ਸੋਸ਼ਲ ਮੀਡੀਆ 'ਚ ਸਿੱਖਾਂ ਦੀ ਵੱਖਰੀ ਹੋਂਦ ਨੂੰ ਨਕਾਰਦੀਆਂ ਪੋਸਟਾਂ ਦੀ ਭਰਮਾਰ
ਚੰਡੀਗੜ੍ਹ : ਸਿੱਖਾਂ ਦੀ ਵੱਖਰੀ ਹੋਂਦ ਨੂੰ ਝੁਠਲਾਉਣ ਲਈ ਸਿੱਖ ਪਰੰਪਰਾਵਾਂ ਅਤੇ ਧਾਰਮਕ ਸਥਾਨਾਂ 'ਤੇ ਸਮੇਂ ਸਮੇਂ 'ਤੇ ਹਮਲੇ ਹੁੰਦੇ ਰਹੇ ਹਨ। ਮੁਗ਼ਲ ਰਾਜ ਦੀ ਸਮਾਪਤੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਜਿਸ ਨੂੰ ਸਿੱਖ ਰਾਜ ਹੋਣ ਦਾ ਮਾਣ ਪ੍ਰਾਪਤ ਹੈ। ਪਰ ਕੁੱਝ ਇਤਿਹਾਸਕ ਵੇਰਵਿਆਂ ਮੁਤਾਬਕ ਉਸ ਸਮੇਂ ਵੀ ਸਿੱਖਾਂ ਦੀ ਵੱਖਰੀ ਹੋਂਦ ਨੂੰ ਨਕਾਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ। ਖ਼ਾਸ ਕਰ ਕੇ ਆਰਐਸਐਸ ਵਲੋਂ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦਰਸਾਉਣ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਰਹੀ ਹੈ। ਇਨ੍ਹਾਂ ਕੋਸ਼ਿਸ਼ਾਂ ਸਦਕਾ ਸਿੰਘ ਸਭਾ ਲਹਿਰ ਤੋਂ ਪਹਿਲਾਂ ਬਹੁਤੇ ਗੁਰਦੁਆਰਿਆਂ ਅੰਦਰ ਸਨਾਤਨੀ ਰਹੁ-ਰੀਤਾ ਦਾ ਬੋਲਬਾਲਾ ਸ਼ੁਰੂ ਹੋ ਗਿਆ ਸੀ, ਜਿਸ ਨੂੰ ਸਿੰਘ ਸਭਾ ਲਹਿਰ ਦੌਰਾਨ ਗੁਰਦੁਆਰਿਆਂ 'ਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ। ਅੱਜ ਸੂਚਨਾ ਕ੍ਰਾਂਤੀ ਦੇ ਯੁੱਗ 'ਚ ਸਿੱਖਾਂ ਦੀ ਵੱਖਰੀ ਹੋਂਦ ਨੂੰ ਨਕਾਰਨ ਦੀਆਂ ਕੋਸ਼ਿਸ਼ਾਂ ਨੇ ਇਕ ਵਾਰ ਫਿਰ ਰਫ਼ਤਾਰ ਫੜੀ ਹੈ।
ਹੁਣ ਜਦੋਂ ਸੋਸ਼ਲ ਮੀਡੀਆ ਨੇ ਦੁਨੀਆ ਨੂੰ ਇਕ ਪਿੰਡ 'ਚ ਤਬਦੀਲ ਕਰ ਦਿਤਾ ਹੈ ਤਾਂ ਮਾੜੀ ਸੋਚ ਵਾਲੇ ਅਨਸਰ ਇਸ ਨੂੰ ਦੂਜੇ ਧਰਮਾਂ ਅੰਦਰ ਘੁਸਪੈਠ ਕਰਨ ਲਈ ਵਰਤ ਰਹੇ ਹਨ। ਸੋਸ਼ਲ ਮੀਡੀਆ ਜ਼ਰੀਏ ਸਿੱਖ ਧਰਮ ਦੀਆਂ ਵਿਲੱਖਣ ਪਰੰਪਰਾਂ ਨੂੰ ਠੇਸ ਪਹੁੰਚਾਉਣ ਲਈ ਕਈ ਅਜਿਹੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ, ਜੋ ਸਮਾਜ ਅੰਦਰ ਧਾਰਮਿਕ ਅਸਥਿਰਤਾ ਪੈਦਾ ਕਰਨ ਦਾ ਜ਼ਰੀਆ ਬਣ ਸਕਦੀਆਂ ਹਨ। ਅਯੁਧਿਆ 'ਚ ਬਾਬਰੀ ਮਸਜਿਦ ਦਾ ਵਿਵਾਦ ਸੁਲਝਣ ਤੋਂ ਬਾਅਦ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ। ਬਾਬਰੀ ਮਸਜਿਦ ਵਿਵਾਦ ਦੌਰਾਨ ਜਿਸ ਤਰ੍ਹਾਂ ਇਹ ਗੱਲ ਆਮ ਹੀ ਸੁਣਨ ਨੂੰ ਮਿਲਦੀ ਸੀ ਕਿ 'ਮੰਦਿਰ ਜਿਹੀਂ ਬਣੇਗਾ', ਠੀਕ ਉਸੇ ਤਰ੍ਹਾਂ ਹੁਣ ਕਈ ਸ਼ਰਾਰਤੀ ਅਨੁਸਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਬੰਧੀ ਪੋਸਟਾਂ ਪਾ ਕੇ ਦਾਅਵੇ ਕਰ ਰਹੇ ਹਨ ਕਿ 'ਇਹ ਹਰਿ ਦਾ ਮੰਦਰ ਹੈ ਤੇ ਇੱਥੇ ਵੀ ਮੰਦਿਰ ਬਣੇਗਾ'।
ਇਸ ਨੂੰ ਲੈ ਕੇ ਸਿੱਖਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਇਹੋ ਜਿਹੀਆਂ ਪੋਸਟਾਂ ਨੂੰ ਇਕ ਸੋਝੀ ਸਮਝੀ ਸਾਜ਼ਿਸ਼ ਦਾ ਹਿੱਸਾ ਵੀ ਮੰਨਿਆ ਜਾ ਰਿਹਾ ਹੈ। ਇਨ੍ਹਾਂ 'ਚੋਂ ਕੁੱਝ ਪੋਸਟਾਂ ਤਾਂ ਟਵੀਟਰ ਦੇ ਵੈਰੀਫਾਇਡ ਅਕਾਊਂਟਸ ਤੋਂ ਵੀ ਪੈ ਰਹੀਆਂ ਹਨ ਪਰ ਉਨ੍ਹਾਂ ਖਿਲਾਫ਼ ਅਜੇ ਤਕ ਕੋਈ ਕਾਰਵਾਈ ਨਹੀਂ ਹੋ ਰਹੀ। ਇਹ ਪੋਸਟਾਂ ਸੋਸ਼ਲ ਮੀਡੀਆ 'ਤੇ ਜਿਉਂ ਦੀਆਂ ਤਿਉਂ ਬਰਕਰਾਰ ਹਨ। ਇਸ ਤੋਂ ਇਲਾਵਾ ਕੁਝ ਕਿਤਾਬਾਂ ਦੀਆਂ ਪੋਸਟਾਂ ਵੀ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ੍ਰੀ ਰਾਮ ਦੇ ਬੇਟੇ ਦਾ ਵੰਸ਼ਜ ਦੱਸਿਆ ਜਾ ਰਿਹਾ।
ਅਜਿਹਾ ਹੀ ਵਿਵਾਦਿਤ ਬਿਆਨ ਬੀਤੇ ਦਿਨੀਂ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣ ਮੌਕੇ ਹੋਏ ਸਮਾਗਮ 'ਚ ਪਹੁੰਚੇ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਵੀ ਦੇ ਚੁੱਕੇ ਹਨ। ਉਨ੍ਹਾਂ ਦੇ ਇਸ ਬਿਆਨ ਦਾ ਕਾਫ਼ੀ ਵੱਡੀ ਪੱਧਰ 'ਤੇ ਵਿਰੋਧ ਹੋਇਆ ਸੀ। ਪਰ ਸਵਾਲ ਇਹ ਪੈਂਦਾ ਹੁੰਦਾ ਹੈ ਕਿ ਆਖਰ ਅਜਿਹੀਆਂ ਕਾਰਵਾਈਆਂ ਇਸ ਸਮੇਂ ਹੀ ਕਿਉਂ ਹੋ ਰਹੀਆਂ ਹਨ? ਇਸੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਮਾਇਣ ਦੀ ਰਚਨਾ ਕਰਨ ਸਬੰਧੀ ਵਿਵਾਦਿਤ ਬਿਆਨ ਦਿਤਾ ਗਿਆ ਸੀ। ਇਸ ਦਾ ਵੀ ਸਿੱਖ ਜਗਤ ਨੇ ਕਾਫ਼ੀ ਬੁਰਾ ਮਨਾਇਆ ਸੀ।
ਸਿੱਖ ਧਰਮ ਦੀ ਵਿਲੱਖਣਤਾ ਨੂੰ ਲੈ ਕੇ ਹੋ ਰਹੇ ਅਜਿਹੇ ਹਮਲਿਆਂ ਦੇ ਵਕਤ ਨੂੰ ਲੈ ਕੇ ਵੀ ਵਿਵਾਦ ਖੜ੍ਹਾ ਹੁੰਦਾ ਜਾਪ ਰਿਹਾ ਹੈ। ਅਯੁਧਿਆ 'ਚ ਰਾਮ ਮੰਦਰ ਦੀ ਉਸਾਰੀ ਤੋਂ ਉਤਸ਼ਾਹਤ ਧਿਰਾਂ ਵਲੋਂ ਜਿਸ ਤਰ੍ਹਾਂ ਸਿੱਖਾਂ ਦੀ ਵੱਖਰੀ ਹੋਂਦ ਨੂੰ ਠੇਸ ਪਹੁੰਚਾਉਂਦੇ ਬਿਆਨ ਦਾਗੇ ਜਾਣ ਦੇ ਨਾਲ-ਨਾਲ ਸ਼ਰਾਰਤੀ ਅਨਸਰਾਂ ਵਲੋਂ ਸ਼ੋਸ਼ਲ ਮੀਡੀਆ ਜ਼ਰੀਏ ਸਿੱਖਾਂ ਦੀ ਵੱਖਰੀ ਹੋਂਦ ਨੂੰ ਨਕਾਰਨ ਦੀ ਕੋਸ਼ਿਸ਼ ਹੋ ਰਹੀ ਹੈ, ਉਸ ਨੇ ਕਈ ਸਵਾਲ ਖੜ੍ਹੇ ਕਰ ਦਿਤੇ ਹਨ।
ਇਸ ਸਭ ਨੂੰ ਧਾਰਮਕ ਯੁੱਧ ਛੇੜਣ ਦੀਆਂ ਕੋਸ਼ਿਸ਼ਾਂ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਜੇ ਇਨ੍ਹਾਂ ਸ਼ੰੰਕਿਆਂ 'ਚ ਭੋਰਾ ਭਰ ਵੀ ਸੱਚਾਈ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਸੋਸ਼ਲ ਮੀਡੀਆ 'ਤੇ ਨਜ਼ਰ ਰੱਖਣ ਵਾਲੀਆਂ ਸਰਕਾਰੀ ਅਤੇ ਗ਼ੈਰ ਸਰਕਾਰੀ ਏਜੰਸੀਆਂ ਇਸ ਵੇਲੇ ਕੀ ਕਰ ਰਹੀਆਂ ਹਨ? ਕੀ ਉਨ੍ਹਾਂ ਨੂੰ ਧਾਰਮਿਕ ਵਿਵਾਦਾਂ ਨੂੰ ਹਵਾ ਦਿੰਦੀਆਂ ਅਜਿਹੀਆਂ ਗਤੀਵਿਧੀਆਂ ਵਿਖਾਈ ਨਹੀਂ ਦੇ ਰਹੀਆਂ। ਇਸੇ ਤਰ੍ਹਾਂ ਧਾਰਮਿਕ ਆਗੂਆਂ 'ਤੇ ਵੀ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਉਹ ਇਨ੍ਹਾਂ ਘਟਨਾਵਾਂ ਖਿਲਾਫ਼ ਚੁਪ ਕਿਉਂ ਹਨ? ਇਸੇ ਤਰ੍ਹਾਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ 'ਤੇ ਵੀ ਸਵਾਲ ਖੜ੍ਹੇ ਹੁੰਦੇ ਹਨ ਕਿ ਉਹ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਠੋਸ ਕਦਮ ਚੁੱਕਣ 'ਚ ਦੇਰੀ ਕਿਉਂ ਕਰ ਰਹੀ ਹੈ। ਧਾਰਮਿਕ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਨੂੰ ਅਜਿਹੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਲਈ ਮੁਹਿੰਮ ਵਿੱਢਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਅਜਿਹੀ ਕਾਰਵਾਈ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਸੌ ਵਾਰ ਸੋਚੇ। ਅਜਿਹੇ ਅਨਸਰਾਂ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਕਰਵਾ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।