
ਸਿੱਧੂ ਨੇ ਅਪਣੇ ਨਾਲ ਚਾਰ ਅਨੁਭਵੀ ਸਲਾਹਕਾਰ ਲਾਏ
ਚੰਡੀਗੜ੍ਹ, 11 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਜਿਥੇ ਹੇਠਲੇ ਪੱਧਰ ਤਕ ਆਗੂਆਂ ਤੇ ਪਾਰਟੀ ਵਰਕਰਾਂ ਨੂੰ ਮਿਲਣ ਦਾ ਸਿਲਸਿਲਾ ਨਵਜੋਤ ਸਿੰਘ ਸਿੱਧੂ ਲਗਾਤਾਰ ਜਾਰੀ ਰੱਖ ਰਹੇ ਹਨ ਉਥੇ ਦੂਜੇ ਪਾਸੇ ਅਪਣੀ ਟੀਮ ਨੂੰ ਮਜ਼ਬੂਤ ਕਰਨ ਵੱਲ ਵੀ ਧਿਆਨ ਦੇ ਰਹੇ ਹਨ | ਭਾਵੇਂ ਪਾਰਟੀ ਹਾਈਕਮਾਨ ਨੇ ਉਨ੍ਹਾਂ ਨਾਲ ਸਹਾਇਤਾ ਲਈ ਚਾਰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਹਨ ਪਰ ਸਿੱਧੂ ਨੇ ਹੁਣ ਵੱਖ ਵੱਖ ਖੇਤਰਾਂ ਵਿਚ ਅਨੁਭਵ ਰੱਖਣ ਵਾਲੀਆਂ ਚਾਰ ਸ਼ਖ਼ਸੀਅਤਾਂ ਨੂੰ ਅਪਣੇ ਸਲਾਹਕਾਰਾਂ ਵਜੋਂ ਨਿਯੁਕਤ ਕੀਤਾ ਹੈ |
ਇਸ ਬਾਰੇ ਅੱਜ ਉਨ੍ਹਾਂ ਬਕਾਇਦਾ ਇਕ ਲਿਖਤੀ ਪੱਤਰ ਜਾਰੀ ਕਰ ਕੇ ਜਾਣਕਾਰੀ ਦਿਤੀ ਹੈ | ਜਿਹੜੇ ਚਾਰ ਸਲਾਹਕਾਰ ਸਿੱਧੂ ਨੇ ਬਣਾਏ ਹਨ ਹਨ ਉਨ੍ਹਾਂ ਵਿਚ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ, ਕਾਂਗਰਸੀ ਸੰਸਦ ਮੈਂਬਰ ਡਾ. ਅਮਰ ਸਿੰਘ, ਡਾ. ਪਿਆਰੇ ਲਾਲ ਗਰਗ ਅਤੇ ਮਾਲਵਿੰਦਰ ਸਿੰਘ ਮਾਲੀ ਸ਼ਾਮਲ ਹਨ | ਡੀ.ਜੀ.ਪੀ. ਰਹੇ ਮੁਹੰਮਦ ਮੁਸਤਫ਼ਾ ਦਾ ਨਾਂ ਸੱਭ ਨੂੰ ਹੈਰਾਨ ਕਰਨ ਵਾਲਾ ਹੈ | ਉਨ੍ਹਾਂ ਦਾ ਸੂਬੇ ਦੇ ਪੁਲਿਸ ਮੁਖੀ ਦਾ ਅਹੁਦਾ ਪਾਉਣ ਨੂੰ ਲੈ ਕੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਛੱਤੀ ਦਾ ਅੰਕੜਾ ਰਿਹਾ ਹੈ | ਉਹ ਹਾਈ ਕੋਰਟ ਵਿਚ ਵੀ ਸਰਕਾਰ ਵਿਰੁਧ ਲੜਾਈਲੜੇ | ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਇਸ ਸਮੇਂ ਕੈਬਨਿਟ ਮੰਤਰੀ ਹਨ | ਅਤਿਵਾਦ ਦੇ ਸਮੇਂ ਵੀ ਮੁਹੰਮਦ ਮੁਸਤਫ਼ਾ ਦਾ ਨਾਂ ਚਰਚਿਤ ਪੁਲਿਸ ਅਫ਼ਸਰਾਂ ਵਿਚ ਰਿਹਾ ਹੈ | ਪਰ ਪੁਲਿਸ ਵਿਚ ਉਨ੍ਹਾਂ ਦਾ ਹੇਠਲੇ ਪੱਧਰ ਤੋਂ ਲੈ ਕੇ ਉਪਰ ਤਕ ਵੱਡਾ ਤਜਰਬਾ ਹੈ |
ਦੂਜਾ ਮੁੱਖ ਨਾਂ ਸੰਸਦ ਮੈਂਬਰ ਡਾ. ਅਮਰ ਸਿੰਘ ਦਾ ਹੈ, ਜੋ ਇਕ ਸਾਬਕਾ ਆਈ.ਏ.ਐਸ. ਅਫ਼ਸਰ ਹਨ ਤੇ ਕਿਸੇ ਸਮੇਂ ਮੱਧ ਪ੍ਰਦੇਸ਼ ਵਿਚ ਮੁੱਖ ਮੰਤਰੀ ਦਫ਼ਤਰ ਵਿਚ ਪ੍ਰਮੁੱਖ ਸਕੱਤਰ ਰਹਿ ਚੁੱਕੇ ਹਨ | ਉਨ੍ਹਾਂ ਦਾ ਲੰਮਾ ਪ੍ਰਸ਼ਾਸਕੀ ਤਜਰਬਾ ਹੈ | ਤੀਜਾ ਨਾਂ ਡਾ. ਪਿਆਰੇ ਲਾਲ ਗਰਗ ਦਾ ਹੈ ਜੋ ਸਿਹਤ ਵਿਭਾਗ ਦੇ ਅਧਿਕਾਰੀ ਰਹੇ ਅਤੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਦੇ ਰਜਿਸਟਰਾਰ ਦੇ ਅਹੁਦੇ ਤੋਂ ਰਿਟਾਇਰ ਹੋਣ ਬਾਅਦ ਸਮਾਜਕ ਕਾਰਕੁਨ ਵਜੋਂ ਸਰਗਰਮ ਹਨ | ਸਿਹਤ ਖੇਤਰ ਵਿਚ ਉਨ੍ਹਾਂ ਦਾ ਚੰਗਾ ਤਜਰਬਾ ਹੈ | ਮੂਲ ਰੂਪ ਵਿਚ ਉਹ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਰਹੇ ਤੇ ਇਸ ਸਮੇਂ ਚੰਡੀਗੜ੍ਹ ਵਿਚ ਸਿੰਘ ਸਭਾ ਵਰਗੇ ਮੰਚ 'ਤੇ ਪੰਥਕ ਜਥੇਬੰਦੀਆਂ ਨਾਲ ਵੀ ਕੰਮ ਕਰ ਰਹੇ ਹਨ |
ਚੌਥਾ ਨਾਂ ਮਾਲਵਿੰਦਰ ਸਿੰਘ ਮਾਲੀ ਦਾ ਹੈ ਜੋ ਮੁਢਲੇ ਤੌਰ 'ਤੇ ਸਰਕਾਰੀ ਅਧਿਆਪਕ ਰਹੇ | ਪਰ ਕੈਪਟਨ ਦੀ ਪਿਛਲੀ ਸਰਕਾਰ ਸਮੇਂ ਉਹ ਡੈਪੂਟੇਸ਼ਨ ਉਪਰ ਮੀਡੀਆ ਟੀਮ ਵਿਚ ਕੰਮ ਕਰਦੇ ਰਹੇ | ਕਿਸੇ ਸਮੇਂ ਉਹ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਿਆਸੀ ਟੀਮ ਵਿਚ ਵੀ ਰਹੇ |
ਸ਼ੁਰੂ ਵਿਚ ਉਹ ਨਕਸਲੀ ਵਿਚਾਰਾਂ ਵਾਲੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸਨ ਅਤੇ ਬਾਅਦ ਵਿਚ ਅਤਿਵਾਦ ਦੇ ਦੌਰ ਸਮੇਂ ਖ਼ਾਲਿਸਤਾਨੀ ਵਿਚਾਰਧਾਰਾ ਵੱਲ ਮੋੜਾ ਕਟਦਿਆਂ ਸਰਗਰਮ ਰਹੇ ਪਰ ਬਾਅਦ ਵਿਚ ਸਰਕਾਰੀ ਨੌਕਰੀ ਤੋਂ ਬਾਅਦ ਵੱਖ ਵੱਖ ਪੜਾਵਾਂ ਵਿਚੋਂ ਗੁਜਰੇ ਤੇ ਇਸ ਸਮੇਂ ਘਰ ਹੀ ਬੈਠੇ ਸਨ |