ਸਮੀਪ ਕੰਗ 'ਗੋਲਗੱਪੇ' ਵਿੱਚ 5ਵੀਂ ਵਾਰ ਬਿੰਨੂ ਢਿੱਲੋਂ ਨਾਲ ਮੁੜ ਇਕੱਠੇ ਨਜ਼ਰ ਆਉਣਗੇ।
ਚੰਡੀਗੜ੍ਹ - 2022 ਵਿਚ 'ਕਿਸਮਤ 2', 'ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ', 'ਫੁੱਫੜ ਜੀ' ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੀ ਸਫ਼ਲਤਾ ਤੋਂ ਬਾਅਦ ਹੁਣ ਜ਼ੀ ਸਟੂਡੀਓਜ਼ ਇੱਕ ਹੋਰ ਬਲਾਕਬਸਟਰ ਫ਼ਿਲਮ 'ਗੋਲਗੱਪੇ' ਰਿਲੀਜ਼ ਕਰਨ ਜਾ ਰਿਹਾ ਹੈ। ਇਹ ਫਿਲਮ 17 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਹ ਪੰਜਾਬੀ ਫ਼ਿਲਮ ਇੰਡਸਟਰੀ 'ਤੇ ਭਾਰੀ ਪੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫਰਵਰੀ, ਲੋਹੜੀ ਦੇ ਪਵਿੱਤਰ ਮੌਕੇ 'ਤੇ ਮੀਡੀਆ ਸਮੂਹ ਨੇ ਆਉਣ ਵਾਲੀ ਪੰਜਾਬੀ ਫਿਲਮ 'ਗੋਲਗੱਪੇ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਫਿਲਮ ਸਮੀਪ ਕੰਗ ਦੇ ਨਿਰਦੇਸ਼ਨ ਵਿਚ 17 ਫਰਵਰੀ 2023 ਨੂੰ ਰਿਲੀਜ਼ ਹੋਵੇਗੀ ਅਤੇ ਜ਼ੀ ਸਟੂਡੀਓਜ਼ ਦੁਆਰਾ ਟ੍ਰਿਫਲਿਕਸ ਐਂਟਰਟੇਨਮੈਂਟ ਐਲਐਲਪੀ, ਸੋਹਮ ਰੌਕਸਟਾਰ ਪ੍ਰਾਈਵੇਟ ਲਿਮਟਿਡ ਅਤੇ ਜਾਨਵੀ ਪ੍ਰੋਡਕਸ਼ਨਸ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।
ਇਹ ਫਿਲਮ ਤਿੰਨ ਸੁਨਹਿਰੀ ਦਿਲਾਂ ਵਾਲੇ ਕਿਰਦਾਰਾਂ 'ਤੇ ਅਧਾਰਤ ਹੈ ਜੋ ਸ਼ਾਰਟਕੱਟ ਦੁਆਰਾ ਪੈਸਾ ਕਮਾਉਣ ਲਈ ਇੱਕ ਵਿਲੱਖਣ ਯੋਜਨਾ ਤਿਆਰ ਕਰਦੇ ਹਨ ਪਰ ਮੁਸੀਬਤ ਵਿਚ ਫਸ ਜਾਂਦੇ ਹਨ। ਇਸ ਫਿਲਮ 'ਚ ਬਿੰਨੂ ਢਿੱਲੋਂ, ਰਜਤ ਬੇਦੀ, ਬੀ.ਐੱਨ. ਸ਼ਰਮਾ, ਨਵਨੀਤ ਢਿੱਲੋਂ, ਇਹਾਨਾ ਢਿੱਲੋਂ, ਦਿਲਾਵਰ ਸਿੱਧੂ ਮੁੱਖ ਭੂਮਿਕਾਵਾਂ ਵਿਚ ਹਨ। ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਪਹਿਲਾਂ ਹੀ 'ਕੈਰੀ ਆਨ ਜੱਟਾ', 'ਵਧਾਈਆਂ ਜੀ ਵਧਾਈਆਂ', 'ਲੱਕੀ ਦੀ ਅਨਲਕੀ ਸਟੋਰੀ' ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਨਾਲ ਆਪਣਾ ਜਾਦੂ ਚਲਾ ਚੁੱਕੇ ਹਨ। ਦਿਲਚਸਪ ਗੱਲ ਇਹ ਹੈ ਕਿ ਸਮੀਪ ਕੰਗ 'ਗੋਲਗੱਪੇ' ਵਿੱਚ 5ਵੀਂ ਵਾਰ ਬਿੰਨੂ ਢਿੱਲੋਂ ਨਾਲ ਮੁੜ ਇਕੱਠੇ ਨਜ਼ਰ ਆਉਣਗੇ।