
ਕੋਰੋਨਾ ਯੋਧਿਆਂ ਨੂੰ ਕੋਵਾਸ਼ੀਲਡ ਵੈਕਸੀਨੇਸ਼ਨ ਲਗਵਾਉਣ ਲਈ ਕੀਤਾ ਪ੍ਰੇਰਿਤ
ਮੂਨਕ, 12 ਫਰਵਰੀ (ਪ੍ਰਕਾਸ਼ ਭੂੰਦੜਭੈਣੀ) : ਮਿਸ਼ਨ ਫਤਿਹ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੰਜਾਬ ਭਰ ਅੰਦਰ ਕੋਵਿਡ-19 ਤੋੰ ਸੁਰੱਖਿਆ ਲਈ ਕੋਵੀਸ਼ੀਲਡ ਵੈਕਸੀਨ ਕੋਰੋਨਾ ਯੋਧਿਆਂ ਨੂੰ ਲਗਾਈ ਜਾ ਰਹੀ ਹੈ । ਇਸ ਦੇ ਚੱਲਦਿਆਂ ਹੀ ਸਿਵਲ ਸਰਜਨ ਸੰਗਰੂਰ ਡਾ ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਬਲਾਕ ਮੂਨਕ ਵਿਖੇ ਕੋਰੋਨਾ ਮਹਾਂਮਾਰੀ ਖ਼ਿਲਾਫ ਟੀਕਾਕਰਨ ਮੁਹਿੰਮ ਜਾਰੀ ਹੈ।ਇਸ ਮੁਹਿੰਮ ਤਹਿਤ ਕੋਰੋਨਾ ਖ਼ਿਲਾਫ਼ ਅਗਲੇ ਮੋਰਚੇ ’ਤੇ ਤਾਇਨਾਤ ਕਰਮੀਆਂ ਨੂੰ ’ਕੋਵੀਸ਼ੀਲਡ’ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਰਹੀ ਹੈ । ਨੋਡਲ ਅਫਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਕੋਵਾਸ਼ੀਲਡ ਵੈਕਸੀਨ ਲਗਵਾਉਣ ਲਈ ਫਰੰਟ ਲਾਈਨ ਵਰਕਰਾਂ ਨੂੰ ਪ੍ਰੇਰਿਤ ਕੀਤਾ ਗਿਆ। ਕੋਰੋਨਾ ਯੋਧਿਆਂ ਤੋਂ ਇਲਾਵਾ ਕੋਵੀਸ਼ੀਲਡ ਟੀਕਾਕਰਨ ਸਭ ਲਈ ਜਰੂਰੀ ਹੈ।ਉਨ੍ਹਾਂ ਦੱਸਿਆ ਕਿ ਟੀਕਾ ਲੱਗਣ ਤੋਂ ਬਾਅਦ ਵੀ ਨਾਗਰਿਕਾਂ ਨੂੰ ਸੁਚੇਤ ਰਹਿਣ ਅਤੇ ਕੋਰੋਨਾ ਤੋਂ ਬਚਾਅ ਲਈ ਸੁਰੂਆਤੀ ਇਹਤਿਆਤੀ ਕਦਮ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਜਰੂਰੀ ਹੈ। ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਵਾਲਿਆਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲਗਵਾਉਣਾ ਬਹੁਤ ਜ਼ਰੂਰੀ ਹੈ। ਇਹ ਟੀਕਾ 18 ਸਾਲ ਤੋਂ ਘੱਟ ਉਮਰ, ਗਰਭਵਤੀ ਔਰਤਾਂ, ਵੈਕਸੀਨ ’ਚ ਇਸਤੇਮਾਲ ਕਿਸੇ ਸਮੱਗਰੀ ਤੋਂ ਐਲਰਜੀ ਵਾਲੇ ਅਤੇ ਬਿਮਾਰ ਵਿਅਕਤੀ ਨੂੰ ਨਹੀਂ ਲਾਇਆ ਜਾ ਸਕਦਾ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਠੀਕ ਹੋਣ ਤੋਂ 4 ਤੋਂ 8 ਹਫ਼ਤੇ ਬਾਅਦ ਹੀ ਉਸ ਨੂੰ ਇਹ ਟੀਕਾ ਲਾਇਆ ਜਾ ਸਕਦਾ ਹੈ। ਜਿਸ ਬ੍ਰਾਂਡ ਦਾ ਟੀਕਾ ਪਹਿਲੀ ਵਾਰ ਲਗਾਇਆ ਜਾਵੇ, ਦੂਜੀ ਵਾਰ ਵੀ ਉਹੀ ਬ੍ਰਾਂਡ ਦਾ ਟੀਕਾ ਲੱਗੇਗਾ। ਸੀਨੀਅਰ ਮੈਡੀਕਲ ਅਫ਼ਸਰ ਡਾ ਭਗਵਾਨ ਸਿੰਘ ਨੇ ਹਾਜਰੀਨ ਨੂੰ ਸੰਬੋਧਨ ਕੀਤਾ।