ਰੰਗਲੇ ਪੰਜਾਬ ਦਾ ਟੁਟਿਆ ਪਿਆ ਹੈ ਲੱਕ
ਅੱਜ ਦਾ ਪੰਜਾਬ ਪਹਿਲੇ ਪੰਜਾਬ ਨਾਲੋਂ ਕੋਹਾਂ ਮੀਲ ਪਿੱਛੇ ਰਹਿ ਗਿਆ
ਕੋਟਕਪੂਰਾ, 12 ਜਨਵਰੀ (ਗੁਰਿੰਦਰ ਸਿੰਘ) : ਰਿਗ-ਵੇਦ' ਅਨੁਸਾਰ 7 ਦਰਿਆਵਾਂ (ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ, ਸਰਸਵਤੀ ਅਤੇ ਸਿੰਧੂ) ਦੀ ਹਿੱਕ 'ਤੇ ਉਕਰਿਆ ਨਾਮ 'ਸਪਤ ਸਿੰਧੂ' ਪੰਜਾਬ ਦਾ ਮੁਢਲਾ ਨਾਂਅ ਹੈ | ਮਹਾਂਭਾਰਤ ਤੇ ਪੁਰਾਣਾ ਵਿਚ ਪੰਜਾਬ ਨੂੰ 'ਪੰਚਨਦਾ' ਭਾਵ ਪੰਜ ਦਰਿਆਵਾਂ (ਸਤਲੁਜ, ਬਿਆਸ, ਰਾਵੀ, ਝੁਨਾਬ ਤੇ ਜੇਹਲਮ) ਦੀ ਧਰਤੀ ਕਹਿਣ ਦਾ ਜ਼ਿਕਰ ਵੀ ਮਿਲਦਾ ਹੈ | ਗੁਰੂਆਂ, ਪੀਰਾਂ ਤੇ ਫ਼ਕੀਰਾਂ ਦੀ ਧਰਤੀ ਪੰਜਾਬ ਨੂੰ ਮੁਗ਼ਲਾਂ ਦੇ ਰਾਜ ਸਮੇਂ 'ਸੂਬਾ-ਏ-ਲਾਹੌਰ' ਵੀ ਕਿਹਾ ਜਾਂਦਾ ਸੀ ਪਰ ਅੱਜ ਦਾ ਪੰਜਾਬ, ਉਸ ਪੰਜਾਬ ਤੋਂ ਕੋਹਾਂ ਮੀਲ ਪਿੱਛੇ ਰਹਿ ਗਿਆ ਹੈ ਤੇ ਰੰਗਲੇ ਪੰਜਾਬ ਦਾ ਲੱਕ ਟੁਟਿਆ ਪਿਆ ਹੈ, ਜਦੋਂਕਿ ਇਸ ਤੋਂ ਟੁਟ ਕੇ ਹੋਂਦ ਵਿਚ ਆਏ ਰਾਜ ਕਾਫ਼ੀ ਅੱਗੇ ਨਿਕਲ ਚੁੱਕੇ ਹਨ |
ਪੰਜਾਬ ਦੇ ਹੁਕਮਰਾਨਾਂ ਨੇ ਅੱਜ ਦੇ ਪੰਜਾਬ ਨੂੰ ਲੁੱਟ ਲਿਆ ਹੈ, ਅੱਜ ਪੰਜਾਬ ਦੇ ਖ਼ਜ਼ਾਨੇ ਖ਼ਾਲੀ ਹਨ | ਮਜ਼ਦੂਰ ਵਿਲਕ ਰਹੇ ਹਨ, ਭਾਰਤ ਭਰ 'ਚ ਸੱਭ ਤੋਂ ਘੱਟ ਮਜ਼ਦੂਰੀ ਉਨ੍ਹਾਂ ਦਾ ਮੂੰਹ ਚਿੜਾ ਰਹੀ ਹੈ | ਧੀਆਂ/ਭੈਣਾਂ ਦੀ ਰਖਿਆ ਲਈ ਜਾਣੇ ਜਾਂਦੇ ਪੰਜਾਬ 'ਚ ਅੱਜ ਔਰਤਾਂ ਸੁਰੱਖਿਅਤ ਨਹੀਂ ਹਨ | ਲੀਡਰ ਭਿ੍ਸ਼ਟ, ਗੰਦੇ, ਬਾਬਾਵਾਦ ਨੂੰ ਬੜ੍ਹਾਵਾ ਦੇਣ ਵਾਲੇ, ਲੋਕਾਂ ਨੂੰ ਆਪਸ 'ਚ ਲੜਾਉਣ ਵਾਲੇ ਤੇ ਲੁਟੇਰੇ ਸਾਬਤ ਹੋ ਰਹੇ ਹਨ |
ਗੰਦੀ ਰਾਜਨੀਤੀ, ਮਾੜਾ ਵਿਦਿਅਕ ਮਿਆਰ, ਘਟੀਆ ਸਿਹਤ ਸਹੂਲਤਾਂ, ਨਸ਼ੇ, ਬੇਰੁਜ਼ਗਾਰੀ, ਖ਼ੁਦਕੁਸ਼ੀਆਂ, ਲਚਰ ਸੰਗੀਤ ਆਦਿ ਸਮੱਸਿਆਵਾਂ ਨਾਲ ਅੱਜ ਇਹ 'ਰੰਗਲਾ ਪੰਜਾਬ' ਜ਼ਰਜਰਾ ਹੋ ਗਿਆ ਹੈ | ਪੰਜਆਬਾਂ ਦੀ ਧਰਤੀ ਪੰਜਾਬ ਦੀ ਸਲਤਨਤ ਦਾ ਝੰਡਾ ਕਿਸੇ ਸਮੇਂ ਸੱਚਮੁੱਚ ਹੀ ਹਿੰਦੁਸਤਾਨੀ ਸਰਜ਼ਮੀਨ ਦੇ ਉਤੇ ਸ਼ਾਨ ਦੇ ਨਾਲ ਲਹਿਰਾਉਂਦਾ ਸੀ, ਉਸ ਸਮੇਂ ਦਾ ਪੰਜਾਬ ਸੱਚਮੁੱਚ ਹੀ ਰੰਗਲਾ ਪੰਜਾਬ ਸੀ | ਪੰਜਾਬ ਦਾ ਮੁੱਖ ਭੂਗੋਲਿਕ ਖੇਤਰ ਪੱਛਮ 'ਚ ਖੈਬਰ ਦੱਰੇ ਤਕ, ਉਤਰ 'ਚ ਕਸ਼ਮੀਰ, ਦੱਖਣ 'ਚ ਸਿੰਧ ਅਤੇ ਪੂਰਬ 'ਚ ਤਿੱਬਤ ਤਕ ਸੀ, ਬਹੁਤ ਹੀ ਵਿਸ਼ਾਲ ਸੀ ਰੰਗਲਾ ਪੰਜਾਬ, ਰੰਗਲੇ ਪੰਜਾਬ ਹੋੋੋਣ ਦਾ ਕਾਰਨ ਸੀ ਉਸ ਸਮੇਂ ਦੀ ਸਰਕਾਰ ਦੀ ਨੀਅਤ, ਦੂਰਦਿ੍ਸ਼ਟੀ ਅਤੇ ਸਰਕਾਰ ਦੀਆਂ ਨੀਤੀਆਂ | ਉਸ ਸਮੇਂ ਪੰਜਾਬ ਨੂੰ ਸੋਨੇ ਦੀ ਚਿੜੀ ਵੀ ਕਿਹਾ ਜਾਂਦਾ ਸੀ, ਕਿਉਂਕਿ ਪੰਜਾਬ ਦਾ ਆਰਥਕ ਪੱਧਰ ਬਹੁਤ ਉੱਚ ਦਰਜੇ ਦਾ ਸੀ | ਪੰਜਾਬ ਦੇ ਲੋਕ ਆਰਥਕ ਪੱਖੋਂ ਬਹੁਤ ਖ਼ੁਸ਼ਹਾਲ ਸਨ | ਜ਼ਿਆਦਾਤਰ ਲੋਕ ਸਿਖਿਅਤ ਸਨ, ਖ਼ਾਲਸਾ ਰਾਜ 'ਚ ਹਰ ਬਸ਼ਿੰਦੇ ਨੂੰ ਸੰਪੂਰਨ ਰੁਜ਼ਗਾਰ ਪ੍ਰਾਪਤ ਸੀ ਤੇ ਲੋਕ ਮਿਹਨਤਕਸ਼ ਸਨ ਪਰ ਖ਼ਾਲਸਾ ਰਾਜ ਤੋਂ ਬਾਅਦ ਅੰਗਰੇਜ਼ੀ ਹਕੂਮਤ ਨੇ ਪੰਜਾਬ ਨੂੰ ਗ਼ਰੀਬੀ ਅਤੇ ਹਨ੍ਹੇਰੇ ਦੀ ਦਲਦਲ 'ਚ ਧੱਕਣ ਲਈ ਅਹਿਮ ਯੋਗਦਾਨ ਦਿਤਾ |
ਪੰਜਾਬ ਦੇ ਲੋਕਾਂ ਤੋਂ ਸਿਖਿਆ ਖੋਹ ਕੇ ਉਨ੍ਹਾਂ ਨੂੰ ਅਨਪੜ੍ਹ ਬਣਾ ਕੇ ਅਪਾਹਜ਼ ਕਰ ਦਿਤਾ ਗਿਆ, ਆਜ਼ਾਦੀ ਦਾ ਸੂਰਜ ਚੜ੍ਹਦੇ-ਚੜ੍ਹਦੇ ਪੰਜਾਬ ਅਤੇ ਪੰਜਾਬੀਅਤ ਘੋਰ ਗ਼ਰੀਬੀ 'ਚ ਫਸ ਚੁੱਕੀ ਸੀ | ਜੇਕਰ ਗੱਲ ਅੱਜ ਦੇ ਮੌਜੂਦਾ ਪੰਜਾਬ ਦੀ ਕਰੀਏ ਤਾਂ ਹਾਲਾਤ ਬਹੁਤ ਹੀ ਖ਼ਤਰਨਾਕ ਹਨ | ਆਜ਼ਾਦੀ ਤੋਂ ਬਾਅਦ ਸਰਕਾਰਾਂ ਦੀਆਂ ਨੀਤੀਆਂ ਅਤੇ ਕੋਸ਼ਿਸ਼ਾਂ ਇਸ ਤਰ੍ਹਾਂ ਦੀਆਂ ਰਹੀਆਂ ਹਨ ਕਿ ਪੰਜਾਬ ਪੂਰੀ ਤਰ੍ਹਾਂ ਗ਼ਰੀਬੀ, ਅਨਪੜ੍ਹਤਾ ਅਤੇ ਕਮਜ਼ੋਰ ਆਰਥਕ ਪੱਖ ਤੋਂ ਕਦੇ ਵੀ ਉੱਭਰ ਹੀ ਨਹੀਂ ਸਕਿਆ ਹੈ |
ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਅੱਜ ਸਾਡੇ ਪੰਜਾਬ ਸਿਰ ਹਜ਼ਾਰਾਂ ਕਰੋੜਾਂ ਰੁਪਏ ਦਾ ਕਰਜ਼ਾ ਹੈ | ਸੂਬੇ 'ਤੇ ਕਰਜ਼ੇ ਦੀ ਪੰਡ ਹੋਰ ਜ਼ਿਆਦਾ ਭਾਰੀ ਹੋ ਗਈ | ਪੰਜਾਬ ਦੀ ਆਰਥਿਕਤਾ ਇਸ ਵੇਲੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ, ਰੁਪਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ, ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ | ਅੱਜ ਦੇ ਪੰਜਾਬ 'ਚ ਮਹਿੰਗਾਈ, ਬੇਰੁਜ਼ਗਾਰੀ ਅਤੇ ਆਰਥਕ ਸਮਾਨਤਾ 'ਚ ਜ਼ਮੀਨ-ਅਸਮਾਨ ਦਾ ਫ਼ਰਕ ਹੈ, ਅਮੀਰ ਦਿਨੋ-ਦਿਨ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗ਼ਰੀਬ ਦਿਨੋ-ਦਿਨ ਗ਼ਰੀਬ ਹੁੰਦਾ ਜਾ ਰਿਹਾ ਹੈ | ਮੱਧ ਵਰਗ ਦੀ ਸਥਿੱਤੀ ਵੀ ਡਾਵਾਂਡੋਲ ਹੁੰਦੀ ਜਾ ਰਹੀ ਹੈ | ਮਿਹਨਤਕਸ਼ ਗ਼ਰੀਬ ਲੋਕਾਂ ਨੂੰ ਦੋ ਵਕਤ ਦੀ ਰੋਟੀ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ | ਪੰਜਾਬ ਦੇ ਜੁਝਾਰੂ ਲੋਕਾਂ ਨੂੰ ਮੁਫ਼ਤ ਦੀ ਬਿਜਲੀ, ਆਟਾ-ਦਾਲ, ਮੁਫ਼ਤ ਬੱਸਾਂ ਦੇ ਸਫ਼ਰ ਦੀ ਜ਼ਰੂਰਤ ਹੀ ਨਹੀਂ, ਜੇਕਰ ਉਨ੍ਹਾਂ ਨੂੰ ਸੰਪੂਰਨ ਰੁਜ਼ਗਾਰ ਮਿਲ ਜਾਵੇ | ਬੇਰੁਜ਼ਗਾਰੀ ਦੇ ਭੰਨੇ ਹੋਏ ਨੌਜਵਾਨ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੇ ਹਨ | ਸਿੱਟੇ ਵਜੋਂ ਪੰਜਾਬ ਦੇ ਅਰਬਾਂ ਰੁਪਇਆਂ ਦਾ ਦਰਿਆ ਵਿਦੇਸ਼ੀ ਮੁਲਕਾਂ ਵੱਲ ਵਹਿ ਰਿਹਾ ਹੈ | ਇੱਥੇ ਪੰਜਾਬ ਦੀ ਅਰਥਵਿਵਸਥਾ ਨੂੰ ਸੱਟ ਵੱਜਣੀ ਸੁਭਾਵਿਕ ਹੈ |
ਧਰਤੀ ਹੇਠਲੇ ਪਾਣੀ ਦੀ ਲਗਾਤਾਰ ਅਤੇ ਬੇਤਰਤੀਬੀ ਵਰਤੋਂ ਸਦਕਾ ਪੰਜਾਬ ਹੇਠਲੀ ਧਰਤੀ 'ਚ ਸਿਰਫ਼ ਅਗਲੇ ਦੋ ਦਹਾਕਿਆਂ ਲਈ ਪਾਣੀ ਬਚਿਆ ਹੈ | ਜੇਕਰ ਤੁਰਤ ਪਾਣੀ ਬਚਾਉਣ ਦੇ ਜਤਨ ਨਾ ਆਰੰਭੇ ਗਏ ਤਾਂ ਪ੍ਰਵਾਸ ਮਜਬੂਰੀ ਬਣ ਜਾਵੇਗੀ | ਪੰਜਾਬ ਅੰਦਰ ਵੱਧਦੀਆਂ ਖ਼ੁਦਕੁਸ਼ੀਆਂ ਅਤੇ ਸੜਕਾਂ 'ਤੇ ਡਾਂਗਾਂ ਖਾਂਦੇ ਬੇਰੁਜ਼ਗਾਰ ਇਸੇ ਪਾਸੇ ਵੱਲ ਇਸ਼ਾਰਾ ਕਰ ਰਹੇ ਹਨ | ਲੱਖਾਂ ਕਿਸਾਨ ਖੇਤੀ ਦਾ ਕੰਮ ਛੱਡਣ ਲਈ ਮਜਬੂਰ ਹੋ ਚੁੱਕੇ ਹਨ | ਇਨ੍ਹਾਂ ਸਿਰ ਚੜ੍ਹੇ ਕਰਜ਼ੇ ਕਦੇ ਵੀ ਘਟੇ ਨਹੀਂ |
ਕੀ ਕਹਿਣਾ ਹੈ ਸਮਾਜ ਸੇਵਕਾਂ ਦਾ : ਸਮਾਜ ਸੇਵਕ ਡਾ. ਮਨਜੀਤ ਸਿੰਘ ਢਿੱਲੋਂ, ਡਾ. ਪ੍ਰੀਤਮ ਸਿੰਘ ਛੌਕਰ, ਪੱਪੂ ਲਹੌਰੀਆ, ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ, ਸੁਰਿੰਦਰ ਸਿੰਘ ਸਦਿਉੜਾ, ਡਾ ਰਵਿੰਦਰਪਾਲ ਕੌਛੜ, ਅਸ਼ੋਕ ਸੇਠੀ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਸੁਰਜੀਤ ਸਿੰਘ ਘੁਲਿਆਣੀ, ਰਜਿੰਦਰ ਸਿੰਘ ਪੱਪੂ, ਵਿਜੈ ਕੁਮਾਰ ਟੀਟੂ ਛਾਬੜਾ, ਮਨਜੀਤ ਸਿੰਘ ਲਵਲੀ, ਠੇਕੇਦਾਰ ਪੇ੍ਰਮ ਮੈਣੀ, ਬਿੱਟਾ ਠੇਕੇਦਾਰ ਆਦਿ ਨੇ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਹੁਣ ਪੰਜਾਬ ਉਦਾਸ ਹੈ, ਹਾਸੇ ਦੀਆਂ ਕਿਲਕਾਰੀਆਂ ਕਿਧਰੇ ਨਹੀਂ ਵੱਜਦੀਆਂ, ਸਗੋਂ ਨਸ਼ਿਆਂ ਦੀ ਮਾਰ ਕਰ ਕੇ ਘਰ-ਘਰ ਸੱਥਰ ਵਿੱਛ ਰਹੇ ਹਨ ਤੇ ਵੈਣ ਪੈ ਰਹੇ ਹਨ, ਲੋਕ ਸੁਰੱਖਿਅਤ ਵੀ ਨਹੀਂ ਹਨ ਤੇ ਮਾੜੀਆਂ ਖਾਦ ਖ਼ੁਰਾਕਾਂ ਕਰ ਕੇ ਪੰਜਾਬ ਭਿਆਨਕ ਬਿਮਾਰੀਆਂ 'ਚ ਜਕੜਿਆ ਹੋਇਆ ਹੈ | ਅੱਜ ਲੋੜ ਹੈ ਪੰਜਾਬ 'ਚੋਂ ਨਸ਼ਿਆਂ ਨੂੰ ਖ਼ਤਮ ਕਰਨ ਦੀ, ਬੇਰੁਜ਼ਗਾਰੀ ਘਟਾਉਣ, ਮਹਿੰਗਾਈ ਘਟਾਉਣ, ਲੋਕਾਂ ਨੂੰ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਬਚਾਉਣ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਨੂੰ ਰੋਕਣ ਦੀ |