
ਖੰਨਾ 'ਚ ਚੋਣ ਰੈਲੀ ਦੌਰਾਨ 'ਚੌਕੀਦਾਰ ਚੋਰ ਹੈ' ਦੇ ਨਾਹਰੇ ਲੱਗੇ
ਖੰਨਾ : ਲੋਕ ਸਭਾ ਚੋਣਾਂ ਦੇ ਅੰਤਮ ਗੇੜ ਲਈ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ। ਅੱਜ ਫ਼ਤਿਹਗੜ੍ਹ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਅਮਰ ਸਿੰਘ ਦੇ ਹੱਕ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰੈਲੀ ਕਰਨ ਪੁੱਜੇ। ਇਸ ਮੌਕੇ ਖੰਨਾ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 1984 ਸਿੱਖ ਕਤਲੇਆਮ ਬਾਰੇ ਸੈਮ ਪਿਤਰੋਦਾ ਨੇ ਜੋ ਕੁਝ ਕਿਹਾ ਹੈ ਉਹ ਗਲਤ ਹੈ। ਉਨ੍ਹਾਂ ਨੂੰ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਸੈਮ ਨੂੰ ਖ਼ੁਦ ਫ਼ੋਨ ਕਰ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਅਜਿਹਾ ਬਿਆਨ ਦੇਣ 'ਤੇ ਸ਼ਰਮ ਆਉਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਸਿੱਖ ਕਤਲੇਆਮ ਬਾਰੇ ਕਾਂਗਰਸੀ ਆਗੂ ਸੈਮ ਪਿਤਰੋਦਾ ਨੇ ਪਿਛਲੇ ਦਿਨੀਂ ਇਕ ਵਿਵਾਦਤ ਬਿਆਨ ਦਿੱਤਾ ਸੀ। ਇਸ ਬਿਆਨ ਤੋਂ ਬਾਅਦ ਸਾਰੀਆਂ ਵਿਰੋਧੀ ਪਾਰਟੀਆਂ ਨੇ ਕਾਂਗਰਸ 'ਤੇ ਸ਼ਬਦੀ ਹਮਲੇ ਕਰ ਰਹੀਆਂ ਹਨ। ਅਜਿਹੇ 'ਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ 5 ਸਾਲ ਪਹਿਲਾਂ ਨਰਿੰਦਰ ਮੋਦੀ ਤਿੰਨ-ਚਾਰ ਵੱਡੇ-ਵੱਡੇ ਵਾਅਦੇ ਕਰ ਕੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਕਿਹਾ ਸੀ ਕਿ ਬੇਰੁਜ਼ਗਾਰੀ ਮਿਟਾ ਦਿਆਂਗਾ। ਹਰ ਸਾਲ 2 ਕਰੋੜ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਕਾਲਾ ਧਨ ਵਾਪਸ ਲਿਆ ਕੇ ਹਰੇਕ ਦੇ ਬੈਂਕ ਖਾਤੇ ਵਿਚ 15-15 ਲੱਖ ਰੁਪਏ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਨੋਟਬੰਦੀ ਨੇ ਕਾਲਾ ਧਨ ਤਾਂ ਕੀ ਲਿਆਉਣਾ ਸੀ, ਗ਼ਰੀਬਾਂ ਨੂੰ ਆਪਣੇ ਪੈਸਿਆਂ ਲਈ ਲਾਈਨਾਂ 'ਚ ਖੜ੍ਹੇ ਕਰ ਦਿੱਤਾ।
Rahul Gandhi
ਰਾਹੁਲ ਨੇ ਕਿਹਾ ਕਿ ਕਾਂਗਰਸ ਨੇ ਅਰਥਸ਼ਾਸਤਰੀਆਂ ਨੂੰ ਬੁਲਾ ਕੇ ਨਿਆਂ ਸਕੀਮ ਬਣਵਾਈ, ਜਿਸ ਨਾਲ ਪੰਜਾਬ ਦੇ ਛੋਟੇ ਵਪਾਰੀਆਂ, ਕਿਸਾਨਾਂ ਤੇ ਨੌਜਵਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਨਰਿੰਦਰ ਮੋਦੀ ਨੇ ਨੋਟਬੰਦੀ ਅਤੇ 'ਗੱਬਰ ਸਿੰਘ ਟੈਕਸ' (ਜੀਐਸਟੀ) ਵਰਗੇ ਦੋ ਖ਼ਤਰਨਾਕ ਕੰਮ ਕੀਤੇ। ਇਸ ਨਾਲ ਦੇਸ਼ ਦੀ ਖ਼ਰੀਦ ਸਮਰੱਥਾ ਘਟ ਗਈ ਅਤੇ ਸਾਰੇ ਵਪਾਰ ਚੌਪਟ ਹੋ ਗਏ। ਲੱਖਾਂ-ਕਰੋੜਾਂ ਨੌਜਵਾਨਾਂ ਨੂੰ ਨੋਟਬੰਦੀ ਅਤੇ ਜੀਐਸਟੀ ਨੇ ਬੇਰੁਜ਼ਗਾਰ ਕਰ ਦਿੱਤਾ। ਕਾਂਗਰਸ ਦੀ ਨਿਆਂ ਸਕੀਮ ਦਿੱਤੇ ਜਾਣ ਵਾਲੇ 72000 ਰੁਪਏ ਨਾਲ ਖ਼ਰੀਦ ਸਮਰੱਥਾ ਵਧੇਗੀ ਅਤੇ ਰੁਜ਼ਗਾਰ ਮਿਲੇਗਾ।
Rally Pic-2
ਕਰਜ਼ਾਈ ਕਿਸਾਨਾਂ ਨੂੰ ਜੇਲਾਂ 'ਚ ਨਹੀਂ ਡੱਕਿਆ ਜਾਵੇਗਾ :
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦਾ ਮਾਲਕ ਨਹੀਂ ਹੁੰਦਾ, ਸਗੋਂ ਕਿਸਾਨ, ਮਜ਼ਦੂਰ ਮਾਲਕ ਹੁੰਦੇ ਹਨ। ਪੰਜਾਬ ਹਰਿਤ ਕ੍ਰਾਂਤੀ ਦਾ ਕੇਂਦਰ ਰਿਹਾ ਪਰ ਕਰਜ਼ ਤੋਂ ਪ੍ਰੇਸ਼ਾਨ ਕਿਸਾਨ ਦਾ ਅੰਨਦਾਤਾ ਖ਼ੁਦਕੁਸ਼ੀ ਦੇ ਰਾਹ ਤੁਰਿਆ ਹੋਇਆ ਹੈ। ਵਿਦਿਆਰਥੀਆਂ, ਮਜ਼ਦੂਰਾਂ ਤੇ ਕਿਸਾਨਾਂ ਦਾ ਕਰਜ਼ ਮਾਫ਼ ਨਹੀਂ ਕੀਤਾ। ਜਦਕਿ ਜਿੱਥੇ ਵੀ ਯੂਪੀਏ ਦੀ ਸਰਕਾਰ ਬਣੀ ਕਰਜ਼ ਮਾਫ਼ ਕੀਤੇ ਗਏ। ਯੂਪੀਏ ਸਮੇਂ ਐਮਐਸਪੀ ਵਧਦੀ ਰਹਿੰਦੀ ਸੀ ਪਰ ਮੋਦੀ ਨੇ ਸਹੀ ਕੀਮਤ ਨਹੀਂ ਦਿੱਤੀ। 2019 ਦੀਆਂ ਚੋਣਾਂ ਤੋਂ ਬਾਅਦ ਦੇਸ਼ ਦਾ ਕੋਈ ਕਿਸਾਨ ਕਰਜ਼ ਨਾ ਵਾਪਸ ਕਰਨ 'ਤੇ ਜੇਲ 'ਚ ਨਹੀਂ ਡੱਕਿਆ ਜਾਵੇਗਾ।
Rally Pic-3
ਰੇਲਵੇ ਬਜਟ ਦੇ ਨਾਲ-ਨਾਲ ਕਿਸਾਨ ਬਜਟ ਵੀ ਪੇਸ਼ ਕਰੇਗੀ ਕਾਂਗਰਸ ਸਰਕਾਰ :
ਰਾਹੁਲ ਨੇ ਕਿਹਾ ਕਿ ਮੋਦੀ ਨੇ ਰੇਲਵੇ ਬਜਟ ਬੰਦ ਕੀਤਾ ਪਰ ਸਾਡੀ ਸਰਕਾਰ ਰੇਲਵੇ ਬਜਟ ਦੇ ਨਾਲ ਕਿਸਾਨ ਬਜਟ ਵੀ ਪੇਸ਼ ਕਰੇਗੀ ਜਿਸ ਬਾਰੇ ਪਹਿਲਾਂ ਹੀ ਦੱਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਡਾ. ਅਮਰ ਸਿੰਘ ਦਾ ਹੱਥ ਮਨਰੇਗਾ ਅਤੇ ਫੂਡ ਸਕਿਓਰਟੀ ਨੂੰ ਡਿਜ਼ਾਈਨ ਕਰਨ ਵਿਚ ਹੈ। ਉਨ੍ਹਾਂ ਕਿਹਾ ਕਿ 5 ਕਰੋੜ ਔਰਤਾਂ ਦੇ ਬੈਂਕ ਅਕਾਊਂਟ 'ਚ ਜਾਵੇਗਾ, ਮਰਦਾਂ ਦੇ ਨਹੀਂ। ਮਰਦਾਂ ਨੂੰ ਪੈਸੇ ਔਰਤਾਂ ਕੋਲੋਂ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਲਈ 22 ਲੱਖ ਅਹੁਦੇ ਖ਼ਾਲੀ ਹਨ ਜਿਹੜੇ ਇਕ ਸਾਲ ਦੇ ਅੰਦਰ ਭਰੇ ਜਾਣਗੇ। ਇਸ ਤੋਂ ਇਲਾਵਾ 10 ਲੱਖ ਨੌਜਵਾਨਾਂ ਨੂੰ ਪੰਚਾਇਤਾਂ 'ਚ ਨੌਕਰੀ ਮਿਲੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨੀ ਚੀਨ ਨਾਲ ਮੁਕਾਬਲਾ ਕਰਨਾ ਚਾਹੁੰਦੀ ਹੈ ਪਰ ਸਰਕਾਰੀ ਤੰਤਰ ਰੁਕਾਵਟ ਬਣਦਾ ਹੈ। ਜੇਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਛੋਟੇ ਵਪਾਰ ਲਈ ਤਿੰਨ ਸਾਲ ਦੀ ਇਜਾਜ਼ਤ ਨਹੀਂ ਲੈਣੀ ਪਵੇਗੀ।
Rally Pic-4
ਰੈਲੀ ਵਿਚ 'ਚੌਕੀਦਾਰ ਚੋਰ ਹੈ' ਦੇ ਨਾਹਰੇ ਲੱਗੇ :
ਰਾਹੁਲ ਨੇ ਰੈਲੀ ਵਿਚ 'ਚੌਕੀਦਾਰ ਚੋਰ ਹੈ' ਦੇ ਨਾਹਰੇ ਵੀ ਲਗਵਾਏ। ਉਨ੍ਹਾਂ ਕਿਹਾ ਕਿ ਹੁਣ ਮੋਦੀ ਭ੍ਰਿਸ਼ਟਾਚਾਰ ਤੇ ਰੁਜ਼ਗਾਰ 'ਤੇ ਗੱਲ ਨਹੀਂ ਕਰਦੇ। ਉਹ ਕਦੇ ਵੀ ਮੇਰੇ ਨਾਲ ਇਨ੍ਹਾਂ ਮੁੱਦਿਆਂ 'ਤੇ 15 ਮਿੰਟ ਬਹਿਸ ਕਰਨ। ਉਸ ਤੋਂ ਬਾਅਦ ਮੋਦੀ ਦੇਸ਼ ਨੂੰ ਆਪਣਾ ਚਿਹਰਾ ਵਿਖਾਉਣ ਲਾਇਕ ਨਹੀਂ ਰਹਿਣਗੇ।