
ਨਾਬਾਲਗ ਲੜਕੀ ਪਿਛਲੇ 4 ਮਹੀਨਿਆਂ ਤੋਂ ਲਾਪਤਾ
Jalandhar News: ਜਲੰਧਰ 'ਚ ਬੁੱਧਵਾਰ ਨੂੰ ਥਾਣਾ ਡਿਵੀਜ਼ਨ ਨੰਬਰ-8 ਦੇ ਬਾਹਰ ਇਕ ਪਰਵਾਰ ਨੇ ਹੰਗਾਮਾ ਕਰ ਦਿਤਾ। ਪਰਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਪਿਛਲੇ 4 ਮਹੀਨਿਆਂ ਤੋਂ ਲਾਪਤਾ ਹੈ, ਪਰ ਪੁਲਿਸ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਪਰਵਾਰ ਵਾਲਿਆਂ ਨੇ ਦਸਿਆ ਕਿ ਕੋਈ ਨੌਜਵਾਨ ਉਨ੍ਹਾਂ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਪਣੇ ਨਾਲ ਲੈ ਗਿਆ ਹੈ, ਜਿਸ ਦੀ ਪਹਿਚਾਣ ਵੀ ਪੁਲਿਸ ਨੂੰ ਦੱਸੀ ਗਈ ਪਰ ਫਿਰ ਵੀ ਪੁਲਿਸ ਨੇ ਕਾਰਵਾਈ ਨਹੀਂ ਕੀਤੀ।
ਪੀੜਤ ਨੇ ਦਸਿਆ ਕਿ ਉਸ ਦੇ ਪਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਵਾਰ ਨੇ ਕਮਿਸ਼ਨਰੇਟ ਪੁਲਿਸ ਕੋਲ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਉਥੋਂ ਉਸ ਨੂੰ ਥਾਣੇ ਭੇਜ ਦਿਤਾ ਗਿਆ। ਪਰਵਾਰ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ 15 ਸਾਲਾ ਧੀ ਨੂੰ ਬਠਿੰਡਾ ਦਾ 35 ਸਾਲਾ ਨੌਜਵਾਨ ਵਰਗਲਾ ਕੇ ਲੈ ਗਿਆ ਹੈ। ਸੋਸ਼ਲ ਮੀਡੀਆ 'ਤੇ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋਈ ਸੀ। ਹੁਣ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ।
ਪੀੜਤ ਪਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਾਬਾਲਗ ਧੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਉਸ ਦੀ ਲੜਕੀ ਪਿਛਲੇ ਚਾਰ ਮਹੀਨਿਆਂ ਤੋਂ ਘਰ ਨਹੀਂ ਆਈ। ਉਨ੍ਹਾਂ ਇਲਜ਼ਾਮ ਲਾਇਆ ਕਿ ਪੁਲਿਸ ਨੇ ਦੂਜੀ ਧਿਰ ਤੋਂ ਪੈਸੇ ਲਏ ਹਨ, ਜਿਸ ਕਾਰਨ ਪੁਲਿਸ ਇਨ੍ਹਾਂ ਵਿਰੁਧ ਕਾਰਵਾਈ ਨਹੀਂ ਕਰ ਰਹੀ। ਇਸ ਦੇ ਨਾਲ ਹੀ ਪੀੜਤਾ ਨੇ ਮਾਮਲੇ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਸੌਂਪ ਦਿਤੀ ਹੈ, ਜਿਸ 'ਚ ਨੌਜਵਾਨ ਪੀੜਤਾ 'ਤੇ ਰਾਜ਼ੀਨਾਮੇ ਲਈ ਦਬਾਅ ਪਾ ਰਿਹਾ ਹੈ।
(For more Punjabi news apart from Jalandhar girl missing News, stay tuned to Rozana Spokesman)