ਪੰਜਾਬ ਕਾਂਗਰਸ 'ਚ ਫੇਰਬਦਲ ਦੀਆਂ ਚਰਚਾਵਾਂ ਨੂੰ ਭਾਂਪਦਿਆਂ ਸੀਨੀਅਰ ਕਾਂਗਰਸੀ ਨੇਤਾ ਬੀਬੀ ਰਜਿੰਦਰ ਕੌਰ
ਚੰਡੀਗੜ੍ਹ, 11 ਜੂਨ (ਐਸ.ਐਸ. ਬਰਾੜ): ਪੰਜਾਬ ਕਾਂਗਰਸ 'ਚ ਫੇਰਬਦਲ ਦੀਆਂ ਚਰਚਾਵਾਂ ਨੂੰ ਭਾਂਪਦਿਆਂ ਸੀਨੀਅਰ ਕਾਂਗਰਸੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਵੀ ਸਰਗਰਮ ਹੋ ਗਏ ਹਨ, ਉੁਨ੍ਹਾਂ ਨੇ ਇਹ ਐਲਾਨ ਤਾਂ ਕਰ ਦਿਤਾ ਹੈ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਜ਼ਰੂਰ ਲੜਨਗੇ। ਫ਼ੋਨ 'ਤੇ ਗੱਲਬਾਤ ਕਰਦਿਆਂ ਉੁਨ੍ਹਾਂ ਕਿਹਾ ਕਿ ਜਿਥੋਂ ਤਕ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਦਾ ਸਵਾਲ ਹੈ, ਇਸ ਦਾ ਫ਼ੈਸਲਾ ਤਾਂ ਹਾਈ ਕਮਾਨ ਨੇ ਹੀ ਕਰਨਾ ਹੈ। ਜਦ ਉੁਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਉਹ ਚੋਣਾਂ 'ਚ ਲੀਡਰਸ਼ਿਪ ਸੰਭਾਲਣ ਲਈ ਤਿਆਰ ਹਨ?
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਨ ਕਿ ਲੀਡਰਸ਼ਿਪ ਦਾ ਫ਼ੈਸਲਾ ਹਾਈਕਮਾਨ ਨੇ ਕਰਨਾ ਹੈ। ਪ੍ਰੰਤੂ ਜੇਕਰ ਉੁਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਜਾਂਦਾ ਹੈ ਤਾਂ ਉਹ ਜ਼ਰੂਰ ਸੰਭਾਲਣਗੇ, ਉੁਨ੍ਹਾਂ ਇਹ ਵੀ ਸਮਝਣ ਕੀਤਾ ਕਿ ਕਾਂਗਰਸ ਦੇ ਪੁਰਾਣੇ ਅਤੇ ਤਜਰਬੇਕਾਰ ਨੇਤਾਵਾਂ ਨੂੰ ਹੀ ਪਾਰਟੀ ਦੀ ਅਗਵਾਈ ਕਰਨ ਦਾ ਮੌਕਾ ਦਿਤਾ ਜਾਣਾ ਚਾਹੀਦਾ ਹੈ। ਨੌਜਵਾਨਾਂ ਨੂੰ ਪਾਰਟੀ 'ਚ ਸਥਾਨ ਮਿਲਣਾ ਚਾਹੀਦਾ ਹੈ, ਪ੍ਰੰਤੂ ਅਜੇ ਕੁੱਝ ਸਮਾਂ ਪੁਰਾਣੀ ਲੀਡਰਸ਼ਿਪ ਦੀ ਅਗਵਾਈ 'ਚ ਹੀ ਉਨ੍ਹਾਂ ਨੂੰ ਤਜਰਬਾ ਹਾਸਲ ਕਰਨਾ ਚਾਹੀਦਾ ਹੈ।
ਕਈ ਸੂਬਿਆਂ 'ਚ ਜਿਥੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਵਾਗਡੋਰ ਸੰਭਾਲੀ ਗਈ ਉੁਨ੍ਹਾਂ ਨੇ ਕਾਂਗਰਸ ਨੂੰ ਮਜ਼ਬੂਤ ਕੀਤਾ। ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ ਅਤੇ ਪੰਜਾਬ 'ਚ ਪੁਰਾਣੀ ਲੀਡਰਸ਼ਿਪ ਨੇ ਔਖੇ ਸਮੇਂ ਵੀ ਕਾਂਗਰਸ ਨੂੰ ਸਫ਼ਲਤਾ ਦਿਵਾਈ। ਪੰਜਾਬ ਸਰਕਾਰ ਦੀ ਕਾਰਗੁ²ਜ਼ਾਰੀ ਬਾਰੇ ਪੁੱਛੇ ਜਾਣ 'ਤੇ ਉੁਨ੍ਹਾਂ ਕਿਹਾ ਕਿ ਰਾਜ ਦੀ ਮਾੜੀ ਆਰਥਕ ਹਾਲਤ ਦੇ ਬਾਵਜੂਦ ਸਰਕਾਰ ਨੇ ਚੰਗੀ ਕਾਰਗੁਜ਼ਾਰੀ ਵਿਖਾਈ ਹੈ। ਲੱਖਾਂ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ। ਕਿਸਾਨਾਂ, ਗ਼ਰੀਬਾਂ ਅਤੇ ਉਦਯੋਗਾਂ ਨੂੰ ਰਿਆਇਤਾਂ ਦਿਤੀਆਂ ਹਨ।
ਅਸਲ 'ਚ ਬੇਸ਼ਕ, ਬੀਬੀ ਭੱਠਲ ਨੇ ਪਰਦੇਸ਼ ਕਾਂਗਰਸ ਦੀ ਅਗਵਾਈ ਬਾਰੇ ਗੋਲਮੋਲ ਜਵਾਬ ਦਿਤਾ, ਪ੍ਰੰਤੂ ਉਹ ਇਸ ਲਈ ਪੂਰੀ ਤਰ੍ਹਾਂ ਸਰਗਰਮ ਲਗਦੇ ਹਨ। ਕਾਂਗਰਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਇਸ ਪੱਖ 'ਚ ਹੈ ਕਿ ਪੁਰਾਣੀ ਲੀਡਰਸ਼ਿਪ ਦੇ ਤਜਰਬੇ ਅਤੇ ਪਾਰਟੀ ਪ੍ਰਤੀ ਸੰਘਰਸ਼ ਨੂੰ ਵੇਖਦਿਆਂ ਰਾਜਾਂ ਦੀ ਵਾਗਡੋਰ ਸੀਨੀਅਰ ਨੇਤਾਵਾਂ ਨੂੰ ਹੀ ਦਿਤੀ ਜਾਵੇ। ਨੌਜਵਾਨ ਨੇਤਾ, ਉਨ੍ਹਾਂ ਦੀ ਅਗਵਾਈ 'ਚ ਕੰਮ ਕਰਨ। ਪ੍ਰੰਤੂ ਰਾਹੁਲ ਗਾਂਧੀ ਨੌਜਵਾਨ ਨੇਤਾਵਾਂ ਦੇ ਹੱਕ 'ਚ ਹਨ।
ਜਿਥੋਂ ਤਕ ਪੰਜਾਬ ਦਾ ਸਬੰਧ ਹੈ, ਕਾਂਗਰਸ ਦੇ ਤਿੰਨ ਚਾਰ ਨੇਤਾ ਹੀ ਇਸ ਸ਼ਰਤ 'ਤੇ ਪੂਰੇ ਉਤਰਦੇ ਹਨ। ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਲਾਲ ਸਿੰਘ ਅਤੇ ਬੀਬੀ ਰਜਿੰਦਰ ਕੌਰ ਭੱਠਲ। ਜਿਥੋਂ ਤਕ ਸ. ਬਾਜਵਾ ਦਾ ਸਬੰਧ ਹੈ, ਉਸ ਦੇ ਅਪਣੇ ਜ਼ਿਲ੍ਹੇ ਦੇ ਸੀਨੀਅਰ ਨੇਤਾ ਹੀ ਉਨ੍ਹਾਂ ਦੇ ਹੱਕ 'ਚ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਨਾਲ ਵੀ ਉੁਨ੍ਹਾਂ ਦੇ ਰਿਸ਼ਤੇ ਪੂਰੀ ਤਰ੍ਹਾਂ ਵਿਗੜੇ ਹੋਏ ਹਨ।
ਸ. ਲਾਲ ਸਿੰਘ ਨੇ ਤਾਂ ਪਿਛਲੀਆਂ ਚੋਣਾਂ ਵੀ ਨਹੀਂ ਲੜੀਆਂ ਅਤੇ ਉੁਨ੍ਹਾਂ ਨੂੰ ਮੰਡੀ ਬੋਰਡ ਦਾ ਚੇਅਰਮੈਨ ਬਣਾ ਕੇ ਸਤਿਕਾਰ ਦਿਤਾ ਗਿਆ। ਇਸ ਤਰ੍ਹਾਂ ਉਹ ਤਾਂ ਪਹਿਲਾਂ ਹੀ ਚੋਣ ਅਖਾੜੇ 'ਚੋਂ ਬਾਹਰ ਹੋ ਗਏ ਸਨ। ਜਿਥੋਂ ਤਕ ਬੀਬੀ ਭੱਠਲ ਦਾ ਸਬੰਧ ਹੈ, ਉਹ ਬੇਸ਼ਕ 2017 ਦੀਆਂ ਚੋਣਾਂ 'ਚ ਹਾਰ ਗਏ ਸਨ। ਪ੍ਰੰਤੂ ਉਹ ਅਪਣੇ ਹਲਕੇ ਅਤੇ ਸਿਆਸਤ 'ਚ ਪੂਰੀ ਤਰ੍ਹਾਂ ਸਰਗਰਮ ਹਨ। ਜੇਕਰ ਕੈਪਟਨ ਅਮਰਿੰਦਰ ਸਿੰਘ ਚੋਣ ਨਹੀਂ ਲੜਦੇ ਤਾਂ ਬੀਬੀ ਭੱਠਲ ਨੂੰ ਵਾਗਡੋਰ ਮਿਲ ਸਕਦੀ ਹੈ।