
ਬੇਅਦਬੀਆਂ ਦੇ ਇਨਸਾਫ਼ ਦੀ ਜੰਗ ਜਾਰੀ ਰਹੇਗੀ : ਨਵਜੋਤ ਸਿੱਧੂ
ਮੁੜ ਚੁਕਿਆ ਬੇਅਦਬੀਆਂ ਦਾ ਮੁੱਦਾ
ਚੰਡੀਗੜ੍ਹ, 11 ਜੁਲਾਈ (ਭੁੱਲਰ): ਨਵਜੋਤ ਸਿੰਘ ਸਿੱਧੂ ਜੋ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਟਵੀਟ ਕਰ ਕੇ ਬਾਦਲਾਂ ਤੇ ਦਿੱਲੀ ਸਰਕਾਰ 'ਤੇ ਨਿਸ਼ਾਨੇ ਸਾਧਰਹੇ ਹਨ, ਹੁਣ ਇਕ ਵਾਰ ਮੁੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਚੁਕਿਆ ਹੈ |
ਪੰਜਾਬ ਕਾਂਗਰਸ ਦੇ ਸੰਕਟ ਦੌਰਾਨ ਉਹ ਪਿਛਲੇ ਸਮੇਂ ਵਿਚ ਲਗਾਤਾਰ ਬੇਅਦਬੀ ਤੇ ਗੋਲੀਕਾਂਡ ਦਾ ਮਾਮਲਾ ਉਠਾ ਕੇ ਅਪਣੀ ਹੀ ਸਰਕਾਰ ਨੂੰ ਘੇਰ ਰਹੇ ਸਨ ਪਰ ਕਾਂਗਰਸ ਹਾਈਕਮਾਨ ਵਲੋਂ ਸੰਕਟ ਦੇ ਹੱਲ ਲਈ ਸ਼ੁਰੂ ਗੱਲਬਾਤ ਦੇ ਚਲਦੇ ਉਹ ਬੇਅਦਬੀ ਦੇ ਮੁੱਦੇ 'ਤੇ ਕਾਫ਼ੀ ਦਿਨਾਂ ਤੋਂ ਚੁੱਪ ਸਨ ਪਰ ਅੱਜ ਮੁੜ ਟਵੀਟ ਕਰ ਕੇ ਬੇਅਦਬੀਆਂ ਦੇ ਇਨਸਾਫ਼ ਦੀ ਗੱਲ ਕੀਤੀ ਹੈ |
ਉਨ੍ਹਾਂ ਕਿਹਾ ਕਿ ਬੇਅਦਬੀ ਦੇ ਇਨਸਾਫ਼ ਦੀ ਮੰਗ ਕਲ੍ਹ ਵੀ ਸੀ, ਅੱਜ ਵੀ ਹੈ ਅਤੇ ਅੱਗੇ ਵੀ ਜਾਰੀ ਰਹੇਗੀ | ਪੰਜਾਬ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਮੰਗ ਰਿਹਾ ਹੈ | ਨਵਜੋਤ ਸਿੱਧੂ ਨੇ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਬੇਅਦਬੀਆਂ ਦੇ ਇਨਸਾਫ਼ ਦੀ ਜੰਗ ਜਾਰੀ ਰਹੇਗੀ | ਉਨ੍ਹਾਂ ਟਵੀਟ ਨਾਲ ਬਰਗਾੜੀ ਵਿਚ ਹੋਏ ਇਕ ਪ੍ਰੋਗਰਾਮ ਨਾਲ ਸਬੰਧਤ ਪੁਰਾਣੀ ਵੀਡੀਓ ਵੀ ਜਾਰੀ ਕੀਤੀ ਹੈ | ਇਸ ਵਿਚ ਵੀ ਉਹ ਇਨਸਾਫ਼ ਦੀ ਗੱਲ ਕਰਦਿਆਂ ਬਾਦਲਾਂ ਤੇ ਮਜੀਠੀਆ 'ਤੇ ਨਿਸ਼ਾਨੇ ਸਾਧ ਰਹੇ ਹਨ |