
ਨੰਗਲ ਤਹਿਸੀਲ ਦੇ ਪਿੰਡ ਭੱਲੜੀ ਨਾਲ ਸਬੰਧਤ ਮਨਪ੍ਰੀਤ ਸਿੰਘ
ਨੰਗਲ: ਬੀਤੇ ਦਿਨੀਂ ਦੁਬਈ 'ਚ ਭਿਆਨਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਪੰਜਾਬੀ ਨੌਜੁਆਨ ਦਾ 19 ਦਿਨਾਂ ਬਾਅਦ ਅੰਤਿਮ ਸਸਕਾਰ ਕੀਤਾ ਗਿਆ। 1 ਮਈ ਨੂੰ ਨੰਗਲ ਤਹਿਸੀਲ ਦੇ ਪਿੰਡ ਭੱਲੜੀ ਨਾਲ ਸਬੰਧਤ ਮਨਪ੍ਰੀਤ ਸਿੰਘ (ਉਮਰ 23 ਸਾਲ) ਪੁੱਤਰ ਬਖਸ਼ੀਸ ਸਿੰਘ ਦੀ ਮੌਤ ਹੋ ਗਈ ਸੀ। ਨੌਜੁਆਨ ਕਰੀਬ ਡੇਢ ਸਾਲ ਪਹਿਲਾਂ ਬਤੌਰ ਡਰਾਈਵਰ ਦੁਬਈ ਗਿਆ ਸੀ।
ਜਾਣਕਾਰੀ ਅਨੁਸਾਰ ਮਨਪ੍ਰੀਤ ਦੁਬਈ ਵਿਖੇ ਕਿਸੇ ਕੰਪਨੀ ਵਿਚ ਗੱਡੀ ਚਲਾਉਣ ਦਾ ਕੰਮ ਕਰਦਾ ਸੀ। ਬੀਤੇ ਦਿਨ ਜਦੋਂ ਉਹ ਟਰੱਕ ਵਿਚ ਕੁਝ ਸਾਮਾਨ ਲੱਦ ਕੇ ਜਾ ਰਿਹਾ ਸੀ ਤਾਂ ਅਚਾਨਕ ਉਸ ਦੀ ਟੱਕਰ ਸੜਕ ਵਿਚਕਾਰ ਖੜ੍ਹੀ ਕਿਸੇ ਗੱਡੀ ਨਾਲ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਉਪਰੰਤ ਗੱਡੀ ਨੂੰ ਅੱਗ ਲਗ ਗਈ ਤੇ ਨੌਜੁਆਨ ਗੱਡੀ ਵਿਚ ਹੀ ਜ਼ਿੰਦਾ ਸੜ ਗਿਆ।
ਇਸ ਤੋਂ ਇਲਾਵਾ 22 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਢੇਰ ਦੇ ਵਸਨੀਕ ਬਲਵੀਰ ਸਿੰਘ ਪੁੱਤਰ ਰਾਮ ਲਾਲ ਦੀ ਮਸ਼ੀਨ ’ਤੇ ਕੰਮ ਦੌਰਾਨ ਦਰਦਨਾਕ ਮੌਤ ਹੋਣ ਦੀ ਖ਼ਬਰ ਵੀ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ 24 ਸਾਲਾ ਬਲਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਬਲਵੀਰ ਦੇ ਸਿਰ ’ਤੇ ਹੀ ਸੀ। ਉਸ ਦੇ ਦੋਸਤਾਂ ਦਾ ਕਹਿਣਾ ਹੈ ਕਿ ਕੰਮ ਸਮੇਂ ਕਰੀਬ 5 ਟਨ ਦਾ ਪਹਾੜ ਬਲਵੀਰ ਸਿੰਘ ਦੀ ਮਸ਼ੀਨ ’ਤੇ ਡਿੱਗ ਗਿਆ ਤੇ ਉਹ ਮਸ਼ੀਨ ਵਿਚ ਹੀ ਫਸਿਆ ਰਹਿ ਗਿਆ। ਬਲਵੀਰ ਸਿੰਘ ਦੀ ਮੌਤ ’ਤੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।