
ਪੁੱਛਗਿੱਛ ਤੋਂ ਬਾਅਦ ਬਾਦਲ ਨੇ ਪੱਤਰਕਾਰਾਂ ਨਾਲ ਨਹੀਂ ਕੀਤੀ ਗੱਲਬਾਤ
ਚੰਡੀਗੜ੍ਹ - ਸਾਲ 2015 ਦੇ ਕੋਟਕਪੂਰਾ ਪੁਲਿਸ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ।
ਹਾਲਾਂਕਿ ਬਾਦਲ ਨੇ ਪੁੱਛਗਿੱਛ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬਾਦਲ ਸਵੇਰੇ ਕਰੀਬ 11.40 ਵਜੇ ਪੰਜਾਬ ਪੁਲਿਸ ਅਫ਼ਸਰਜ਼ ਇੰਸਟੀਚਿਊਟ ਵਿਖੇ ਪੁੱਜੇ।
ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਐਲ.ਕੇ. ਯਾਦਵ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ ਬਾਦਲ ਨੂੰ ਸੋਮਵਾਰ ਨੂੰ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਸੀ।
2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਦੇ ਰੋਸ ਵਜੋਂ ਫ਼ਰੀਦਕੋਟ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਸਨ, ਉਦੋਂ ਬਾਦਲ ਪੰਜਾਬ ਦੇ ਉਪ-ਮੁੱਖ ਮੰਤਰੀ ਸਨ ਅਤੇ ਗ੍ਰਹਿ ਮੰਤਰਾਲਾ ਦਾ ਚਾਰਜ ਵੀ ਸੰਭਾਲ ਰਹੇ ਸਨ।
ਇਹ ਘਟਨਾਵਾਂ ਫ਼ਰੀਦਕੋਟ ਦੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਚੋਰੀ, ਬੇਅਦਬੀ ਕਰਨ ਵਾਲੇ ਹੱਥ ਲਿਖਤ ਪੋਸਟਰ ਲਗਾਉਣ ਅਤੇ ਪਵਿੱਤਰ ਗ੍ਰੰਥ ਦੇ ਪੰਨਿਆਂ ਨੂੰ ਖਿਲਾਰ ਕੇ ਕੀਤੀ ਬੇਅਦਬੀ ਨਾਲ ਸੰਬੰਧਿਤ ਹਨ।
ਪੁਲਿਸ ਗੋਲੀਬਾਰੀ ਵਿੱਚ ਬਹਿਬਲ ਕਲਾਂ ਵਿਖੇ ਦੋ ਵਿਅਕਤੀ ਮਾਰੇ ਗਏ ਸੀ ਅਤੇ ਕੋਟਕਪੂਰਾ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਸੀ।
ਇਸ ਤੋਂ ਪਹਿਲਾਂ ਐਸ.ਆਈ.ਟੀ. 14 ਸਤੰਬਰ ਨੂੰ ਬਾਦਲ ਤੋਂ ਪੁੱਛਗਿੱਛ ਕੀਤੀ ਸੀ, ਅਤੇ ਉਸ ਤੋਂ ਪਹਿਲਾਂ ਪਿਛਲੇ ਸਾਲ 26 ਜੂਨ ਨੂੰ ਪੁੱਛਗਿੱਛ ਕੀਤੀ ਗਈ ਸੀ।
6 ਸਤੰਬਰ 2015 ਦੇ ਬਹਿਬਲ ਕਲਾਂ ਪੁਲਿਸ ਗੋਲੀਬਾਰੀ ਮਾਮਲੇ ਵਿੱਚ ਪੁਲਿਸ ਦੇ ਇੰਸਪੈਕਟਰ ਜਨਰਲ ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਇੱਕ ਹੋਰ ਐਸ.ਆਈ.ਟੀ. ਨੇ ਵੀ ਅਕਾਲੀ ਦਲ ਦੇ ਪ੍ਰਧਾਨ ਤੋਂ ਪੁੱਛਗਿੱਛ ਕੀਤੀ ਸੀ।
ਯਾਦਵ ਦੀ ਅਗਵਾਈ ਵਾਲੀ ਐਸ.ਆਈ.ਟੀ. ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਹੈ, ਅਤੇ ਨੌਨਿਹਾਲ ਦੀ ਅਗਵਾਈ ਵਾਲੀ ਐਸ.ਆਈ.ਟੀ. ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਹੈ।