
ਦਰਸ਼ਨ ਸਿੰਘ ਸ਼ੰਕਰ ਹੋ ਸਕਦੈ ਕਾਂਗਰਸ ਵਿਚ ਸ਼ਾਮਲ
ਲੁਧਿਆਣਾ: ਲੋਕਸਭਾ ਚੋਣਾਂ ਸਿਰ 'ਤੇ ਹਨ ਅਤੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਅਜੇ ਲੁਧਿਆਣਾ ਸੰਸਦੀ ਹਲਕੇ ਤੋਂ ਅਪਣਾ ਉਮੀਦਵਾਰ ਨਹੀਂ ਐਲਾਨਿਆ, ਜਿਸ ਕਾਰਨ ਆਗੂ ਤੇ ਵਰਕਰ ਨਿਰਾਸ਼ ਹਨ। ਉੱਥੇ ਦੂਜੇ ਪਾਸੇ ਪਾਰਟੀ ਤੋਂ ਵੱਡੇ ਆਗੂਆਂ ਦਾ ਪਾਰਟੀ ਛੱਡਣਾ ਜਾਰੀ ਹੈ। ਸ਼ੁੱਕਰਵਾਰ ਨੂੰ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਪਾਰਟੀ ਨੂੰ ਅਲਵਿਦਾ ਕਹਿ ਦਿਤਾ।
ਕਿਆਸ ਲਗਾਏ ਜਾ ਰਹੇ ਹਨ ਕਿ ਉਹ ਕਾਂਗਰਸ ਵਿਚ ਸ਼ਾਮਲ ਹੋਣਗੇ। ਸ਼ਨਿਚਰਵਾਰ ਨੂੰ ਪਾਰਟੀ ਦੀ ਇਕ ਹੋਰ ਵਿਕਟ ਡਿੱਗ ਗਈ। 'ਆਪ' ਪੰਜਾਬ ਦੇ ਬੁਲਾਰੇ ਦਰਸ਼ਨ ਸਿੰਘ ਸ਼ੰਕਰ ਨੇ ਸ਼ਨਿਚਰਵਾਰ ਸਵੇਰੇ ਪਾਰਟੀ ਦੇ ਸਾਰੇ ਅਹੁਦਿਆਂ ਸਮੇਤ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿਤਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਪਾਰਟੀ ਆਗੂਆਂ ਦੀ ਆਪਸੀ ਖਹਿਬਾਜ਼ੀ, ਰਾਜਸੀ ਸਮਝ ਦੀ ਘਾਟ ਅਤੇ ਸੂਬੇ ਅੰਦਰ ਮਜ਼ਬੂਤ ਜਥੇਬੰਦਕ ਢਾਂਚਾ ਖੜ੍ਹਾ ਕਰਨ 'ਚ ਨਾਕਾਮ ਰਹਿਣ ਕਾਰਨ ਹਰ ਪੱਧਰ 'ਤੇ ਪਾਰਟੀ ਦਾ ਅਕਸਾ ਧੁੰਦਲਾ ਹੋਇਆ ਹੈ।
ਬਾਗ਼ੀ ਵਿਧਾਇਕਾਂ ਅਤੇ ਆਗੂਆਂ ਵਲੋਂ ਪਾਰਟੀ ਵਿਰੁਧ ਬਗ਼ਾਵਤ ਦਾ ਮੋਰਚਾ ਖੋਲ੍ਹ ਕੇ ਸ਼ਰੇਆਮ ਪਾਰਟੀ ਨੂੰ ਵੰਗਾਰਿਆ ਜਾ ਰਿਹਾ ਹੈ ਅਤੇ ਪਾਰਟੀ ਸਿਰਫ਼ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਨੇਤਾ ਦਾ ਦਰਜਾ ਬਚਾਉਣ ਲਈ ਮੂਕ ਦਰਸ਼ਕ ਬਣੀ ਹੋਈ ਹੈ। ਲੋਕਾਂ ਅੰਦਰ ਪਾਰਟੀ ਮਜ਼ਾਕ ਦਾ ਵਿਸ਼ਾ ਬਣ ਕੇ ਰਹਿ ਗਈ ਹੈ। ਦੇਸ਼ ਅੰਦਰ ਭ੍ਰਿਸ਼ਟ ਪ੍ਰਸ਼ਾਸਨਿਕ ਪ੍ਰਬੰਧਾਂ ਵਿਰੁਧ ਅਰਵਿੰਦ ਕੇਜਰੀਵਾਲ ਵਲੋਂ ਸ਼ੁਰੂ ਕੀਤੀ ਬਦਲਾਅ ਦੀ ਲਹਿਰ ਨੂੰ ਪੰਜਾਬ ਵਿਚ ਜਨਤਾ ਵਲੋਂ ਭਰਵਾਂ ਹੁੰਗਾਰਾ ਮਿਲਿਆ
ਅਤੇ ਅਨੇਕਾਂ ਨੌਜਵਾਨਾਂ ਨੇ ਇਸ ਵਿਚ ਵਡਮੁੱਲਾ ਯੋਗਦਾਨ ਪਾਇਆ ਜਿਨ੍ਹਾਂ ਦੇ ਪੱਲੇ ਸਿਰਫ਼ ਨਿਰਾਸ਼ਾ ਹੀ ਪਈ। ਬੇਸ਼ੱਕ ਦਿੱਲੀ ਅੰਦਰ 'ਆਪ' ਦੀ ਸਰਕਾਰ ਨੇ ਸ਼ਾਨਦਾਰ ਕੰਮ ਕੀਤੇ ਪਰ ਪੰਜਾਬ ਵਿਚ ਜਨਤਾ ਦੀਆਂ ਆਸਾਂ 'ਤੇ ਖਰੀ ਨਹੀਂ ਉਤਰ ਸਕੀ।