
ਸੁਖਬੀਰ ਦੀ ਸੰਗਰੂਰ ਅੰਦਰਲੀਆਂ ਮੰਡੀਆਂ ਵਿਚਲੀ ਫੇਰੀ ਢੀਂਡਸਾ-ਬਾਦਲ ਦੇ ਕੁੜੱਤਣ ਵਾਲੇ ਮਾਹੌਲ ਵਿਚ ਮਿਠਾਸ ਨਾ ਭਰ ਸਕੀ
ਤਪਾ ਮੰਡੀ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕ ਸਭਾ ਹਲਕਾ ਸੰਗਰੂਰ ਦੇ ਖ਼ਰੀਦ ਕੇਂਦਰਾਂ ਵਿਚ ਕਿਸਾਨਾਂ ਦੀ ਸਾਰ ਲੈਣ ਮੋਕੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਡਸਾਂ ਨੂੰ ਨਾਲ ਰੱਖ ਕੇ ਅਪਣੀ ਪਾਰਟੀ ਅੰਦਰ ਉਠ ਰਹੀਆ ਬਾਗੀ ਸੁਰਾਂ ਨੂੰ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਪਿਛਲੇ ਦੋ ਮਹੀਨੇ ਪਹਿਲਾਂ ਸੁਖਦੇਵ ਸਿੰਘ ਢੀਡਸਾਂ ਸਕੱਤਰ ਜਨਰਲ ਅਕਾਲੀ ਦਲ ਵਲੋਂ ਅਪਣੀ ਸਿਹਤ ਨੂੰ ਆਧਾਰ ਬਣਾ ਕੇ ਦਿਤੇ ਅਸਤੀਫ਼ੇ ਤੋਂ ਬਾਅਦ ਪਾਰਟੀ ਅੰਦਰਂੋ ਹੀ ਉਠੇ ਬਗਾਵਤ ਦੇ ਧੂੰਏ ਉਪਰ ਕੁਝ ਪਾਣੀ ਦੇ ਛਿੱਟੇ ਮਾਰ ਕੇ ਬਗਾਵਤ ਨੂੰ ਠੰਡਾ ਕੀਤਾ ਜਾ ਸਕੇ,
ਪਰੰਤੂ ਪਾਰਟੀ ਪ੍ਰਧਾਨ ਦੀ ਮੰਡੀਆਂ ਵਿਚ ਛਾਣੀ ਖਾਕ ਦਾ ਕੋਈ ਬੁਹਤਾ ਫ਼ਾਇਦਾ ਪਾਰਟੀ ਨੂੰ ਮਿਲਿਆ ਵਿਖਾਈ ਨਾ ਦਿਤਾ। ਕਾਹਲੀ ਨਾਲ ਹਰੇਕ ਖ਼ਰੀਦ ਕੇਂਦਰ ਵਿਚ ਪੁੱਜੇ ਅਕਾਲੀ ਆਗੂਆਂ ਨੇ ਕਿਸਾਨਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਸੁਣਨ ਜਾਂ ਫੇਰ ਸੁਣੀਆ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਯਤਨ ਕਰਨ ਦੀ ਰੱਤੀ ਭਰ ਵੀ ਕੋਸ਼ਿਸ਼ ਨਹੀ ਕੀਤੀ ਕਿਉਂਕਿ ਅਕਾਲੀਆਂ ਦੇ ਖ਼ਰੀਦ ਕੇਂਦਰਾਂ ਵਿਚ ਪੁੱਜਣ ਮੋਕੇ ਸੁਰੱਖਿਆਂ ਦੇ ਮੱਦੇਨਜ਼ਰ ਸਿਵਾਏ ਪੁਲਿਸ ਦੇ ਕੋਈ ਵੀ ਖ਼ਰੀਦ ਨਾਲ ਸਬੰਧਤ ਧਿਰ ਜਾਂ ਏਜੰਸੀ ਨੇ ਕੇਂਦਰਾਂ ਵਿਚ ਦਸਤਕ ਨਾ ਦਿਤੀ। ਜਿਸ ਕਾਰਨ ਅਕਾਲੀ ਦਲ ਅਪਣੇ ਮਕਸਦ ਵਿਚ ਕਾਮਯਾਬ ਹੋਣ ਤਂੋ ਖੁੰਝ ਗਿਆ।
ਪਾਰਟੀ ਪ੍ਰਧਾਨ ਬਾਦਲ ਦੀ ਖਰੀਦ ਕੇਂਦਰਾਂ ਅੰਦਰ ਫੇਰੀ ਦੌਰਾਨ ਪਾਰਟੀ ਦੇ ਹੇਠਲੇ ਪੱਧਰ ਦੇ ਚਿੰਤਤ ਆਗੂ ਕਿਸਾਨਾਂ ਨੂੰ ਪਾਰਟੀ ਪ੍ਰਧਾਨ ਬਾਦਲ ਨੂੰ ਮਿਲਾਉਣ ਲਈ ਜੱਦੋ ਜਹਿੱਦ ਕਰਦੇ ਵਿਖਾਈ ਦਿਤੇ ਪਰੰਤੂ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਕਰਮੀਆਂ ਨੇ ਕਿਸਾਨਾਂ ਨੂੰ ਪਾਰਟੀ ਪ੍ਰਧਾਨ ਬਾਦਲ ਦੇ ਲਾਗੇ ਨਾ ਫੜਕਣ ਦਿਤਾ। ਜਿਸ ਕਾਰਨ ਕੁਝ ਮਿੰਟਾਂ ਦੀ ਬਾਦਲ ਫੇਰੀ ਤੋਂ ਬਾਅਦ ਕਿਸਾਨਾਂ ਦੀਆ ਆਸਾਂ ਵੀ ਅਕਾਲੀ ਦਲ ਪ੍ਰਤੀ ਨਕਾਰਤਮਕ ਨਜ਼ਰ ਆਈਆਂ।
ਉਧਰ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਡਸਾਂ ਦੇ ਸਰਗਰਮ ਸਿਆਸਤ ਵਿਚ ਦਿਤੇ ਅਸਤੀਫ਼ੇ ਅਤੇ ਸਰਕਾਰੀ ਸਮਾਗਮ ਵਿਚ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝੀ ਕੀਤੀ ਸਟੇਜ ਤਂੋ ਬਾਅਦ ਉਠੇ ਬਾਗੀ ਧੂੰਏ ਨੇ ਲੋਕ ਸਭਾ ਹਲਕਾ ਸੰਗਰੂਰ ਅੰਦਰ ਅਕਾਲੀ ਦਲ ਨੂੰ ਹਾਸ਼ੀਏ ਉਪਰ ਲਿਆ ਖੜਾ ਕੀਤਾ ਸੀ। ਬੇਅਦਬੀ ਅਤੇ ਬਹਿਬਲ ਕਲਾਂ ਘਟਨਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਾਰਨ ਘਿਰੇ ਬਾਦਲ ਪਰਿਵਾਰ ਨੇ ਸੰਗਰੂਰ ਲੋਕ ਸਭਾ ਸੀਟ ਉਪਰੋਂ ਅਪਣੇ ਘਟੇ ਆਧਾਰ ਨੂੰ ਮੁੜ ਸੁਰਜੀਤ ਕਰਨ ਦੇ ਮੱਦੇਨਜ਼ਰ ਹੀ ਮੰਡੀਆਂ ਵਿਚ ਦਸਤਕ ਦੇ ਕੇ ਢੀਡਸਾਂ ਪਰਿਵਾਰ ਦੇ ਸਾਬਕਾ ਖਜਾਨਾ ਮੰਤਰੀ ਢੀਡਸਾਂ
ਨੂੰ ਨਾਲ ਰੱਖ ਕੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਵਿਚ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਢੀਡਸਾਂ ਅਤੇ ਬਾਦਲ ਪਰਿਵਾਰ ਵਿਚ ਕੋਈ ਮਤਭੇਦ ਨਹੀਂ ਹਨ। ਪਰ ਢੀਡਸਾਂ ਪਰਿਵਾਰ ਵਲੋਂ ਲੋਕ ਸਭਾ ਦੀ ਟਿਕਟ ਲੈਣ ਤੋਂ ਪਹਿਲਾਂ ਹੀ ਪਿਛੇ ਖਿੱਚੇ ਹੱਥਾਂ ਨੇ ਅਕਾਲੀ ਦਲ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ। ਕਿ ਹਲਕੇ ਅੰਦਰ ਪਾਰਟੀ ਦੀ ਮੁੜ ਮਜ਼ਬੂਤੀ ਲਈ ਢੁੱਕਵੇ ਕਦਮ ਚੁੱਕੇ ਜਾਣ ਪਰ ਹੱਥ ਪੈਰ ਮਾਰ ਰਹੇ ਅਕਾਲੀ ਦਲ ਨੂੰ ਕੁਝ ਵੀ ਸੁਝ ਨਹੀਂ ਰਿਹਾ। ਜਿਸ ਕਾਰਨ ਹੀ ਅਕਾਲੀ ਦਲ ਵਲੋਂ ਉਠਾਇਆ ਹਰੇਕ ਕਦਮ ਹਨੇਰੇ ਵਿਚ ਤੀਰ ਛੱਡਣ ਦੇ ਬਰਾਬਰ ਜਾਪ ਰਿਹਾ ਹੈ।