
ਪੰਜਾਬ ਵਿਧਾਨ ਸਭਾ ਵਿਚ 20 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਹਲਕਾ ਦਾਖਾ ਤੋਂ ਮੈਂਬਰ ਹਰਵਿੰਦਰ ਸਿੰਘ ਫੂਲਕਾ ਨੇ........
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ 20 ਵਿਧਾਇਕਾਂ ਵਾਲੀ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਹਲਕਾ ਦਾਖਾ ਤੋਂ ਮੈਂਬਰ ਹਰਵਿੰਦਰ ਸਿੰਘ ਫੂਲਕਾ ਨੇ ਅੱਜ ਸਵੇਰੇ 10 ਵਜੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਮੁਲਾਕਾਤ ਕਰ ਕੇ, ਫਿਰ ਇਕ ਵਾਰ ਅਪਣੇ 12 ਅਕਤੂਬਰ ਦੇ ਅਸਤੀਫ਼ੇ ਦੀ ਤਾਈਦ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਅਸਤੀਫ਼ਾ ਜ਼ਰੂਰ ਮਨਜ਼ੂਰ ਕਰ ਲਿਆ ਜਾਵੇ। ਫੂਲਕਾ ਚੰਦ ਕੁ ਮਿੰਟਾਂ ਲਈ ਸਪੀਕਰ ਕੋਲ ਬੈਠੇ, ਚਾਹ ਦਾ ਕੱਪ ਪੀਤਾ ਅਤੇ ਅਲਵਿਦਾ ਕਹਿ ਗਏ।
ਸਪੀਕਰ ਰਾਣਾ ਕੇ.ਪੀ. ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਸ. ਫੂਲਕਾ ਦੀ ਹਾਜ਼ਰੀ ਵਿਚ ਦਸਿਆ
ਕਿ ਸ. ਫੂਲਕਾ ਦੇ ਸਦਨ ਨੂੰ ਛੱਡ ਦੇਣ 'ਤੇ ਇਕ ਤਜਰਬੇਕਾਰ, ਅਸਰਦਾਰ, ਕਾਨੂੰਨੀ ਮਾਹਰ ਅਤੇ ਸੱਚੇ-ਸੁੱਚੇ ਵਿਧਾਇਕ ਤੋਂ ਸਦਨ ਵਾਂਝਾ ਹੋ ਗਿਆ ਹੈ ਅਤੇ ਸਦਨ ਉਨ੍ਹਾਂ ਦੀ ਕਮੀ ਮਹਿਸੂਸ ਕਰੇਗਾ। ਰਾਣਾ ਕੇ.ਪੀ. ਸਿੰਘ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਚੁਣੇ ਹੋਏ ਵਿਧਾਇਕ ਵਲੋਂ ਦਿਤੇ ਅਸਤੀਫ਼ੇ ਦੀ ਨਿਯਮਾਂ ਮੁਤਾਬਕ ਤਫ਼ਤੀਸ਼ ਕਰਨੀ ਜ਼ਰੂਰੀ ਸੀ ਜੋ ਅੱਜ ਪੂਰੀ ਹੋ ਗਈ ਹੈ ਅਤੇ ਛੇਤੀ ਹੀ ਅਗਲੀ ਕਾਰਵਾਈ ਪੂਰੀ ਕਰ ਲਈ ਜਾਵੇਗੀ। ਸਪੀਕਰ ਦੇ ਚੈਂਬਰ ਵਿਚੋਂ ਬਾਹਰ ਆ ਕੇ ਸ. ਫੂਲਕਾ ਨੇ ਦਸਿਆ ਕਿ ਉਨ੍ਹਾਂ ਦੇ ਅਸਤੀਫ਼ੇ ਦੀ ਪ੍ਰਵਾਨਗੀ ਮਗਰੋਂ ਖ਼ਾਲੀ ਹੋਈ ਦਾਖਾ ਹਲਕੇ ਦੀ ਸੀਟ 'ਤੇ ਆਉਂਦੇ 6 ਮਹੀਨਿਆਂ ਅੰਦਰ ਹੋਣ ਵਾਲੀ ਜ਼ਿਮਨੀ ਚੋਣ ਲਈ ਉਹ
ਦੁਬਾਰਾ ਮੈਦਾਨ ਵਿਚ ਨਹੀਂ ਆਉਣਗੇ। ਲੁਧਿਆਣਾ ਦੀ ਲੋਕ ਸਭਾ ਸੀਟ ਲਈ 2019 ਵਿਚ ਚੋਣ ਲੜਨ ਵਾਸਤੇ ਆਪ ਦੀ ਟਿਕਟ ਸਬੰਧੀ ਹਰਵਿੰਦਰ ਸਿੰਘ ਫੂਲਕਾ ਨੇ ਸਪਸ਼ਟ ਕੀਤਾ ਕਿ ਉਹ ਇਰਾਦਾ ਤਾਂ ਰੱਖਦੇ ਹਨ ਪਰ ਪਾਰਟੀ ਹੀ ਇਸ ਬਾਰੇ ਫ਼ੈਸਲਾ ਕਰੇਗੀ। ਜ਼ਿਕਰਯੋਗ ਹੈ ਕਿ 12 ਅਕਤੂਬਰ ਨੂੰ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਪੰਜਾਬੀ ਵਿਚ ਲਿਖੀ ਤਿੰਨ ਸਫ਼ਿਆਂ ਦੀ ਚਿੱਠੀ ਵਿਚ ਸ. ਫੂਲਕਾ ਨੇ ਕਾਂਗਰਸ ਸਰਕਾਰ ਤੇ ਵਿਸ਼ੇਸ਼ ਕਰ ਕੇ ਪੰਜ ਮੰਤਰੀਆਂ ਸੁਖਜਿੰਦਰ ਰੰਧਾਵਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਬਾਜਵਾ ਤੇ ਚਰਨਜੀਤ ਚੰਨੀ 'ਤੇ ਦੋਸ਼ ਲਾਇਆ ਸੀ
ਕਿ ਬੇਅਦਬੀ ਦੇ ਮਾਮਲਿਆਂ 'ਤੇ 8 ਘੰਟੇ ਦੀ ਬਹਿਸ ਦੌਰਾਨ ਵਿਧਾਨ ਸਭਾ ਵਿਚ ਬਾਦਲਾਂ, ਸਿਰਸਾ ਡੇਰਾ ਮੁਖੀ ਦੇ ਪ੍ਰੇਮੀਆਂ ਅਤੇ ਸੁਮੇਧ ਸੈਣੀ ਵਿਰੁਧ ਤੁਰਤ ਫ਼ੌਜਦਾਰੀ ਮੁਕੱਦਮੇ ਦਰਜ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਤਕ ਸਰਕਾਰ ਨੇ ਕੁੱਝ ਨਹੀਂ ਕੀਤਾ। ਇਨ੍ਹਾਂ 5 ਮੰਤਰੀਆਂ ਦੇ ਵੀ ਅਸਤੀਫ਼ੇ ਦੀ ਮੰਗ ਕਰਦਿਆਂ ਅੱਜ ਫਿਰ ਸ. ਫੂਲਕਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਿਰਫ਼ ਸਿਆਸੀ ਲਾਹਾ ਖੱਟਿਆ, ਕੀਤਾ ਕੁੱਝ ਨਹੀਂ ਅਤੇ ਕੇਵਲ ਕਾਂਗਰਸ ਨੇ ਵੀ ਬਾਦਲਾਂ ਵਾਂਗ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਖਿਲਵਾੜ ਹੀ ਕੀਤਾ।
ਪਰਸੋਂ 13 ਦਸੰਬਰ ਨੂੰ ਸ਼ੁਰੂ ਹੋਣ ਵਾਲੇ ਤਿੰਨ ਰੋਜ਼ਾ ਸਰਦ ਰੁੱਤ ਦੇ ਇਜਲਾਸ ਵਿਚ ਹੁਣ ਵਿਧਾਨ ਸਭਾ ਵਿਚ ਆਪ ਵਿਧਾਇਕਾਂ ਦੀ ਗਿਣਤੀ 20 ਤੋਂ ਘੱਟ ਕੇ 19 ਰਹਿ ਜਾਵੇਗੀ। ਆਪ ਦੀ ਹਾਈ ਕਮਾਂਡ ਨੇ ਦੋ ਸੀਨੀਅਰ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੂੰ ਮੁਅੱਤਲ ਕੀਤਾ ਹੋਇਆ, ਇਸ ਤਰ੍ਹਾ ਇਹ ਗਿਣਤੀ 19 ਤੋਂ ਘੱਟ ਕੇ 17 ਰਹਿਣ ਨਾਲ ਬਤੌਰ ਵਿਰੋਧੀ ਧਿਰ ਦੀ ਹੋਂਦ ਦਾ ਖ਼ਤਰਾ ਆਪ ਨੂੰ ਹੋ ਸਕਦਾ ਹੈ। ਅਕਾਲੀ ਬੀਜੇਪੀ ਗਠਜੋੜ ਦੇ ਵੀ 17 ਵਿਧਾਇਕ ਹਨ।