
ਇਨਸਾਫ਼ ਮਾਰਚ ਨੂੰ ਅਪਣੇ ਮੋਢਿਆਂ ਉਪਰ ਲੈ ਕੇ ਲੋਕਾਂ ਵਿਚਕਾਰ ਜਾ ਰਹੇ ਆਮ ਆਦਮੀ ਪਾਰਟੀ (ਆਪ) ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜ਼ਿਲ੍ਹਾ ਬਰਨਾਲਾ........
ਤਪਾ ਮੰਡੀ : ਇਨਸਾਫ਼ ਮਾਰਚ ਨੂੰ ਅਪਣੇ ਮੋਢਿਆਂ ਉਪਰ ਲੈ ਕੇ ਲੋਕਾਂ ਵਿਚਕਾਰ ਜਾ ਰਹੇ ਆਮ ਆਦਮੀ ਪਾਰਟੀ (ਆਪ) ਦੇ ਬਾਗ਼ੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜ਼ਿਲ੍ਹਾ ਬਰਨਾਲਾ ਵਿਚਲੇ ਪਿੰਡ ਪੱਖੋ ਕਲਾਂ ਵਿਖੇ ਪੁੱਜਣ 'ਤੇ ਕਾਂਗਰਸ ਦੇ ਦੋ ਮੰਤਰੀਆਂ ਵਲੋਂ ਪਿਛਲੇ ਦਿਨੀਂ ਬਰਗਾੜੀ ਮੋਰਚਾ ਸਮਾਪਤ ਕਰਵਾਉਣ ਲਈ ਦਿਤੇ ਭਰੋਸੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਜਿਸ ਸਰਕਾਰ ਦਾ ਮੁੱਖ ਮੰਤਰੀ ਲੋਕਾਂ ਦੇ ਸਾਹਮਣੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁਕਰ ਗਿਆ ਹੋਵੇ ਉਸ ਦੀ ਸਰਕਾਰ ਦੇ ਮੰਤਰੀਆਂ ਉਤੇ ਇਨਸਾਫ਼ ਮਿਲਣ ਦਾ ਲੋਕ ਕਿਵੇਂ ਭਰੋਸਾ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਗੋਲੀ ਕਾਂਡ ਦਾ ਇਨਸਾਫ਼ ਲੈਣ ਲਈ 16 ਦਸੰਬਰ ਨੂੰ ਠੋਸ ਰਣਨੀਤੀ ਬਣਾ ਕੇ ਲੜਾਈ ਲੜੀ ਜਾਵੇਗੀ ਅਤੇ ਜੋ ਮੁਕਾਮ ਤਕ ਲੈ ਜਾਣ ਤਕ ਜਾਰੀ ਰਹੇਗੀ। ਬਾਦਲ ਪਰਵਾਰ ਵਲੋਂ ਮੰਗੀ ਮੁਆਫ਼ੀ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਮੁਆਫ਼ੀ ਅਣਜਾਣੇ ਵਿਚ ਹੋਈਆਂ ਗ਼ਲਤੀਆਂ ਦੀ ਮੰਗੀ ਜਾਂਦੀ ਹੈ ਮਿੱਥ ਕੇ ਕੀਤੇ ਗੁਨਾਹਾਂ ਦੀ ਨਹੀਂ, ਇਸ ਲਈ ਪੰਜਾਬ ਦੇ ਅਣਖੀਲੇ ਲੋਕ ਬਾਦਲ ਪਰਵਾਰ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਭਵਿੱਖ ਵਿਚ ਨਵੀਂ ਪਾਰਟੀ ਬਣਾ ਕਿ ਲੋਕ ਸਭਾ ਚੋਣ ਲੜਨ ਸਬੰਧੀ ਪੁੱਛੇ ਜਾਣ 'ਤੇ ਵਿਧਾਇਕ ਖਹਿਰਾ ਨੇ ਕਿਹਾ ਕਿ ਮੈਂ ਫ਼ਿਲਹਾਲ ਇਸ ਬਾਰੇ ਕੁੱਝ ਨਹੀਂ ਕਹਿ ਸਕਦਾ
ਪਰ ਫਿਰ ਵੀ ਜੇ ਪੰਜਾਬ ਦੇ ਇਨਸਾਫ਼ ਪਸੰਦ ਲੋਕ ਤੇ ਸਾਡੀ ਟੀਮ ਮੈਨੂੰ ਕਿਸੇ ਥਾਂ ਤੋਂ ਚੋਣ ਲੜਾਉਣਾ ਚਾਹੁਣਗੇ ਤਾਂ ਉਹ ਪੰਜਾਬ ਨੂੰ ਬਚਾਉਣ ਲਈ ਲੋਕ ਸਭਾ ਲੜਨ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਵਿਧਾਇਕ ਜਗਦੇਵ ਸਿੰਘ ਕਮਾਲੂ, ਵਿਧਾਇਕ ਬਲਦੇਵ ਸਿੰਘ ਜੈਤੋ, ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਪਿਰਮਲ ਸਿੰਘ ਖ਼ਾਲਸਾ ਨੇ ਸੰਬੋਧਨ ਕਰਦਿਆਂ 16 ਦਸੰਬਰ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਟਿਆਲੇ ਪਹੁੰਚਣ ਦੀ ਅਪੀਲ ਕੀਤੀ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਢਿਲੋਂ, ਦਵਿੰਦਰ ਸਿੰਘ ਬੀਹਲਾ ਸਿਆਸੀ ਸਕੱਤਰ ਸੁਖਪਾਲ ਸਿੰਘ ਖਹਿਰਾ, ਨਵਜੋਤ ਕੌਰ ਲੰਬੀ ਅਤੇ ਜਗਤਾਰ ਸਿੰਘ ਤਾਰੀ ਤੇ ਹਰਦੇਵ ਸਿੰਘ ਰੂੜੇਕੇ ਆਦਿ ਹਾਜ਼ਰ ਸਨ।