
ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਉਹਨਾਂ ’ਤੇ ਤੰਜ਼ ਕੱਸਦਿਆਂ ਟਵੀਟ ਕੀਤਾ ਹੈ।
ਚੰਡੀਗੜ੍ਹ: ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਇਹਨੀਂ ਦਿਨੀਂ ਆਪਣੀ ਫਿਲਮ 'ਗਦਰ-2' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੇ ਚਲਦਿਆਂ ਵਿਰੋਧੀ ਧਿਰ ਨੇ ਆਪਣੇ ਹਲਕੇ ਤੋਂ ਗੈਰਹਾਜ਼ਰ ਰਹੇ ਸੰਨੀ ਦਿਓਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਉਹਨਾਂ ’ਤੇ ਤੰਜ਼ ਕੱਸਦਿਆਂ ਟਵੀਟ ਕੀਤਾ ਹੈ।
ਇਹ ਵੀ ਪੜ੍ਹੋ: MP ਗੁਰਜੀਤ ਔਜਲਾ ਨੇ ਸੰਸਦ ’ਚ ਚੁੱਕਿਆ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਦੀ ਮੁਰੰਮਤ ’ਚ ਦੇਰੀ ਦਾ ਮਸਲਾ
ਉਹਨਾਂ ਨੇ ਇਕ ਵੀਡੀਓ ਨੂੰ ਰੀਟਵੀਟ ਕਰਦਿਆਂ ਲਿਖਿਆ, “ਇਹ ਸੱਜਣ 4 ਮਿਲੀਅਨ ਆਬਾਦੀ (2 ਮਿਲੀਅਨ ਵੋਟਰਾਂ) ਵਾਲੀ ਗੁਰਦਾਸਪੁਰ ਲੋਕ ਸਭਾ ਸੀਟ ਦੀ ਨੁਮਾਇੰਦਗੀ ਕਰਦੇ ਹਨ। ਸ਼ਾਇਦ ਹੀ ਇਹਨਾਂ ਨੇ ਕਦੇ ਆਪਣੇ ਹਲਕੇ ਦਾ ਦੌਰਾ ਕਰਕੇ ਹਲਕਾ ਨਿਵਾਸੀਆਂ ਨਾਲ ਗੱਲਬਾਤ ਕੀਤੀ ਹੋਵੇ। ਪਿਛਲੇ ਸਾਲਾਂ ਦੌਰਾਨ ਇਹਨਾਂ ਵੱਲੋਂ ਲੋਕ ਸਭਾ ਵਿਚ ਇਕ ਵੀ ਸ਼ਬਦ ਨਹੀਂ ਬੋਲਿਆ ਗਿਆ। ਅਜੇ ਇਕ ਸਾਲ ਹੋਰ ਬਾਕੀ ਹੈ”। ਇਸ ਦੇ ਨਾਲ ਉਹਨਾਂ ਨੇ ਸੰਨੀ ਦਿਓਲ ਨੂੰ ਟੈਗ ਵੀ ਕੀਤਾ ਹੈ।
Sad-This Gentleman represents a Constituency of 4 million people (2 million voters)-Gurdaspur.
— Manish Tewari (@ManishTewari) February 12, 2023
I guess he has hardly ever visited his Constituency or properly had a conversation with his constituents. Perhaps has never said a word in Parliament.Still 1 year to go @iamsunnydeol https://t.co/zRaBzMoR4t
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਸੰਨੀ ਦਿਓਲ ਫਿਲਮ ਦੀ ਪ੍ਰਮੋਸ਼ਨ ਲਈ ਅਮੀਸ਼ਾ ਪਟੇਲ ਨਾਲ ਬਿੱਗ ਬੌਸ ਦੇ ਫਾਈਨਲ ਰਾਊਂਡ 'ਚ ਪਹੁੰਚੇ ਸਨ। ਉਹਨਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਹੋ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹ ਗੁਰਦਾਸਪੁਰ ਲੋਕ ਸਭਾ ਸੀਟ ਲਈ ਟ੍ਰੋਲ ਹੋਏ ਹਨ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਸੁਰਖੀਆਂ 'ਚ ਆ ਚੁੱਕੇ ਹਨ। ਪਿਛਲੇ ਸਾਲ ਅਕਤੂਬਰ ਵਿਚ ਲੋਕਾਂ ਨੇ ਬਾਜ਼ਾਰਾਂ ਵਿਚ ਉਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਲਗਾਏ ਸਨ।