ਖੁੱਲ੍ਹੀ ਬਿਆਨਬਾਜ਼ੀ ਤੋਂ ਹਾਈਕਮਾਨ ਨਾਰਾਜ਼, ਇਕ-ਦੋ ਦਿਨ ਵਿਚ ਹੋ ਸਕਦੈ ਕੋਈ ਅਹਿਮ ਐਲਾਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਅਤੇ ਰਾਜ ਸਭਾ ਮੈਂਬਰਾਂ ਤੇ ਦੋ ਸਾਬਕਾ ਸੂਬਾ ਪ੍ਰਦੇਸ਼ ਕਾਂਗਰਸ ਪ੍ਰਧਾਨਾਂ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋ ਵਿਚਕਾਰ ਜ਼ਹਿਰੀਲੀ ਸ਼ਰਾਬ ਕਾਂਡ ਦੇ ਮੁੱਦੇ ਨੂੰ ਲੈ ਕੇ ਛਿੜੇ ਸ਼ਬਦੀ ਯੁੱਧ ਦਾ ਕਾਂਗਰਸ ਹਾਈਕਮਾਨ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਤਰ੍ਹਾਂ ਸੂਬਾ ਕਾਂਗਰਸ ਦੇ ਵੱਡੇ ਆਗੂਆਂ ਵਲੋਂ ਇਕ ਦੂਜੇ ਵਿਰੁਧ ਕੀਤੀ ਜਾ ਰਹੀ ਸਿੱਧੀ ਤੇ ਤਿੱਖੀ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲਿਆ ਹੈ।
ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਦਾ ਕਹਿਣਾ ਹੈ ਕਿ ਸਾਰੇ ਕਾਂਗਰਸੀ ਆਗੂਆਂ ਨੂੰ ਇਸ ਤਰ੍ਹਾਂ ਪਾਰਟੀ ਤੋਂ ਬਾਹਰ ਇਕ ਦੂਜੇ ਵਿਰੁਧ ਬਿਆਨਬਾਜ਼ੀ ਤੋਂ ਵਰਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਸਰਕਾਰ ਜਾਂ ਪਾਰਟੀ ਸੰਗਠਨ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਉਹ ਪਾਰਟੀ ਫੋਰਮ 'ਤੇ ਹੀ ਅਪਣੀ ਗੱਲ ਰੱਖ ਸਕਦਾ ਹੈ ਅਤੇ ਇਸ ਦਾ ਸੱਭ ਨੂੰ ਅਧਿਕਾਰ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਫੋਰਮ ਤੋਂ ਬਾਹਰ ਮੀਡੀਆ 'ਚ ਜਾ ਕੇ ਜਨਤਕ ਤੌਰ 'ਤੇ ਇਕ ਦੂਜੇ ਵਿਰੁਧ ਬਿਆਨਬਾਜ਼ੀ ਕਰਨਾ ਪਾਰਟੀ ਅਨੁਸਾਸ਼ਨ ਦੇ ਉਲਟ ਹੈ, ਜੋ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਇਸੇ ਦੌਰਾਨ ਪਾਰਟੀ ਹਾਈ ਕਮਾਨ ਵਲੋਂ ਆਏ ਇਸ ਨਿਰਦੇਸ਼ ਦਾ ਅੱਜ ਕਈ ਥਾਈਂ ਅਸਰ ਵੀ ਵੇਖਣ ਨੂੰ ਮਿਲਿਆ।
ਬਠਿੰਡਾ ਵਿਖੇ ਇਕ ਸਮਾਰੋਹ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਾਜਵਾ-ਦੂਲੋ ਮੁੱਦੇ ਨੂੰ ਲੈ ਕੇ ਕੋਈ ਵੀ ਟਿਪਣੀ ਕਰਨ ਤੋਂ ਸਾਫ਼ ਨਾਂਹ ਕਰ ਦਿਤੀ। ਉਨ੍ਹਾਂ ਇਸ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਦਸਿਆ। ਇਸੇ ਤਰ੍ਹਾਂ ਹੋਰ ਕਈ ਮੰਤਰੀ ਤੇ ਆਗੂ ਵੀ ਹੁਣ ਇਸ ਮਾਮਲੇ ਨੂੰ ਲੈ ਕੇ ਕੁੱਝ ਕਹਿਣ ਤੋਂ ਪਾਸਾ ਵੱਟ ਰਹੇ ਹਨ। ਹੁਣ ਕਾਂਗਰਸ ਦੀਆਂ ਦੋਹੇ ਧਿਰਾਂ ਦੇ ਵਿਚਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕੋਲ ਹਾਈ ਕਮਾਨ ਦੇ ਨੇਤਾਵਾਂ ਰਾਹੀਂ ਪੁੱਜ ਚੁੱਕੇ ਹਨ।
ਇਸ ਤਰ੍ਹਾਂ ਹੁਣ ਮਾਮਲਾ ਸੁਲਝਾਉਣ ਲਈ ਗੇਂਦ ਕਾਂਗਰਸ ਹਾਈ ਕਮਾਨ ਦੇ ਪਾਲੇ ਵਿਚ ਹੀ ਹੈ। ਰਾਜਸਥਾਨ ਦਾ ਮਾਮਲਾ ਸੁਲਝਾਉਣ ਬਾਅਦ ਕਾਂਗਰਸ ਹਾਈ ਕਮਾਨ ਪੰਜਾਬ ਵੱਲ ਧਿਆਨ ਦੇ ਰਹੀ ਹੈ। ਇਕ-ਦੋ ਦਿਨ ਵਿਚ ਕੋਈ ਅਹਿਮ ਐਲਾਨ ਹੋ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।