
ਰੈੱਡ, ਆਰੇਂਜ ਅਤੇ ਗ੍ਰੀਨ ਜ਼ੋਨ ਬਣਾਏ ਜਾ ਸਕਦੇ ਹਨ
ਨਵੀਂ ਦਿੱਲੀ, 12 ਅਪ੍ਰੈਲ: ਕੋਰੋਨਾ ਵਾਇਰਸ ਦੇ ਵਧ ਰਹੇ ਖ਼ਤਰੇ ਕਾਰਨ ਤਾਲਾਬੰਦੀ ਵਧਾਉਣ ਦੀ ਤਜਵੀਜ਼ 'ਤੇ ਕੇਂਦਰ ਸਰਕਾਰ ਦੇਸ਼ ਨੂੰ ਤਿੰਨ ਖ਼ਿੱਤਿਆਂ ਵਿਚ ਵੰਡ ਸਕਦੀ ਹੈ। ਸਰਕਾਰੀ ਸੂਤਰਾਂ ਨੇ ਦਸਆਿ ਕਿ ਕੇਂਦਰ ਸਰਕਾਰ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਦੇ ਆਧਾਰ 'ਤੇ ਦੇਸ਼ ਨੂੰ ਰੈੱਡ, ਆਰੇਂਜ ਅਤੇ ਗ੍ਰੀਨ ਜ਼ੋਨ ਵਿਚ ਵੰਡਣ ਬਾਰੇ ਵਿਚਾਰ ਕਰ ਰਹੀ ਹੈ। ਇਸ ਤਰ੍ਹਾਂ ਦੇਸ਼ ਨੂੰ ਖ਼ਿੱਤਿਆਂ ਵਿਚ ਵੰਡ ਕੇ ਕਈ ਥਾਈਂ ਛੋਟਾਂ ਦਿਤੀਆਂ ਜਾ ਸਕਦੀਆ ਹਨ।
ਮੌਜੂਦਾ ਤਾਲਾਬੰਦੀ ਦੀ ਮਿਆਦ 14 ਅਪ੍ਰੈਲ ਨੂੰ ਖ਼ਤਮ ਹੋ ਰਹੀ ਹੈ ਅਤੇ ਕਈ ਰਾਜਾਂ ਨੇ ਤਾਲਾਬੰਦੀ ਵਧਾਉਣ ਦੀ ਮੰਗ ਕੀਤੀ ਹੈ। ਪੰਜਾਬ ਅਤੇ ਉੜੀਸਾ ਅਜਿਹੇ ਦੋ ਰਾਜ ਹਨ ਜਿਥੇ ਕਰਫ਼ੀਊ ਅਤੇ ਲਾਕਡਾਊਨ ਪਹਿਲਾਂ ਹੀ ਇਕ ਮਈ ਤਕ ਵਧਾਇਆ ਜਾ ਚੁੱਕਾ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਥੇ ਸੱਭ ਤੋਂ ਜ਼ਿਆਦਾ ਮਾਮਲੇ ਆਏ ਹਨ, ਉਸ ਇਲਾਕੇ ਨੂੰ ਰੈੱਡ ਜ਼ੋਨ ਵਿਚ ਰਖਿਆ ਜਾਵੇਗਾ। ਰੈਡ ਜ਼ੋਨ ਵਿਚ ਪੂਰੀ ਤਰ੍ਹਾਂ ਲਾਕਡਾਊਨ ਹੋਵੇਗਾ।
ਇਸ ਇਲਾਕੇ ਵਿਚ ਲੋਕ ਨਾ ਤਾਂ ਬਾਹਰ ਜਾ ਸਕਣਗੇ ਅਤੇ ਨਾ ਹੀ ਬਾਹਰੋਂ ਕੋਈ ਅੰਦਰ ਆ ਸਕੇਗਾ। ਆਰੇਂਜ ਜ਼ੋਨ ਵਿਚ ਉਹ ਇਲਾਕੇ ਜਾਂ ਜ਼ਿਲ੍ਹੇ ਆਉਣਗੇ ਜਿਥੇ ਕੋਰੋਨਾ ਵਾਇਰਸ ਦੇ ਕਾਫ਼ੀ ਘੱਟ ਮਾਮਲੇ ਸਾਹਮਣੇ ਆਏ ਹਨ ਅਤੇ ਪਾਜ਼ੇਟਿਵ ਮਾਮਲਿਆਂ ਵਿਚ ਕੋਈ ਵਾਧਾ ਨਹੀਂ ਹੋਇਆ। ਆਰੇਂਜ ਜ਼ੋਨ ਵਾਲੇ ਇਲਾਕਿਆਂ ਵਿਚ ਫ਼ਸਲਾਂ ਦੀ ਵਾਢੀ ਅਤੇ ਸੀਮਤ ਪਬਲਿਕ ਟਰਾਂਸਪੋਰਟ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ।
ਗ੍ਰੀਨ ਜ਼ੋਨ ਵਿਚ ਉਨ੍ਹਾਂ ਇਲਾਕਿਆਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਥੇ ਕੋਰੋਨਾ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਇਸ ਜ਼ੋਨ ਵਿਚ ਕੁੱਝ ਛੋਟੇ ਉਦਯੋਗਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿਤੀ ਜਾ ਸਕਦੀ ਹੈ ਪਰ ਮੁਲਾਜ਼ਮਾਂ ਨੂੰ ਕੰਪਨੀ ਵਿਚ ਹੀ ਰਹਿਣ ਲਈ ਕਿਹਾ ਜਾ ਸਕਦਾ ਹੈ। ਮੁਲਾਜ਼ਮਾਂ ਨੂੰ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ ਲਈ ਵੀ ਕਿਹਾ ਜਾਵੇਗਾ। ਸਰਕਾਰ ਪਹਿਲਾਂ ਹੀ ਇਸ਼ਾਰਾ ਕਰ ਚੁੱਕੀ ਹੈ ਕਿ ਦੇਸ਼ ਨੂੰ ਪੂਰੀ ਤਰ੍ਹਾਂ ਲਾਕਡਾਊਨ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਨੇ ਐਤਵਾਰ ਨੂੰ ਫ਼ੈਸਲਾ ਕੀਤਾ ਕਿ ਰਾਜਧਾਨੀ ਨੂੰ ਕੀਟਾਣੂ ਮੁਕਤ ਕਰਨ ਵਾਸਤੇ ਕੀਟਨਾਸ਼ਕ ਦੀ ਸਪਰੇਅ ਕਰਨ ਲਈ ਰੈਡ ਜ਼ੋਨ ਅਤੇ ਆਰੇਂਜ ਜ਼ੋਨ ਵਿਚ ਵੰਡਿਆ ਜਾਵੇਗਾ। ਲਗਦਾ ਹੈ ਕਿ ਦਿੱਲੀ ਸਰਕਾਰ ਦੀ ਇਹੋ ਤਜਵੀਜ਼ ਦੇਸ਼ ਭਰ ਵਿਚ ਲਾਗੂ ਕਰਨ ਲਈ ਕੰਮ ਚੱਲ ਰਿਹਾ ਹੈ।