ਸਿੱਖ ਗੁਰੂਆਂ ਬਾਰੇ ਸੋਸ਼ਲ ਮੀਡੀਆ 'ਤੇ ਲਗਾਤਾਰ ਕਿਸੇ ਨਾ ਕਿਸੇ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ
ਕਰਨਾਲ: ਸਿੱਖ ਗੁਰੂਆਂ ਬਾਰੇ ਸੋਸ਼ਲ ਮੀਡੀਆ 'ਤੇ ਲਗਾਤਾਰ ਕਿਸੇ ਨਾ ਕਿਸੇ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਜਿਸ 'ਤੇ ਕਿਸੇ ਤਰ੍ਹਾਂ ਦੀ ਕੋਈ ਲਗਾਮ ਲੱਗਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਕਾਰਵਾਈ ਦੇ ਨਾਮ 'ਤੇ ਸਰਕਾਰਾਂ ਵਲੋਂ ਸਿਰਫ਼ ਖ਼ਾਨਾਪੂਰਤੀ ਹੀ ਕੀਤੀ ਜਾਂਦੀ ਹੈ ਜਿਸ ਦੇ ਚਲਦੇ ਕੁੱਝ ਸ਼ਰਾਰਤੀ ਅਨਸਰ ਹਮੇਸ਼ਾ ਸਿੱਖ ਗੁਰੂਆਂ ਬਾਰੇ ਗ਼ਲਤ ਟਿਪਣੀਆਂ ਕਰਦੇ ਹਨ।
ਇਸ ਦੀ ਇਕ ਤਾਜ਼ਾ ਉਦਾਹਰਣ ਕਰਨਾਲ ਤੋਂ ਆਈ ਹੈ ਜਿਥੇ ਵਿੱਕੀ ਸ਼ਰਮਾ ਨਾਮ ਦੇ ਇਕ ਵਿਅਕਤੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ ਹੈ ਅਤੇ ਸਿੱਖਾਂ ਅਤੇ ਸਿੱਖ ਬੀਬੀਆਂ ਬਾਰੇ ਵੀ ਬਹੁਤ ਗ਼ਲਤ ਲਿਖਤਾਂ ਲਿਖ ਕੇ ਫ਼ੇਸਬੁਕ 'ਤੇ ਕੁਮੈਂਟ ਕੀਤੇ ਗਏ ਜਿਸ ਨੂੰ ਪੜ੍ਹ ਕੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।
ਜਿਸ ਦੀ ਇਕ ਲਿਖਤ ਸ਼ਿਕਾਇਤ ਕਰਨਾਲ ਦੇ ਨੌਜਵਾਨ ਸਿੱਖ ਵੀਰਾਂ ਵਲੋਂ ਐਡਵੋਕੇਟ ਅੰਗਰੇਜ਼ ਸਿੰਘ ਪੰਨੂੰ ਦੀ ਅਗਵਾਈ ਹੇਠ ਕਰਨਾਲ ਡੀਐਸਪੀ ਸਿਟੀ ਵਰਿੰਦਰ ਸਿੰਘ ਨੂੰ ਦਿਤੀ ਗਈ ਜਿਸ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿਤਾ ਗਿਆ।
ਸਿੱਖ ਗੁਰੂਆਂ ਬਾਰੇ ਲਿਖੀ ਗਈ ਭੱਦੀ ਸ਼ਬਦਾਵਲੀ ਅਤੇ ਵਿੱਕੀ ਸ਼ਰਮਾ ਦੀ ਫ਼ੇਸਬੁਕ ਆਈ ਡੀ ਵੇਖਣ ਤੋਂ ਪਤਾ ਚਲਦਾ ਹੈ ਕਿ ਇਹ ਕੋਈ ਹਿੰਦੂ ਜਥੇਬੰਦੀ ਦਾ ਬੰਦਾ ਹੈ ਅਤੇ ਕਿਸੇ ਦੇ ਇਸ਼ਾਰੇ 'ਤੇ ਇਹ ਗ਼ਲਤ ਪੋਸਟਾਂ ਪਾ ਕੇ ਸਮਾਜ ਵਿਚ ਜ਼ਹਿਰ ਘੋਲਣ ਦਾ ਕੰਮ ਕਰ ਰਿਹਾ ਹੈ।
ਇਥੇ ਹਿੰਦੂ ਸਿੱਖ ਭਾਈਚਾਰੇ ਨੂੰ ਖ਼ਰਾਬ ਕਰਨ ਲਈ ਡੂੰਘੀ ਸਾਜ਼ਸ਼ ਅਧੀਨ ਕੰਮ ਕਰ ਰਿਹਾ ਹੈ। ਇਸ ਦੀ ਇਕ ਫ਼ੋਟੋ ਮੋਦੀ ਦੀ ਹਮਾਇਤ ਵਿਚ ਵੀ ਫ਼ੇਸਬੁੱਕ 'ਤੇ ਪੋਸਟ ਹੋਈ ਨਜ਼ਰ ਆਉਂਦੀ ਹੈ। ਕਰਨਾਲ ਪੁਲਿਸ ਵਲੋਂ ਜਾਂਚ ਕਰ ਕੇ ਇਸ 'ਤੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿਤਾ ਗਿਆ।