀ ਸ਼ੁਰੂ ਹੋ ਜਾਣੈ, ਲੋਕ ਹੀ ਦੱਸਣਗੇ ਕਿ ਕਿੰਨਾ ਵਿਸ਼ਵਾਸ ਕਰਦੇ ਹਨ। ਸਾਡਾ ਜੋ ਕੰਮ ਸੀ, ਅਸੀਂ ਸਵਾਲ ਪੁਛੇ ਤੇ ਤੁਸੀਂ ਜਵਾਬ ਦਿਤੇ।
ਜਵਾਬ : ਪ੍ਰਮਾਤਮਾ ਨੇ ਹੁਣ ਤਕ ਬੜੀ ਲਾਜ ਰੱਖੀ ਏ, ਅੱਗੇ ਵੀ ਰੱਖਣਗੇ। 
ਮੌਜੂਦਾ ਹਾਲਾਤ ’ਤੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇੰਟਰਵਿਊ ਦੌਰਾਨ ਵਿਰੋਧੀਆਂ ਦੀ ਬੋਲਤੀ ਕੀਤੀ ਬੰਦ!
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 ਤਰੀਕ ਨੂੰ ਵੱਜਣਗੇ ਛਿੱਤਰ,Hans Raj Hans ਨੇ ਬਣਾਈ List! ਵਾਲੀਬਾਲ ਤੇ ਚਿੱੜੀ ਛਿੱਕਾ ਵੀ ਖੇਡ ਲੈਦੇ ਨੇ ਚੰਨੀ ਸਾਬ੍ਹ

19 May 2024 12:52 PM

ਤੁਹਾਡਾ ਇਕ-ਇਕ ਵੋਟ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਖ਼ਾਸ ਪ੍ਰੋਗਰਾਮ ਰਾਹੀਂ ਵੋਟਰਾਂ ਨੂੰ ਕੀਤਾ ਗਿਆ ਜਾਗਰੂਕ

19 May 2024 10:24 AM

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM

Congress ਦਾ ਸਾਥ ਦੇਣ 'ਤੇ Sidhu Moosewala ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ | Latest News

19 May 2024 8:37 AM
Advertisement